ਅਮਰੀਕਾ ਨੇ ਤਵਾਂਗ ਝੜਪ ਮਾਮਲੇ ’ਤੇ ਭਾਰਤ ਦੀ ਕੀਤੀ ਹਮਾਇਤ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਇੰਡੀਅਨ ਏਅਰਫੋਰਸ ਨੇ ਚੀਨ ਦੇ ਬਾਰਡਰ ਦੇ ਨਜ਼ਦੀਕ ਵੱਡੇ ਸੈਨਿਕ ਅਭਿਆਸ ਦੀ ਤਿਆਰੀ ਕਰ ਲਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 15 ਅਤੇ 16 ਦਸੰਬਰ ਨੂੰ ਚੀਨ ਦੀ ਸਰਹੱਦ ਨੇੜੇ ਭਾਰਤੀ ਹਵਾਈ ਫੌਜ ਵਲੋਂ ਯੁੱਧ ਅਭਿਆਸ ਕੀਤਾ ਜਾਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਅਭਿਆਸ ਦਾ ਤਵਾਂਗ ਸੈਕਟਰ ਵਿਚ ਭਾਰਤ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਨਾਲ ਕੋਈ ਸਬੰਧ ਨਹੀਂ ਹੈ। ਦੱਸਣਯੋਗ ਹੈ ਕਿ ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ਵਿਚ ਲੰਘੀ 9 ਦਸੰਬਰ ਨੂੰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਹੋ ਗਈ ਸੀ। ਇਸ ਝੜਪ ਦੌਰਾਨ ਭਾਰਤੀ ਸੈਨਿਕਾਂ ਨੇ ਚੀਨ ਦੇ ਫੌਜੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਇਸੇ ਦੌਰਾਨ ਅਮਰੀਕੀ ਰੱਖਿਆ ਮੰਤਰਾਲੇ ਦੇ ਪ੍ਰੈਸ ਸੈਕਟਰੀ ਪੈਟ ਰਾਈਡਰ ਨੇ ਕਿਹਾ ਕਿ ਚੀਨ ਉਕਸਾਉਣ ਦੀ ਕਾਰਵਾਈ ਕਰਦਾ ਹੈ। ਅਮਰੀਕਾ ਨੇ ਦੇਖਿਆ ਕਿ ਚੀਨ ਐਲ.ਏ.ਸੀ. ਦੇ ਨੇੜਲਿਆਂ ਖੇਤਰਾਂ ਵਿਚ ਆਪਣੀ ਫੌਜ ਤੈਨਾਤ ਕਰ ਰਿਹਾ ਹੈ ਅਤੇ ਮਿਲਿਟਰੀ ਇਨਫਰਾਸਟਰੱਕਚਰ ਬਣਾ ਰਿਹਾ ਹੈ। ਅਮਰੀਕਾ ਨੇ ਕਿਹਾ ਕਿ ਇਸ ਸਥਿਤੀ ਨੂੰ ਕੰਟਰੇਲ ਕਰਨ ਲਈ ਭਾਰਤ ਦੇ ਯਤਨਾਂ ਦਾ ਪੂਰਾ ਸਮਰਥਨ ਕਰਾਂਗੇ ਅਤੇ ਅਸੀਂ ਆਪਣੇ ਮਿੱਤਰ ਦੇਸ਼ਾਂ ਦੀ ਸੁਰੱਖਿਆ ਨਿਸ਼ਚਿਤ ਕਰਦੇ ਰਹਾਂਗੇ। ਇਸੇ ਦੌਰਾਨ ਵਾਈਟ ਹਾੳੂਸ ਦੇ ਪ੍ਰੈਸ ਸੈਕਟਰੀ ਕੈਰਾਈਨ ਜੀਨ ਪਿਅਰੇ ਨੇ ਕਿਹਾ ਕਿ ਅਮਰੀਕਾ ਨੇ ਇਸ ਮਾਮਲੇ ’ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਸਾਨੂੰ ਤਸੱਲੀ ਹੈ ਕਿ ਭਾਰਤ ਅਤੇ ਚੀਨ ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿਚ ਝੜਪ ਤੋਂ ਬਾਅਦ ਜਲਦ ਹੀ ਵੱਖ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਅਤੇ ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਚਰਚਾ ਕਰੇ।
Check Also
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 2 ਦਸੰਬਰ ਤੱਕ ਕੀਤੀ ਗਈ ਮੁਲਤਵੀ
ਕਾਂਗਰਸ ਸਣੇ ਸਮੂਹ ਵਿਰੋਧੀ ਧਿਰ ਨੇ ਗੌਤਮ ਅਡਾਨੀ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਨਵੀਂ …