ਅੰਮ੍ਰਿਤਸਰ : ਉਤਰਾਖੰਡ ਦੇ ਜੋਸ਼ੀਮੱਠ ਵਿੱਚ ਜ਼ਮੀਨ ਧਸਣ ਦੀਆਂ ਘਟਨਾਵਾਂ ਦਾ ਪਰਛਾਵਾਂ ਇਸ ਵਾਰ ਬਦਰੀਨਾਥ ਧਾਮ ਅਤੇ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ‘ਤੇ ਵੀ ਪੈ ਸਕਦਾ ਹੈ। ਜੋਸ਼ੀਮੱਠ ਵਿੱਚ ਜ਼ਮੀਨ ਧਸਣ ਕਾਰਨ ਵੱਡੀ ਗਿਣਤੀ ‘ਚ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਪ੍ਰਭਾਵਤ ਹੋਈਆਂ ਹਨ। ਸਰਕਾਰ ਵੱਲੋਂ ਕੀਤੀ ਗਈ ਨਿਸ਼ਾਨਦੇਹੀ ਅਨੁਸਾਰ 800 ਤੋਂ ਵੱਧ ਇਮਾਰਤਾਂ ਦਾ ਵਜੂਦ ਖ਼ਤਰੇ ਵਿੱਚ ਹੈ, ਜਿਨ੍ਹਾਂ ‘ਚੋਂ ਲਗਪਗ 150 ਇਮਾਰਤਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਨੁਕਸਾਨੀਆਂ ਇਮਾਰਤਾਂ ਵਿੱਚ ਹੋਟਲ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਥਾਈਂ ਸੜਕਾਂ ‘ਚ ਵੀ ਵੱਡੀਆਂ ਤਰੇੜਾਂ ਆਈਆਂ ਹਨ। ਹਾਲਾਂਕਿ ਪ੍ਰਸ਼ਾਸਨ ਨੇ ਮਿੱਟੀ ਪਾ ਕੇ ਇਹ ਤਰੇੜਾਂ ਭਰ ਦਿੱਤੀਆਂ ਹਨ, ਪਰ ਨਿਤ ਦਿਨ ਧਸ ਰਹੀ ਜ਼ਮੀਨ ਕਾਰਨ ਆਉਣ ਵਾਲੇ ਦਿਨਾਂ ਵਿੱਚ ਸੜਕ ਮਾਰਗ ਬੰਦ ਹੋਣ ਦਾ ਖਦਸ਼ਾ ਵਧਦਾ ਜਾ ਰਿਹਾ ਹੈ। ਵੇਰਵਿਆਂ ਮੁਤਾਬਕ ਹੇਲੰਗ ਤੋਂ ਬਦਰੀ ਨਾਥ ਤੇ ਗੋਬਿੰਦ ਧਾਮ ਵਾਸਤੇ ਬਣ ਰਹੇ ਬਾਈਪਾਸ ਦਾ ਕੰਮ ਫਿਲਹਾਲ ਰੋਕ ਦਿੱਤਾ ਗਿਆ ਹੈ ਕਿਉਂਕਿ ਸਥਾਨਕ ਲੋਕਾਂ ਦਾ ਆਰੋਪ ਹੈ ਕਿ ਇਥੇ ਬਣ ਰਹੀ ਸੁਰੰਗ ਲਈ ਕੀਤੇ ਜਾ ਰਹੇ ਧਮਾਕਿਆਂ ਕਾਰਨ ਜੋਸ਼ੀਮੱਠ ਵਿੱਚ ਜ਼ਮੀਨ ਧੱਸ ਰਹੀ ਹੈ।
ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਬਦਰੀਨਾਥ ਧਾਮ ਜਾਣ ਵਾਲੇ ਯਾਤਰੀ ਜੋਸ਼ੀਮੱਠ ‘ਚੋਂ ਲੰਘ ਕੇ ਜਾਂਦੇ ਹਨ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਸੜਕ ਮਾਰਗ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਦੂਜੇ ਪਾਸੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਆਖਿਆ ਕਿ ਸਾਲਾਨਾ ਯਾਤਰਾ ਪ੍ਰਭਾਵਿਤ ਹੋਣ ਬਾਰੇ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਬਣ ਰਹੇ ਬਾਈਪਾਸ ਦਾ ਕੰਮ ਸਰਕਾਰ ਵੱਲੋਂ ਜਲਦੀ ਮੁਕੰਮਲ ਕਰਵਾਏ ਜਾਣ ਦੀ ਸੰਭਾਵਨਾ ਹੈ ਤੇ ਜੋਸ਼ੀਮੱਠ ਵਿੱਚ ਫਿਲਹਾਲ ਸਥਿਤੀ ਸਥਿਰ ਹੈ। ਗੁਰਦੁਆਰਾ ਜੋਸ਼ੀਮੱਠ ‘ਚ ਮੌਜੂਦ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਕਈ ਪਰਿਵਾਰਾਂ ਲਈ ਗੁਰਦੁਆਰੇ ਦੀ ਸਰਾਂ ਵਿੱਚ ਠਹਿਰਨ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਤੇ ਬਦਰੀਨਾਥ ਧਾਮ ਦੀ ਸਾਲਾਨਾ ਯਾਤਰਾ ਮਈ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ। ਬੀਤੇ ਸਾਲ ਦੋ ਲੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਤੇ 17 ਲੱਖ ਸ਼ਰਧਾਲੂ ਬਦਰੀਨਾਥ ਧਾਮ ਪਹੁੰਚੇ ਸਨ।
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …