Breaking News
Home / ਪੰਜਾਬ / ਹਾਈਕੋਰਟ ਨੇ ਕੁਮਾਰ ਵਿਸ਼ਵਾਸ ਦੀ ਗ੍ਰਿਫ਼ਤਾਰੀ ‘ਤੇ ਲਗਾਈ ਰੋਕ

ਹਾਈਕੋਰਟ ਨੇ ਕੁਮਾਰ ਵਿਸ਼ਵਾਸ ਦੀ ਗ੍ਰਿਫ਼ਤਾਰੀ ‘ਤੇ ਲਗਾਈ ਰੋਕ

ਅਦਾਲਤ ਦੇ ਫੈਸਲੇ ਨਾਲ ਭਗਵੰਤ ਮਾਨ ਸਰਕਾਰ ਨੂੰ ਲੱਗਾ ਝਟਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਦੀ ਗ੍ਰਿਫ਼ਤਾਰੀ ਉਤੇ ਰੋਕ ਲਗਾ ਦਿੱਤੀ ਹੈ। ਅਦਾਲਤ ਦੇ ਇਸ ਹੁਕਮ ਨਾਲ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਵਿਸ਼ਵਾਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਭੜਕਾਊ ਬਿਆਨਬਾਜ਼ੀ ਕਰਨ ਦਾ ਆਰੋਪ ਲਾਇਆ ਗਿਆ ਸੀ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਸ ਖਿਲਾਫ ਦਰਜ ਕੇਸ ‘ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਕਰਕੇ ਦਰਜ ਕੀਤਾ ਗਿਆ ਹੈ ਤੇ ਸਿਆਸਤ ਤੋਂ ਪ੍ਰੇਰਿਤ ਹੈ।’ ਉਨ੍ਹਾਂ ਨਾਲ ਹੀ ਕਿਹਾ ਸੀ ਕਿ ਜਿਸ ਢੰਗ ਨਾਲ ਪੁਲਿਸ ਮਾਮਲੇ ਵਿਚ ਅੱਗੇ ਵੱਧ ਰਹੀ ਹੈ, ਸਪੱਸ਼ਟ ਹੈ ਕਿ ਉਹ ਪਟੀਸ਼ਨਕਰਤਾ ਦੀ ਆਜ਼ਾਦੀ ‘ਚ ਅੜਿੱਕਾ ਖੜ੍ਹਾ ਕਰ ਰਹੀ ਹੈ। ਪੰਜਾਬ ਪੁਲਿਸ ਨੇ 12 ਅਪਰੈਲ ਨੂੰ ਕੁਮਾਰ ਵਿਸ਼ਵਾਸ ਖਿਲਾਫ ਕੇਸ ਦਰਜ ਕੀਤਾ ਸੀ। ਵਿਸ਼ਵਾਸ ਦੇ ਵਕੀਲਾਂ ਨੇ ਦੱਸਿਆ ਕਿ ਅਦਾਲਤ ਨੇ ਗ੍ਰਿਫ਼ਤਾਰੀ ਉਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਆਉਣ ਦੇ ਮਹਿਜ਼ ਦੋ ਘੰਟਿਆਂ ਦੇ ਅੰਦਰ ਬਿਨਾਂ ਕਿਸੇ ਮੁੱਢਲੀ ਜਾਂਚ ਐਫਆਈਆਰ ਦਰਜ ਕਰ ਲਈ ਗਈ ਸੀ। ਸ਼ਿਕਾਇਤਕਰਤਾ ਨੇ ਆਰੋਪ ਲਾਇਆ ਸੀ ਕਿ ਵਿਸ਼ਵਾਸ ਦੀ ਭੜਕਾਊ ਬਿਆਨਬਾਜ਼ੀ ਕਾਰਨ ‘ਆਪ’ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੁਣਵਾਈ ਕਰ ਰਹੇ ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿਸ਼ਵਾਸ ਖਿਲਾਫ ਐਫਆਈਆਰ ‘ਰਾਜਨੀਤੀ ਤੋਂ ਪ੍ਰੇਰਿਤ ਸੀ।’ ਜਸਟਿਸ ਚਿਤਕਾਰਾ ਨੇ ਵਿਸ਼ਵਾਸ ਖਿਲਾਫ ਅਗਲੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ‘ਤੇ ਰੋਕ ਲਾ ਦਿੱਤੀ ਹੈ। ਅਗਲੀ ਸੁਣਵਾਈ ਲਈ 4 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨਾਲ ਵਾਪਰੀ ਘਟਨਾ ਕੁਮਾਰ ਵਿਸ਼ਵਾਸ ਦੀਆਂ ਟਿੱਪਣੀਆਂ ਤੋਂ 8 ਹਫ਼ਤਿਆਂ ਬਾਅਦ ਹੋਈ ਸੀ ਤੇ ਇਸ ਨੂੰ ਬਿਆਨਬਾਜ਼ੀ ਨਾਲ ਜੋੜਨਾ ਜਾਇਜ਼ ਨਹੀਂ ਜਾਪਦਾ। ਐਫਆਈਆਰ ਰੱਦ ਕਰਾਉਣ ਲਈ ਵਿਸ਼ਵਾਸ ਨੇ ਪਿਛਲੇ ਹਫ਼ਤੇ ਹਾਈਕੋਰਟ ਦਾ ਰੁਖ਼ ਕੀਤਾ ਸੀ। ਹਾਈਕੋਰਟ ਨੇ 27 ਅਪਰੈਲ ਨੂੰ ਪਟੀਸ਼ਨ ‘ਤੇ ਸੁਣਵਾਈ ਕੀਤੀ ਸੀ ਤੇ ਫ਼ੈਸਲਾ ਰਾਖ਼ਵਾਂ ਰੱਖ ਲਿਆ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਸ਼ਵਾਸ ਨੇ ਕੇਜਰੀਵਾਲ ਉਤੇ ‘ਕੁਝ ਸ਼ਰਾਰਤੀ ਤੇ ਸਮਾਜ-ਵਿਰੋਧੀ ਤੱਤਾਂ’ ਦੀ ਹਮਾਇਤ ਕਰਨ ਦਾ ਦੋਸ਼ ਲਾਇਆ ਸੀ। ਪੰਜਾਬ ਪੁਲਿਸ 20 ਅਪਰੈਲ ਨੂੰ ਸਾਬਕਾ ‘ਆਪ’ ਆਗੂ ਜੋ ਕਿ ਕਵੀ ਵੀ ਹਨ, ਦੇ ਗਾਜ਼ੀਆਬਾਦ ਸਥਿਤ ਘਰ ਗਈ ਸੀ। ਪੁਲਿਸ ਟੀਮ ਨੇ ਵਿਸ਼ਵਾਸ ਨੂੰ ਪੁੱਛਗਿੱਛ ਲਈ ਸੰਮਨ ਦਿੱਤੇ ਸਨ।
ਅਲਕਾ ਲਾਂਬਾ ਵੱਲੋਂ ਵੀ ਹਾਈਕੋਰਟ ‘ਚ ਪਟੀਸ਼ਨ
ਰੂਪਨਗਰ : ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਟਿੱਪਣੀਆਂ ਕਰਨ ਸਬੰਧੀ ਰੂਪਨਗਰ ਪੁਲਿਸ ਵੱਲੋਂ ਕਵੀ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਕੀਤੇ ਗਏ ਕੇਸ ਵਿੱਚ ਨਾਮਜ਼ਦ ਦਿੱਲੀ ਦੀ ਕਾਂਗਰਸੀ ਆਗੂ ਅਲਕਾ ਲਾਂਬਾ ਵੀ ਪੰਜਾਬ ਤੇ ਹਰਿਆਣਾ ਕੋਰਟ ਪੁੱਜ ਗਈ ਹੈ। ਰੂਪਨਗਰ ਪੁਲਿਸ ਨੇ 12 ਅਪਰੈਲ ਨੂੰ ਇੱਥੋਂ ਦੇ ਥਾਣਾ ਸਦਰ ਵਿੱਚ ਕਵੀ ਕੁਮਾਰ ਵਿਸ਼ਵਾਸ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਜਾਂਚ ਦੌਰਾਨ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਵੀ ਕੇਸ ਵਿੱਚ ਸ਼ਾਮਿਲ ਕਰ ਲਿਆ ਸੀ। ਦੋਵਾਂ ਨੂੰ ਥਾਣਾ ਸਦਰ ਰੂਪਨਗਰ ਵਿੱਚ 26 ਅਪਰੈਲ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਪੁਲਿਸ ਨੇ ਐਨ ਮੌਕੇ ‘ਤੇ ਪੇਸ਼ੀ ਦਾ ਸਮਾਂ ਬਦਲ ਕੇ 26 ਅਪਰੈਲ ਦੀ ਬਜਾਇ 27 ਅਪਰੈਲ ਕਰ ਦਿੱਤਾ ਸੀ। ਇਸ ਦੌਰਾਨ ਅਲਕਾ ਲਾਂਬਾ ਰੂਪਨਗਰ ਪੁਲਿਸ ਕੋਲ ਪੇਸ਼ ਹੋਈ ਸੀ।

Check Also

ਯੂਕੇ ਦੀ ਨਵੀਂ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਮਿਲੀ ਥਾਂ

ਖੇਡਾਂ ਅਤੇ ਸੱਭਿਆਚਾਰ ਦਾ ਮਿਲਿਆ ਵਿਭਾਗ ਚੰਡੀਗੜ੍ਹ/ਬਿਊਰੋ ਨਿਊਜ਼ : ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ …