ਚੀਨ ’ਚ ਇਸ ਸਾਲ ਸਤੰਬਰ ’ਚ ਹੋਣੀਆਂ ਸਨ ਏਸ਼ੀਆਈ ਖੇਡਾਂ
ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਸਾਲ ਸਤੰਬਰ ਮਹੀਨੇ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਅਗਲੇ ਸਾਲ ਯਾਨੀ 2023 ਤੱਕ ਮੁਲਤਵੀ ਕਰ ਦਿੱਤੀਆਂ ਹਨ। ਏਸ਼ੀਆਈ ਉਲੰਪਿਕ ਕਾਊਂਸਿਲ ਨੇ ਕਿਹਾ ਕਿ ਏਸ਼ੀਆਈ ਖੇਡਾਂ ਦੀਆਂ ਤਰੀਕਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਇਨ੍ਹਾਂ ਖੇਡਾਂ ਦਾ ਆਯੋਜਨ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਹਾਂਗਜ਼ੂ ਸਣੇ ਪੰਜ ਸ਼ਹਿਰਾਂ ਵਿਚ 10 ਤੋਂ 25 ਸਤੰਬਰ ਤੱਕ ਕੀਤਾ ਜਾਣਾ ਸੀ। ਓਲੰਪਿਕ ਕੌਂਸਲ ਆਫ ਏਸ਼ੀਆ ਦੇ ਕਾਰਜਕਾਰੀ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ ਹੈ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਕਾਰਨ ਇਹ ਖੇਡਾਂ ਮੁਲਤਵੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਖੇਡਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਅੱਜ ਸ਼ੁੱਕਰਵਾਰ ਨੂੰ ਤਾਸ਼ਕੰਦ ਵਿੱਚ ਓਸੀਏ ਕਾਰਜਕਾਰੀ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਚੀਨ ਵਿਚ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ 26 ਸ਼ਹਿਰਾਂ ਵਿਚ ਲੌਕਡਾਊਨ ਵੀ ਲਗਾ ਦਿੱਤਾ ਗਿਆ ਹੈੇ।