ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨੋਟਿਸ ਜਾਰੀ ਕਰਕੇ ਮਿਲੀ ਸ਼ਿਕਾਇਤ ’ਤੇ ਸਪੱਸ਼ਟੀਕਰਨ ਮੰਗਿਆ ਹੈ। ਜਦਕਿ ਬੀਬੀ ਜਗੀਰ ਕੌਰ ਨੂੰ 2018 ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੀ ਧੀ ਹਰਪ੍ਰੀਤ ਕੌਰ ਦੇ ਕਤਲ ਦੇ ਮਾਮਲੇ ਤੋਂ ਬਰੀ ਕਰ ਦਿੱਤਾ ਸੀ। ਹਾਲ ਹੀ ਵਿਚ ਭੇਜੇ ਗਏ ਨੋਟਿਸ ਵਿਚ ਸਰਵਉੱਚ ਸਿੱਖ ਸੰਸਥਾ ਨੇ 2000 ਵਿਚ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ ਮੌਤ ਦੇ ਸੰਬੰਧ ਵਿਚ ਦਰਜ ਹੋਏ ਕੇਸ ਸੰਬੰਧੀ ਸ਼ਿਕਾਇਤਕਰਤਾਵਾਂ ਵਲੋਂ ਲਾਏ ਗਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਇਸ ਸੰਬੰਧੀ ਜਗੀਰ ਕੌਰ ਨੇ ਕਿਹਾ ਕਿ ਇਹ ਵਿਰੋਧੀਆਂ ਦੀ ਚਾਲ ਹੈ, ਜੋ ਮੈਨੂੰ ਧਾਰਮਿਕ ਤੇ ਸਿਆਸੀ ਤੌਰ ’ਤੇ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਸ਼ਿਕਾਇਤ ਸਿਰਫ਼ ਐਸਜੀਪੀਸੀ ਚੋਣਾਂ ਤੋਂ ਪਹਿਲਾਂ ਕੀਤੀ ਗਈ ਹੈ ਤਾਂ ਕਿ ਮੈਂ ਉਨ੍ਹਾਂ ਨੂੰ ਚੁਣੌਤੀ ਨਾ ਦੇ ਸਕਾਂ ਪਰ ਉਹ ਇਨ੍ਹਾਂ ਵਿਚ ਕਾਮਯਾਬ ਨਹੀਂ ਹੋਣਗੇ।