Breaking News
Home / ਪੰਜਾਬ / ਪਿੰਡ ਭਸੌੜ ‘ਚ ਬੱਚਿਆਂ ਦੇ ਹੱਥ ਬੰਨ੍ਹ ਕੇ ਘੁਮਾਉਣ ਦਾ ਮਾਮਲਾ

ਪਿੰਡ ਭਸੌੜ ‘ਚ ਬੱਚਿਆਂ ਦੇ ਹੱਥ ਬੰਨ੍ਹ ਕੇ ਘੁਮਾਉਣ ਦਾ ਮਾਮਲਾ

ਸਰਪੰਚ ਸਣੇ ਚਾਰ ਖਿਲਾਫ ਕੇਸ ਦਰਜ
ਧੂਰੀ/ਬਿਊਰੋ ਨਿਊਜ਼ : ਧੂਰੀ ਨੇੜਲੇ ਪਿੰਡ ਭਸੌੜ ਵਿੱਚ ਦਲਿਤ ਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ਦੀਆਂ ਗਲੀਆਂ ਵਿੱਚ ਘੁਮਾਉਣ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ ਚਾਰ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਜੋਗਿੰਦਰ ਸਿੰਘ, ਗੁਰਮੀਤ ਸਿੰਘ ਅਤੇ ਮੁਹੰਮਦ ਦਾਊਦ ਅੰਸਾਰੀ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਪਿਛਲੇ ਦਿਨੀਂ ਖੇਡਦੇ-ਖੇਡਦੇ ਨਾਲ ਲੱਗਦੇ ਪਿੰਡ ਬਨਭੌਰੀ ਚਲੇ ਗਏ, ਜਿੱਥੇ ਉਨ੍ਹਾਂ ਨੇ ਕਿਸੇ ਸਮਾਧ ਤੋਂ 250/300 ਰੁਪਏ ਚੱਕ ਲਏ ਸਨ। ਬਾਅਦ ਵਿੱਚ ਇਨ੍ਹਾਂ ਨੂੰ ਬਨਭੌਰੀ ਦੇ ਲੋਕਾਂ ਨੇ ਕਾਬੂ ਕਰ ਲਿਆ। ਪਿੰਡ ਭਸੌੜ ਦੀ ਪੰਚਾਇਤ ਵੀ ਮੌਕੇ ‘ਤੇ ਪਹੁੰਚ ਗਈ।
ਇਸ ਮਗਰੋਂ ਭਸੌੜ ਦੇ ਸਰਪੰਚ ਅਤੇ ਪੰਚਾਇਤ ਨੇ ਬੱਚਿਆਂ ਦੇ ਹੱਥ ਬੰਨ੍ਹ ਕੇ ਇਨ੍ਹਾਂ ਨੂੰ ਬਨਭੌਰੀ ਤੋਂ ਭਸੌੜ ਤਕ ਚਾਰ ਕਿਲੋਮੀਟਰ ਪੈਦਲ ਤੋਰ ਕੇ ਲਿਆਂਦਾ ਅਤੇ ਰਸਤੇ ਵਿੱਚ ਕਥਿਤ ਤੌਰ ‘ਤੇ ਕੁੱਟਮਾਰ ਵੀ ਕੀਤੀ। ਫਿਰ ਪੰਚਾਇਤ ਨੇ ਇਨ੍ਹਾਂ ਨੂੰ 5000 ਰੁਪਏ ਜੁਰਮਾਨਾ ਲਾਇਆ ਅਤੇ ਪੈਸਿਆਂ ਦੀ ਰਸੀਦ ਮੰਗਣ ‘ਤੇ ਕਥਿਤ ਗਾਲੀ ਗਲੋਚ ਕੀਤਾ।
ਥਾਣਾ ਸਦਰ ਧੂਰੀ ਦੀ ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਸਰਪੰਚ ਗੁਰਨਾਮ ਸਿੰਘ, ਮਹਿੰਦਰ ਸਿੰਘ ਫੌਜੀ, ਸੁਨੀਲ ਬਾਂਸਲ ਅਤੇ ਹਰਜਿੰਦਰ ਰਾਜੂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਧੂਰੀ ਦੇ ਐੱਸਡੀਐੱਮ ਲਤੀਫ ਅਹਿਮਦ ਤੇ ਡੀਐੱਸਪੀ ਪਰਮਿੰਦਰ ਸਿੰਘ ਸੰਧੂ ਵੱਲੋਂ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸੰਗਰੂਰ ਦੇ ਡਾਇਰੈਕਟਰ ਨੂੰ ਪੱਤਰ ਰਾਹੀਂ ਪਿੰਡ ਭਸੌੜ ਦੀ ਪੰਚਾਇਤ ਨੂੰ ਤੁਰੰਤ ਮੁਅੱਤਲ ਕਰਨ ਦੀ ਹਦਾਇਤ ਕੀਤੀ ਹੈ।

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …