ਸਮਰਾਲਾ ਤੋਂ ਕਾਂਗਰਸ ਨੇ ਰਾਜੇਵਾਲ ਦੇ ਮੁਕਾਬਲੇ ’ਚ ਰਾਜਾ ਗਿੱਲ ਨੂੰ ਚੋਣ ਮੈਦਾਨ ਉਤਾਰਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ 23 ਹੋਰ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸ ਸੂਚੀ ਦੇ ਜਾਰੀ ਹੁੰਦਿਆਂ ਹੀ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ’ਚ ਉਤਾਰੇ ਗਏ ਉਮੀਦਵਾਰਾਂ ਦੀ ਗਿਣਤੀ 109 ਹੋ ਗਈ ਹੈ। ਇਸ ਸੂਚੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਸਮਿਤ ਦਾ ਨਾਮ ਵੀ ਸ਼ਾਮਲ ਹੈ। ਸਮਿਤ ਨੂੰ ਮੌਜੂਦਾ ਵਿਧਾਇਕ ਸੁਰਜੀਤ ਧੀਮਾਨ ਦੀ ਜਗ੍ਹਾ ਅਮਰਗੜ੍ਹ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ੁਤਰਾਣਾ ਤੋਂ ਮੌਜੂਦਾ ਵਿਧਾਇਕ ਨਿਰਮਲ ਸਿੰਘ ਅਤੇ ਫਿਰੋਜ਼ਪੁਰ ਦਿਹਾਤੀ ਤੋਂ ਮੌਜੂਦਾ ਵਿਧਾਇਕ ਸਤਿਕਾਰ ਦੀ ਵੀ ਟਿਕਟ ਕੱਟੀ ਗਈ ਹੈ। ਜਦਕਿ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੀ ਆਪਣੇ ਜਵਾਈ ਬਿਕਰਮ ਸਿੰਘ ਬਾਜਵਾ ਨੂੰ ਸਾਹਨੇਵਾਲ ਤੋਂ ਟਿਕਟ ਦਿਵਾਉਣ ਵਿਚ ਕਾਮਯਾਬ ਹੋ ਗਏ ਹਨ। ਬੀਬੀ ਭੱਠਲ ਖੁਦ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਹਨ। ਉਧਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲਾ ਦੇ ਚੋਣ ਮੈਦਾਨ ਵਿਚ ਉਤਰਨ ਨਾਲ ਹੌਟ ਸੀਟ ਬਣੀ ਸਮਰਾਲਾ ਤੋਂ ਕਾਂਗਰਸ ਪਾਰਟੀ ਉਨ੍ਹਾਂ ਦੇ ਮੁਕਾਬਲੇ ਵਿਚ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਜਗ੍ਹਾ ਰਾਜਾ ਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਆਸ਼ੂ ਬੰਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ, ਬਟਾਲਾ ਤੋਂ ਅਸ਼ਵਨੀ ਸ਼ੇਖੜੀ, ਜਗਰਾਉਂ ਤੋਂ ਜਗਤਾਰ ਸਿੰਘ ਜੱਗਾ, ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ, ਬੰਗਾ ਤੋਂ ਤਰਲੋਚਨ ਸਿੰਘ ਸੂੰਢ, ਖਰੜ ਤੋਂ ਵਿਜੇਪਾਲ ਟਿੰਕੂ, ਗਿੱਲ ਤੋਂ ਕੁਲਦੀਪ ਸਿੰਘ ਵੈਦ, ਮੁਕਤਸਰ ਤੋਂ ਕਰਨ ਕੌਰ ਬਰਾੜ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ, ਸਰਦੂਲਗੜ੍ਹ ਤੋਂ ਬਿਕਰਮ ਸਿੰਘ ਮੋਫਰ, ਡੇਰਾਬਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਅਤੇ ਸ਼ੁਤਰਾਣਾ ਤੋਂ ਦਰਬਾਰਾ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।