ਬਾਹਰਲੇ ਦੀ ਬਜਾਏ ਸਿੱਖ ਚਿਹਰੇ ਨੂੰ ਸੌਂਪੀ ਸੂਬਾਈ ਮਾਮਲਿਆਂ ਦੀ ਕਮਾਨ
ਚੰਡੀਗੜ੍ਹ : ਦਿੱਲੀ ਦੇ ਤਿਲਕ ਨਗਰ ਤੋਂ ਜੇਤੂ ਜਰਨੈਲ ਸਿੰਘ, ਜਿਨ੍ਹਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾ ਕੇ ਭੇਜਿਆ ਜਾ ਰਿਹਾ ਹੈ। ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਨਵਜੋਤ ਸਿੰਘ ਸਿੱਧੂ ਨੂੰ ‘ਆਪ’ ਵਿਚ ਆਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਨੂੰ ਹਾਲੇ ਸੂਬੇ ਦੀ ਲੀਡਰਸ਼ਿਪ ਨਾਲ ਗੱਲ ਕਰਨੀ ਹੈ ਜਦਕਿ ਦੂਜੇ ਪਾਸੇ ਸੂਬੇ ਦੇ ਪ੍ਰਧਾਨ ਭਗਵੰਤ ਮਾਨ ਨੇ ਹੀ ਚਾਰ ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ‘ਚ ਚਿਹਰੇ ਦੀ ਕੋਈ ਅਹਿਮੀਅਤ ਨਹੀਂ ਹੈ। ਭਗਵੰਤ ਮਾਨ ਨੇ ਇਹ ਬਿਆਨ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ‘ਚ ਦਿੱਤਾ ਸੀ। ਜਰਨੈਲ ਸਿੰਘ ਦੇ ਇਸ ਬਿਆਨ ਨਾਲ ਸਥਾਨਕ ਲੀਡਰਸ਼ਿਪ ‘ਚ ਥਰਥੱਲੀ ਮਚ ਸਕਦੀ ਹੈ। ਭਗਵੰਤ ਮਾਨ ਬਾਰੇ ਪਹਿਲਾਂ ਹੀ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਤੋਂ ਵੱਡੇ ਕੱਦ ਦੇ ਆਗੂਆਂ ਨੂੰ ਟਿਕਣ ਨਹੀਂ ਦਿੰਦੇ, ਹੁਣ ਜਦਕਿ ਜਰਨੈਲ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ‘ਚ ਆਉਣ ਦਾ ਖੁੱਲ੍ਹਾ ਸੱਦਾ ਦੇ ਦਿੱਤਾ ਹੈ ਤਾਂ ਯਕੀਨੀ ਤੌਰ ‘ਤੇ ਪਾਰਟੀ ‘ਚ ਥਰਥੱਲੀ ਮਚਣੀ ਤੈਅ ਹੈ। ਇਸ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ, ਗੁਰਪ੍ਰੀਤ ਘੁੱਗੀ, ਐੱਚਐੱਸ ਫੂਲਕਾ, ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਵਰਗੇ ਆਗੂ ਪਾਰਟੀ ਤੋਂ ਵੱਖ ਹੋ ਗਏ। ਕੀ ਇਨ੍ਹਾਂ ਸਾਰੇ ਆਗੂਆਂ ਨੂੰ ਵੀ ਉਹ ਮੁੜ ਪਾਰਟੀ ‘ਚ ਲਿਆਉਣਗੇ?
ਜਰਨੈਲ ਸਿੰਘ ਨੂੰ ਮਨੀਸ਼ ਸਿਸੋਦੀਆ ਦੀ ਥਾਂ ਇੰਚਾਰਜ ਬਣਾ ਕੇ ਭੇਜਿਆ ਜਾ ਰਿਹਾ ਹੈ। ਇਹ ਅਜਿਹਾ ਮੌਕਾ ਹੈ ਜਦੋਂ ਠੀਕ ਦੋ ਸਾਲ ਬਾਅਦ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ। ਪਾਰਟੀ ਨੇ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਜਰਨੈਲ ਸਿੰਘ ਪੰਜਾਬ ‘ਚ ਆਪ ਦੇ ਝਾੜੂ ਦੇ ਖਿੱਲਰੇ ਤੀਲਿਆਂ ਨੂੰ ਇਕੱਠੇ ਕਰ ਸਕਣਗੇ ਜਾਂ ਫਿਰ ਨਵੇਂ ਤੀਲਿਆਂ ਨੂੰ ਲਿਆ ਕੇ ਨਵਾਂ ਝਾੜੂ ਤਿਆਰ ਕਰਨਗੇ।
ਜਰਨੈਲ ਸਿੰਘ ਪੰਜਾਬ ਦੀ ਲੀਡਰਸ਼ਿਪ ਨਾਲ ਗੱਲ ਕਰਨਗੇ ਤੇ ਉਹ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ‘ਚ ਲਿਆਉਣ ਦੀ ਕੋਸ਼ਿਸ਼ ਕਰਨਗੇ, ਇਸ ਦਾ ਸਿੱਧਾ ਮਤਲਬ ਹੈ ਕਿ ਪਾਰਟੀ ਹੁਣ ਨਵੇਂ ਚਿਹਰਿਆਂ ਨੂੰ ਹੀ ਅੱਗੇ ਕਰੇਗੀ। 2017 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਮਾਮਲਿਆਂ ਦਾ ਇੰਚਾਰਜ ਸੰਜੇ ਸਿੰਘ ਨੂੰ ਬਣਾਇਆ ਸੀ ਤੇ ਉਨ੍ਹਾਂ ਦੇ ਨਾਲ ਜਥੇਬੰਦੀ ਸਕੱਤਰ ਵਜੋਂ ਦੁਰਗੇਸ਼ ਪਾਠਕ ਕੰਮ ਕਰ ਰਹੇ ਸਨ। ਸੰਜੇ ਸਿੰਘ ਨੂੰ ਹਟਾਉਣ ਤੋਂ ਬਾਅਦ ਇਹ ਕਮਾਨ ਮਨੀਸ਼ ਸਿਸੋਦੀਆ ਨੂੰ ਸੌਂਪੀ ਗਈ। ਉਨ੍ਹਾਂ ਨਾਲ ਰਾਜੌਰੀ ਗਾਰਡਨ ਦੇ ਵਿਧਾਇਕ ਜਰਨੈਲ ਸਿੰਘ ਨੂੰ ਸਹਿ-ਇੰਚਾਰਜ ਬਣਾ ਕੇ ਭੇਜਿਆ ਗਿਆ ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ। ਜਰਨੈਲ ਸਿੰਘ ਨੂੰ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਚੋਣ ‘ਚ ਵੀ ਉਤਾਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਸੀਟ ਤੋਂ ਅਸਤੀਫ਼ਾ ਦੇਣਾ ਪਿਆ। ਉਹ ਚੋਣ ਬੁਰੀ ਤਰ੍ਹਾਂ ਹਾਰ ਗਏ।
ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਹਰ ਹਲਕੇ ਦੇ ਇੰਚਾਰਜ ਵਜੋਂ ਦਿੱਲੀ ਤੋਂ ਲਿਆਂਦੀ ਗਈ ਟੀਮ ਨੂੰ ਹੀ ਕਮਾਨ ਸੌਂਪੀ। ਸਥਾਨਕ ਲੀਡਰਸ਼ਿਪ ਨੂੰ ਉਨ੍ਹਾਂ ਅਧੀਨ ਕਰ ਦਿੱਤਾ। ਹਰ ਗੱਲ, ਨੀਤੀ ਸਾਰੇ ਉਨ੍ਹਾਂ ਜ਼ਰੀਏ ਹੀ ਬਣਦੀਆਂ ਸਨ। ਸਿਆਸੀ ਮਾਮਲਿਆਂ ਦੇ ਜਾਣਕਾਰ ਮਲਵਿੰਦਰ ਸਿੰਘ ਮਾਲੀ ਦਾ ਮੰਨਣਾ ਹੈ ਕਿ ਪੰਜਾਬੀ ਕਿਸੇ ਵੀ ਬਾਹਰੀ ਵਿਅਕਤੀ ਦੀ ਧੌਂਸ ਬਰਦਾਸ਼ਤ ਨਹੀਂ ਕਰਦੇ। ਇਸੇ ਕਾਰਨ ਉਨ੍ਹਾਂ ਦੀ ਕਦੇ ਵੀ ਦਿੱਲੀ ਦੇ ਹੁਕਮਰਾਨਾਂ ਨਾਲ ਨਹੀਂ ਬਣੀ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …