-9.1 C
Toronto
Friday, January 16, 2026
spot_img
Homeਭਾਰਤਮੋਦੀ ਤਨਖਾਹਦਾਰਾਂ ਦੇ ਦੁਸ਼ਮਣ: ਰਾਹੁਲ

ਮੋਦੀ ਤਨਖਾਹਦਾਰਾਂ ਦੇ ਦੁਸ਼ਮਣ: ਰਾਹੁਲ

vbnਈਪੀਐਫ ‘ਤੇ ਲਾਏ ਕਰ ਨੂੰ ਵਾਪਸ ਲਏ ਸਰਕਾਰ, ਮੋਦੀ ਦੇ ਵਾਅਦੇ ਖੋਖਲੇ ਕਰਾਰ
ਬੋਰਘਾਟ (ਅਸਾਮ)/ਬਿਊਰੋ ਨਿਊਜ਼
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਇਆ ਕਿ ਉਹ ਕੁੱਝ ਚੋਣਵੇਂ ਸਨਅਤਕਾਰਾਂ ਤੇ ਕਾਲਾ ਧਨ ਰੱਖਣ ਵਾਲਿਆਂ ਦੇ ਹਿੱਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜਦ ਕਿ ਤਨਖਾਹਦਾਰਾਂ ਦੇ ਜੀਵਨ ਭਰ ਦੀ ਬੱਚਤ ਰਾਸ਼ੀ ‘ਤੇ ਟੈਕਸ ਲਗਾ ਰਹੇ ਹਨ। ਅਸਾਮ ਵਿੱਚ ਇਕ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਉਨ੍ਹਾਂ ‘ਤੇ ਕੀਤੇ ਜਾਂਦੇ ਨਿੱਜੀ ਹਮਲਿਆਂ ਦਾ ਕੋਈ ਅਸਰ ਨਹੀਂ ਹੁੰਦਾ।
ਉਨ੍ਹਾਂ ਨੇ ਈਪੀਐਫ ‘ਤੇ ਟੈਕਸ ਦੀ ਤਜਵੀਜ਼ ਵਾਪਸ ਲੈਣ ਤੱਕ ਸਰਕਾਰ ਉਪਰ ਦਬਾਅ ਬਣਾਈ ਰੱਖਣ ਦਾ ਸੰਕਲਪ ਲਿਆ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ ਹਾਲ ਹੀ ਦੌਰਾਨ ਬਜਟ ਵਿੱਚ ਫੇਅਰ ਐਂਡ ਲਵਲੀ ਯੋਜਨਾ ਵਿੱਚ ਚੋਰਾਂ ਨੂੰ ਕਾਲਾ ਧਨ ਸਫੇਦ ਕਰਨ ਦਾ ਮੌਕਾ ਦਿੱਤਾ ਹੈ ਪਰ ਇਮਾਨਦਾਰੀ ਨਾਲ ਤਨਖਾਹ ਕਮਾਉਣ ਵਾਲਿਆਂ ਦੀ ਜੀਵਨ ਭਰ ਦੀ ਜਮ੍ਹਾਂ ਪੂੰਜੀ ‘ਤੇ ਟੈਕਸ ਲਗਾ ਦਿੱਤਾ ਹੈ।
ਮੈਂ ਮੀਡੀਆ ਵਿੱਚ ਵੀ ਕਿਹਾ ਹੈ ਤੇ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਸੀ ਈਪੀਐਫ ‘ਤੇ ਟੈਕਸ ਨਹੀਂ ਲਗਾਇਆ ਜਾਣਾ ਚਾਹੀਦਾ ਪਰ ਸੰਸਦ ਵਿੱਚ ਆਪਣੇ ਇਕ ਘੰਟੇ ਦੇ ਭਾਸ਼ਨ ਵਿੱਚ ਪ੍ਰਧਾਨ ਮੰਤਰੀ ਨੇ ਇਸ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ।’ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਪਾਸੋਂ ਚਾਰ ਸੁਆਲ ਪੁੱਛੇ ਸਨ ਕਿ ਕਾਲਾ ਧਨ ਵਾਪਸ ਲਿਆਉਣ ਦੇ ਵਾਅਦੇ ਤੇ ਹਰ ਕਿਸੇ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਾਉਣ ਦਾ ਕੀ ਹੋਇਆ, ਰੋਹਿਤ ਵੇਮੁੱਲਾ ਦੀ ਆਤਮਹੱਤਿਆ, ਕਨ੍ਹੱਈਆ ਕੁਮਾਰ ਤੇ ਜੇਐਨਯੂ ਦਾ ਮੁੱਦਾ ਅਤੇ ਮੇਕ ਇਨ ਇੰਡੀਆ ਯੋਜਨਾ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕਿਥੇ ਗੁਆਚ ਗਏ। ਉਨ੍ਹਾਂ ਕਿਹਾ, ‘ਕੀ ਮੈਂ ਕੁੱਝ ਗਲਤ ਕਿਹਾ ਸੀ? ਕੀ ਮੈਂ ਕੁੱਝ ਵਿਅਕਤੀਗਤ ਕਿਹਾ ਸੀ? ਮੋਦੀ ਨੇ ਮੇਰੇ ਸੁਆਲਾਂ ਦਾ ਜੁਆਬ ਦੇਣ ਦੀ ਥਾਂ ਪੰਡਤ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਬਿਆਨ ਹੀ ਪੜ੍ਹ ਦਿੱਤੇ ਤੇ ਮੇਰੇ ‘ਤੇ ਹੀ ਨਿਸ਼ਾਨਾ ਸੇਧਿਆ।
ਪ੍ਰਧਾਨ ਮੰਤਰੀ ਦੀ ਕੁਰਸੀ ਕਾਫੀ ਸਨਮਾਨਜਨਕ ਹੁੰਦੀ ਹੈ ਤੇ ਉਨ੍ਹਾਂ ਨੂੰ ਨਿੱਜੀ ਹਮਲੇ ਨਹੀਂ ਸੀ ਕਰਨੇ ਚਾਹੀਦੇ। ਉਹ ਜੁਆਬ ਨਹੀਂ ਦਿੰਦੇ ਪਰ ਖੋਖਲੇ ਵਾਅਦੇ ਕਰਦੇ ਹਨ।’

RELATED ARTICLES
POPULAR POSTS