24 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ
ਲੁਧਿਆਣਾ/ਬਿਊਰੋ ਨਿਊਜ਼
ਬੈਂਸ ਭਰਾਵਾਂ ਵੱਲੋਂ ਬਣਾਈ ਗਈ ਲੋਕ ਇਨਸਾਫ਼ ਪਾਰਟੀ ਦਾ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਹੋ ਸਕਿਆ। ਕਿਸੇ ਵੀ ਪਾਰਟੀ ਵੱਲੋਂ ਜ਼ਿਆਦਾ ਸੀਟਾਂ ਨਾ ਮਿਲਣ ਕਰਕੇ ਹੁਣ ਬੈਂਸ ਭਰਾ ਆਪਣੇ ਦਮ ’ਤੇ ਚੋਣ ਮੈਦਾਨ ਵਿਚ ਨਿੱਤਰੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੇ 24 ਵਿਧਾਨ ਸੀਟਾਂ ਤੋਂ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ। ਇਨ੍ਹਾਂ ਵਿਚੋਂ 7 ਸੀਟਾਂ ਇਕੱਲੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ ਜਿਨ੍ਹਾਂ ਵਿਚੋਂ ਸਿਮਰਜੀਤ ਸਿੰਘ ਬੈਂਸ ਆਤਮ ਨਗਰ ਤੋਂ ਅਤੇ ਬਲਵਿੰਦਰ ਬੈਂਸ ਲੁਧਿਆਣਾ ਸਾਊਥ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਵੱਲੋਂ ਲੁਧਿਆਣਾ ਉਤਰੀ ਤੋਂ ਰਣਧੀਰ ਸਿੰਘ ਸਿਵੀਆਂ, ਗਿੱਲ ਤੋਂ ਗਗਨਦੀਪ ਕੈਂਥ, ਲੁਧਿਆਣਾ ਪੂਰਬੀ ਤੋਂ ਗੁਰਜੋਧ ਸਿੰਘ, ਪਾਇਲ ਤੋਂ ਜਗਦੀਪ ਸਿੰਘ ਜੱਗੀ, ਸਾਹਨੇਵਾਲ ਤੋਂ ਗੁਰਮੀਤ ਸਿੰਘ ਮੁੰਡੀਆਂ, ਦਿੜ੍ਹਬਾ ਤੋਂ ਬਿੱਕਰ ਸਿੰਘ ਚੌਹਾਨ, ਸੰਗਰੂਰ ਤੋਂ ਹਰਪ੍ਰੀਤ ਸਿੰਘ, ਚੱਬੇਵਾਲ ਤੋਂ ਸੋਢੀ ਰਾਮ, ਟਾਂਡਾ ਤੋਂ ਰੋਹਿਤ ਕੁਮਾਰ, ਮਾਲੇਰਕੋਟਲਾ ਤੋਂ ਮੁਹੰਮਦ ਅਨਵਰ ਅਤੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਮਨਜੀਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਧਿਆਨ ਰਹੇ ਕਿ ਇਸ ਵਾਰ ਬੈਂਸ ਭਰਾਵਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਚਰਚਾ ਚਲਦੀ ਰਹੀ ਪ੍ਰੰਤੂ ਸੀਟਾਂ ਦੀ ਵੰਡ ਨੂੰ ਲੈ ਕੇ ਉਨ੍ਹਾਂ ਦੀ ਭਾਜਪਾ ਨਾਲ ਸਹਿਮਤੀ ਨਹੀਂ ਬਣ ਸਕੀ।