ਕਾਨੂੰਨ ਅਧਿਕਾਰੀਆਂ ਦੀਆਂ ਨਿਯੁਕਤੀਆਂ ‘ਚ ਦਲਿਤਾਂ ਨੂੰ ਨਹੀਂ ਦਿੱਤੀ ਜਗ੍ਹਾ
ਜਲੰਧਰ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲਿਆਂ ਤੋਂ ਉਨ੍ਹਾਂ ਦੇ ਹੀ ਮੰਤਰੀ ਬੇਹੱਦ ਨਾਰਾਜ਼ ਹਨ। ਨਵਾਂ ਮੁੱਦਾ ਕਾਨੂੰਨ ਅਧਿਕਾਰੀਆਂ ਦੀ ਨਿਯੁਕਤੀ ਨੂੰ ਲੈ ਕੇ ਛਿੜ ਗਿਆ ਹੈ। ਪਿਛਲੇ ਦਿਨੀਂ ਸਰਕਾਰ ਨੇ 28 ਕਾਨੂੰਨ ਅਧਿਕਾਰੀਆਂ (ਲਾਅ ਆਫੀਸਰਜ਼) ਦੀ ਨਿਯੁਕਤੀ ਕੀਤੀ ਸੀ ਪਰ ਇਨ੍ਹਾਂ ਵਿਚੋਂ ਇਕ ਵੀ ਦਲਿਤ ਨਹੀਂ ਸੀ। 28 ਕਾਨੂੰਨ ਅਧਿਕਾਰੀਆਂ ਵਿਚੋਂ ਇਕ ਬੈਕਵਰਡ ਕਲਾਸ ‘ਚੋਂ ਤੇ ਬਾਕੀ ਜਨਰਲ ਕੈਟਾਗਰੀ ਤੋਂ ਹਨ।
ਇਸ ਤੋਂ ਪਹਿਲਾਂ ਕੈਬਨਿਟ ਵਿਸਥਾਰ ਵਿਚ ਵੀ ਕਿਸੇ ਦਲਿਤ ਨੇਤਾ ਨੂੰ ਨਾ ਲੈਣ ਦੇ ਕਾਰਨ ਸਰਕਾਰ ਤੋਂ ਕਈ ਵਿਧਾਇਕ ਨਾਰਾਜ਼ ਚੱਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ‘ਤੇ ਟੈਕਨੀਕਲ ਐਜੂਕੇਸ਼ਨ ਤੇ ਰੋਜ਼ਗਾਰ ਜੈਨਰੇਸ਼ਨ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਕਿਹਾ ਕਿ ਇਸ ਲਿਸਟ ਵਿਚ ਕੋਈ ਦਲਿਤ ਕਿਉਂ ਨਹੀਂ ਹੈ।
ਚੰਨੀ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਆਪਣੀ ਵਿਚਾਰਧਾਰਾ ਨੂੰ ਭੁੱਲ ਰਹੀ ਹੈ ਤਾਂ ਦੂਜੇ ਪਾਸੇ ਸਰਕਾਰ ਆਪਣੇ ਚੋਣ ਮੈਨੀਫੈਸਟੋ ਨੂੰ ਭੁੱਲ ਚੁੱਕੀ ਹੈ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰ ਸਰਕਾਰੀ ਨਿਯੁਕਤੀ ਵਿਚ 30 ਫੀਸਦੀ ਨਿਯੁਕਤੀਆਂ ਦਲਿਤਾਂ ਦੀਆਂ ਹੋਣਗੀਆਂ ਪਰ ਅਜੇ ਤੱਕ ਸਰਕਾਰ ਇਸ ਵਰਗ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਰਹੀ ਹੈ।
ઠਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਦਲਿਤਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ। ਕਾਂਗਰਸ ਪਾਰਟੀ ਦੇ ਵੀ ਜੋ 77 ਵਿਧਾਇਕ ਜਿੱਤ ਕੇ ਆਏ ਹਨ, ਉਨ੍ਹਾਂ ਵਿਚੋਂ 33 ਐੱਸ. ਸੀ. ਤੇ ਬੀ. ਸੀ. ਕਲਾਸ ‘ਚੋਂ ਹਨ।ઠਇਹ ਪੁੱਛਣ ‘ਤੇ ਕਿ ਕਾਨੂੰਨ ਅਧਿਕਾਰੀਆਂ ਦੀ ਨਿਯੁਕਤੀ ਵਿਚ ਦਲਿਤਾਂ ਦਾ ਹੋਣਾ ਕਿਉਂ ਜ਼ਰੂਰੀ ਹੈ, ਦਾ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ ਕਿ 85ਵੀਂ ਸੋਧ ਵਿਚ ਦਲਿਤਾਂ ਨੂੰ ਮਜ਼ਬੂਤੀ ਦੇਣ ਲਈ ਦਲਿਤਾਂ ਨੂੰ ਰਿਜ਼ਰਵੇਸ਼ਨ ਦੇਣ ਦੀ ਗੱਲ ਕਹੀ ਗਈ ਸੀ। ਚੰਨੀ ਨੇ ਕਾਨੂੰਨ ਅਧਿਕਾਰੀਆਂ ਦੀ ਨਿਯੁਕਤੀ ਵਿਚ ਕਿਸੇ ਦਲਿਤ ਨੂੰ ਨਾ ਲੈਣ ਦਾ ਮੁੱਦਾ ਵੀ ਹੁਣ ਰਾਹੁਲ ਗਾਂਧੀ ਕੋਲ ਉਠਾਉਣ ਦੀ ਗੱਲ ਕਹੀ ਹੈ।
ਵਾਲਮੀਕਿ ਬਰਾਦਰੀ ਵਿਚੋਂ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਵੀ ਕਿਹਾ ਹੈ ਕਿ ਕਿਸੇ ਦਲਿਤ ਨੂੰ ਕਾਨੂੰਨ ਅਧਿਕਾਰੀ ਦੀ ਲਿਸਟ ਵਿਚ ਜਗ੍ਹਾ ਨਾ ਦੇਣ ਦੀ ਗੱਲ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾਉਣਗੇ।ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪਿਛਲੇ ਸਾਲ ਜੂਨ ‘ਚ ਹੋਈ ਕੈਬਨਿਟ ਮੀਟਿੰਗ ‘ਚ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਦਲਿਤਾਂ ਨੂੰ ਹਰ ਨਿਯੁਕਤੀ ਵਿਚ ਲੋੜੀਂਦਾ ਸਨਮਾਨ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਅਜਿਹਾ ਨਹੀਂ ਹੋ ਸਕਿਆ।
ਸਿੱਧੂ ਨੇ ਵਿਰੋਧੀਆਂ ਨੂੰ ਕੀਤਾ ਚਿੱਤ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਰੋਧੀਆਂ ਦੇ ਆਰੋਪਾਂ ਦਾ ਜਵਾਬ ਦਿੰਦੇ ਹੋਏ ਅਜਿਹੀ ਗੁਗਲੀ ਸੁੱਟੀ ਕਿ ਸਭ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਵਿਰੋਧੀ ਆਰੋਪ ਲਗਾ ਰਹੇ ਸਨ ਕਿ ਸਿੱਧੂ ਨੇ ਆਪਣੀ ਪਤਨੀ ਨੂੰ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਅਤੇ ਬੇਟੇ ਨੂੰ ਅਸਿਸਟੈਂਟ ਐਡਵੋਕੇਟ ਜਨਰਲ ਦੇ ਅਹੁਦਿਆਂ ‘ਤੇ ਲਗਵਾਇਆ ਹੈ। ਇਨ੍ਹਾਂ ਆਰੋਪਾਂ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ, ਉਨ੍ਹਾਂ ਦੀ ਪਤਨੀ ਅਤੇ ਬੇਟੇ ਨੇ ਇਨ੍ਹਾਂ ਅਹੁਦਿਆਂ ‘ਤੇ ਜੁਆਇੰਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਅਹੁਦਿਆਂ ਦੇ ਲਈ ਸਰਕਾਰ ਵੱਲੋਂ ਪਹੁੰਚ ਕੀਤੀ ਗਈ ਸੀ ਪ੍ਰੰਤੂ ਉਹ ਖੁਦ ਇਨ੍ਹਾਂ ਅਹੁਦਿਆਂ ‘ਤੇ ਜੁਆਇੰਨ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਵਿਰੋਧੀਆਂ ਦੇ ਆਰੋਪਾਂ ਦਾ ਜਵਾਬ ਵੀ ਦੇ ਦਿੱਤਾ ਅਤੇ ਪਰਿਵਾਰ ਨੂੰ ਮਿਲੇ ਦੋ ਅਹੁਦੇ ਤਿਆਗ ਕੇ ਵਾਹ-ਵਾਹ ਖੱਟੀ ਅਤੇ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ।
ਦੋ ਭਾਜਪਾ ਆਗੂਆਂ ਦੇ ਪਰ ਕੁਤਰੇ
ਪੰਜਾਬ ਭਾਜਪਾ ਦੇ ਦੋ ਸੀਨੀਅਰ ਆਗੂਆਂ ਦੇ ਪਰ ਕੁਤਰਨੇ ਸ਼ੁਰੂ ਕਰ ਦਿੱਤੇ ਹਨ। ਇਥੋਂ ਤੱਕਿ ਇਨ੍ਹਾਂ ਦੋਵੇਂ ਆਗੂਆਂ ਨੂੰ ਇਸ ਸਖਤੀ ਦੇ ਚਲਦੇ ਆਪਣੇ ਬਿਆਨ ਵੀ ਵਾਪਸ ਲੈਣੇ ਪਏ। ਭਾਜਪਾ ਦੇ ਸੂਬਾ ਪ੍ਰਧਾਨ ਦੀ ਕੁਰਸੀ ‘ਤੇ ਆਉਂਦੇ ਹੀ ਸ਼ਵੇਤ ਮਲਿਕ ਨੇ ਇਨ੍ਹਾਂ ਆਗੂਆਂ ‘ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਦੋਵੇਂ ਆਗੂਆਂ ਤੋਂ ਭਾਜਪਾ ਦੇ ਸੂਬਾ ਬੁਲਾਰੇ ਦਾ ਅਹੁਦਾ ਵੀ ਖੋਹ ਲਿਆ ਗਿਆ ਹੈ। ਹੁਣ ਇਨ੍ਹਾਂ ਦੋਵਾਂ ‘ਤੇ ਸ਼ਿਕੰਜਾ ਪੂਰੀ ਤਰ੍ਹਾਂ ਕਸਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਨ੍ਹਾਂ ਦੋਵੇਂ ਆਗੂਆਂ ਦਾ ਪਾਰਟੀ ‘ਚ ਪੂਰਾ ਦਬਦਬਾ ਸੀ।
ਇਕ ਦੂਜੇ ਦੇ ਖਿਲਾਫ਼ ਕੱਢ ਰਹੇ ਨੇ ਰੰਜਿਸ਼
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਰਾਜਨੀਤਿਕ ਰੰਜਿਸ਼ ਤੋਂ ਜ਼ਿਆਦਾ ਨਿੱਜੀ ਰੰਜਿਸ਼ ਲਗਭਗ ਹਰ ਪ੍ਰੈਸ ਕਾਨਫਰੰਸ ‘ਚ ਨਜ਼ਰ ਆਉਂਦੀ ਹੈ। ਪ੍ਰੈਸ ਕਾਨਫਰੰਸ ‘ਚ ਜਿੱਥੇ ਸਿੱਧੂ ਅਤੇ ਮਨਪ੍ਰੀਤ ਬਾਦਲ ਵੱਲੋਂ ਬਾਦਲ ਪਰਿਵਾਰ ਦੇ ਮੈਂਬਰਾਂ ਦੀ ਨਕਲ ਉਤਾਰਦੇ ਹੋਏ ਮਜ਼ਾਕ ਉਡਾਇਆ ਜਾਂਦਾ ਹੈ, ਉਥੇ ਸੁਖਬੀਰ ਸਿੰਘ, ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿੱਧੂ ਅਤੇ ਮਨਪ੍ਰੀਤ ਬਾਦਲ ਦੇ ਪ੍ਰਤੀ ਨਿੱਜੀ ਰੰਜਿਸ਼ ਸਾਫ਼ ਨਜ਼ਰ ਆਉਂਦੀ ਹੈ। ਇਹ ਵੀ ਇਨ੍ਹਾਂ ਦੋਵਾਂ ਦੀ ਨਕਲ ਉਤਾਰਦੇ ਹੋਏ ਉਨ੍ਹਾਂ ਦਾ ਖੂਬ ਮਜ਼ਾਕ ਉਡਾਉਂਦੇ ਹਨ। ਅਜਿਹੇ ‘ਚ ਰਾਜਨੀਤਿਕ ਰੰਜਿਸ਼ ਨਿੱਜੀ ਰੰਜਿਸ਼ ਤੱਕ ਪਹੁੰਚ ਗਈ ਹੈ।
ਮੁੱਖ ਮੰਤਰੀ ਨੇ ਪੁੱਛਿਆ ਡਾਲਫਿਨ ਠੀਕ ਹੈ
ਬਿਆਸ ਦਰਿਆ ‘ਚ ਚੱਢਾ ਸ਼ੂਗਰ ਮਿਲ ਤੋਂ ਛੱਡਿਆ ਗਿਆ ਸ਼ੀਰਾ ਮਿਲਣ ਨਾਲ ਲੱਖਾਂ ਮੱਛੀਆਂ ਅਤੇ ਹੋਰ ਜਲ ਜੀਵਾਂ ਦੇ ਮਾਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਪਲਿਊਸ਼ਨ ਕੰਟਰੋਲ ਬੋਰਡ ਅਤੇ ਵਾਈਲਡ ਲਾਈਫ ਵਿਭਾਗ ਦੇ ਅਫ਼ਸਰਾਂ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਸ਼ੁਰੂ ਹੁੰਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫ਼ਸਰਾਂ ਨੂੰ ਸਭ ਤੋਂ ਪਹਿਲਾਂ ਇਹੀ ਸਵਾਲ ਪੁੱਛਿਆ ਕਿ ਡਾਲਫਿਨ ਠੀਕ ਹੈ? ਉਨ੍ਹਾਂ ਨੇ ਡਾਲਫਿਨ ਦਾ ਖਾਸ ਤੌਰ ‘ਤੇ ਧਿਆਨ ਰੱਖਣ ਲਈ ਕਿਹਾ ਕਿਉਂਕਿ ਪੂਰੇ ਦੇਸ਼ ‘ਚ ਸਿਰਫ ਬਿਆਸ ਦਰਿਆ ‘ਚ ਹੀ ਡਾਲਫਿਨ ਪਾਈ ਜਾਂਦੀ ਹੈ। ਬਿਆਸ ਦਰਿਆ ‘ਚ ਸ਼ੀਰਾ ਮਿਲਣ ਤੋਂ ਬਾਅਦ ਜਿੱਥੇ ਲੱਖਾਂ ਮੱਛੀਆਂ ਮਾਰੀਆਂ ਗਈਆਂ, ਉਥੇ ਡਾਲਫਿਨ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ। ਵਿਭਾਗ ਦੀ ਟੀਮ ਨੇ ਉਨ੍ਹਾਂ ਦੀ ਭਾਲ ਦੇ ਲਈ ਸਰਵੇ ਸ਼ੁਰੂ ਕੀਤਾ, ਇਸ ਦੌਰਾਨ ਕੁਝ ਡਾਲਫਿਨ ਟੀਮ ਨੂੰ ਨਜ਼ਰ ਆ ਗਈਆਂ ਸਨ ਪ੍ਰੰਤੂ ਉਨ੍ਹਾਂ ‘ਤੇ ਸ਼ੀਰੇ ਦਾ ਅਸਰ ਨਹੀਂ ਹੋਇਆ। ਅਜੇ ਕੁਝ ਡਾਲਫਿਨ ਦੇ ਬਾਰੇ ‘ਚ ਟੀਮ ਨੂੰ ਪਤਾ ਨਹੀਂ ਲੱਗ ਸਕਿਆ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …