ਇਤਿਹਾਸਕ ਬੇਰੀਆਂ ਨੂੰ ਹਰ ਵਰ੍ਹੇ ਲੱਗਦਾ ਹੈ ਭਰਵਾਂ ਫਲ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨੀਆਂ ਅਤੇ ਬਾਗਬਾਨੀ ਮਾਹਿਰਾਂ ਦੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਦਾ ਕੰਮ ਮੁਕੰਮਲ ਕਰ ਲਿਆ। ਮਾਹਿਰਾਂ ਦੀ ਇਹ ਟੀਮ ਇਨ੍ਹਾਂ ਬੇਰੀਆਂ ਨੂੰ ਛਾਂਗਣ ਤੇ ਲੋੜੀਂਦੀ ਦਵਾਈ ਦਾ ਛਿੜਕਾਅ ਕਰ ਰਹੀ ਸੀ। ઠਮਾਹਿਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸੁਝਾਅ ਵੀ ਦਿੱਤਾ ਕਿ ਦੁੱਖ ਭੰਜਨੀ ਬੇਰੀ ਦੇ ਤਣੇ ਨੂੰ ਫੈਲਣ ਲਈ ਹੋਰ ਥਾਂ ਦੀ ਲੋੜ ਹੈ। ਇਸ ਮੰਤਵ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਜ਼ਿਕਰਯੋਗ ਹੈ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਦੀਆਂ ਪੁਰਾਣੀਆਂ ਤਿੰਨ ਬੇਰੀਆਂ ਦੁਖ ਭੰਜਨੀ ਬੇਰ, ਬੇਰ ਬਾਬਾ ਬੁੱਢਾ ਜੀ ਅਤੇ ਲਾਚੀ ਬੇਰ ਸਥਿਤ ਹਨ। ਇਨ੍ਹਾਂ ਪੁਰਾਤਨ ਬੇਰੀਆਂ ਦੀ ਸਾਂਭ-ਸੰਭਾਲ ਲਈ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ ਬਾਗਬਾਨੀ ਮਾਹਿਰਾਂ ਦੀ ਟੀਮ ਵੱਲੋਂ ਪਿਛਲੇ 12 ਸਾਲਾਂ ਤੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸੰਭਾਲ ਸਦਕਾ ਇਨ੍ਹਾਂ ਬੇਰੀਆਂ ਨੂੰ ਹਰ ਵਰ੍ਹੇ ਭਰਵਾਂ ਫਲ ਲੱਗਦਾ ਆ ਰਿਹਾ ਹੈ। ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਲਈ ਆਈ ਟੀਮ ਵਿੱਚ ਡਾ. ਜਸਵਿੰਦਰ ਸਿੰਘ ਬਰਾੜ, ਡਾ. ਜਗਜੀਤ ਸਿੰਘ ਸਰਾਭਾ, ਡਾ. ਸੰਦੀਪ ਸਿੰਘ, ਡਾ. ਕਰਨਬੀਰ ਸਿੰਘ ਅਤੇ ਕਿਸਾਨ ਸਲਾਹ ਕੇਂਦਰ ਅੰਮ੍ਰਿਤਸਰ ਦੇ ਇੰਚਾਰਜ ਡਾ. ਐੱਨ.ਪੀ. ਸਿੰਘ ਸ਼ਾਮਲ ਸਨ। ਡਾ. ਐੱਨ.ਪੀ ਸਿੰਘ ਨੇ ਦੱਸਿਆ ਕਿ ਪਤਝੜ ਦੀ ਰੁੱਤ ਵਿੱਚ ਇਨ੍ਹਾਂ ਬੇਰੀਆਂ ਦੀ ਛੰਗਾਈ ਕੀਤੀ ਜਾਂਦੀ ਹੈ ਅਤੇ ਬੇਰੀਆਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਸਪਰੇਅ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਦੋ ਦਿਨ ਕੀਤੀ ਸਾਂਭ-ਸੰਭਾਲ ਸਦਕਾ ਜੂਨ-ਜੁਲਾਈ ਵਿੱਚ ਇਨ੍ਹਾਂ ਬੇਰੀਆਂ ਨੂੰ ਭਰਵਾਂ ਫਲ ਲੱਗਦਾ ਹੈ। ਮਾਹਿਰਾਂ ਦੀ ਟੀਮ ਨੇ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਅਤੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਬੇਰੀਆਂ ‘ਤੇ ਫੁੱਲਾਂ ਦੇ ਹਾਰ ਨਾ ਪਾਏ ਜਾਣ ਕਿਉਂਕਿ ਇਹ ਫੁੱਲ ਬੇਰੀਆਂ ਲਈ ਨੁਕਸਾਨਦੇਹ ਸਾਬਤ ਹੋ ਰਹੇ ਹਨ। ਇਨ੍ਹਾਂ ਫੁੱਲਾਂ ਰਾਹੀਂ ਮਿਲੀਬਗ ਨਾਂ ਦਾ ਕੀੜਾ ਬੇਰੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਡਾ. ਐੱਨ.ਪੀ. ਸਿੰਘ ਨੇ ਦੱਸਿਆ ਕਿ ਗੁਰਦੁਆਰਾ ਰਾਮਸਰ ਵਿੱਚ ਸਥਿਤ ਬੇਰੀ ਦੀ ਸੰਭਾਲ ਕੀਤੀ ਹੈ। ਇਸ ਬੇਰੀ ‘ਤੇ ਸਿਉਂਕ ਲੱਗੀ ਹੈ, ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …