Breaking News
Home / ਹਫ਼ਤਾਵਾਰੀ ਫੇਰੀ / ਕੈਪਟਨ ਨੇ ਸਿੱਧੂ ਲਈ ਬੂਹੇ ਕੀਤੇ ਬੰਦ

ਕੈਪਟਨ ਨੇ ਸਿੱਧੂ ਲਈ ਬੂਹੇ ਕੀਤੇ ਬੰਦ

ਅਮਰਿੰਦਰ ਸਿੰਘ ਦਾ ਦਾਅਵਾ-ਨਵਜੋਤ ਸਿੱਧੂ ਉਪ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ‘ਚੋਂ ਮੰਗਦੇ ਸਨ ਇਕ ਅਹੁਦਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਕੈਪਟਨ ਨੇ ਸਿੱਧੂ ਨੂੰ ਦੋ ਟੁੱਕ ਸ਼ਬਦਾਂ ਵਿਚ ਕਿਹਾ ਕਿ ਸਿੱਧੂ ਲਈ ਉਹਨਾਂ ਦੇ ਬੂਹੇ ਹੁਣ ਪੂਰੀ ਤਰ੍ਹਾਂ ਬੰਦ ਹਨ। ਕੈਪਟਨ ਨੇ ਕਿਹਾ ਕਿ ਹੁਣ ਅੱਗੇ ਹਾਈਕਮਾਂਡ ਨੇ ਤੈਅ ਕਰਨਾ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਇਕ ਮੌਕਾਪ੍ਰਸਤ ਵਿਅਕਤੀ ਹੈ ਅਤੇ ਉਹ ਪਟਿਆਲਾ ਤੋਂ ਕੇਜਰੀਵਾਲ ਨਾਲ ਰਲ ਕੇ ਚੋਣ ਲੜਨ ਦੇ ਸੁਫਨੇ ਦੇਖ ਰਿਹਾ ਹੈ। ਅਮਰਿੰਦਰ ਨੇ ਕਿਹਾ ਕਿ ਸਿੱਧੂ ਦੀ ਮੰਤਰਾਲੇ ਤੋਂ ਇਸ ਕਰਕੇ ਛੁੱਟੀ ਕੀਤੀ ਗਈ ਸੀ ਕਿ ਉਸ ਕੋਲੋਂ ਸੱਤ-ਸੱਤ ਮਹੀਨੇ ਤੱਕ ਫਾਈਲਾਂ ਨਹੀਂ ਨਿਕਲਦੀਆਂ ਸਨ। ਕੈਪਟਨ ਨੇ ਕਿਹਾ ਕਿ ਸਿੱਧੂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਜਾਂ ਉਪ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦਾ ਹੈ ਪ੍ਰੰਤੂ ਇਹ ਸੰਭਵ ਨਹੀਂ ਹੈ ਕਿਉਂਕਿ ਉਸ ਤੋਂ ਕਈ ਸੀਨੀਅਰ ਆਗੂ ਪਾਰਟੀ ‘ਚ ਬੈਠੇ ਹਨ।
ਅਮਰਿੰਦਰ ਨੇ ਕਿਹਾ ਸਿੱਧੂ ਮੇਰੇ ਸਾਹਮਣੇ ਲੜੇ ਚੋਣ ਜ਼ਮਾਨਤ ਹੋਵੇਗੀ ਜ਼ਬਤ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਪਿਛਲੇ ਕਈ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਤੌਰ ‘ਤੇ ਘੇਰਦੇ ਆ ਰਹੇ ਹਨ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ‘ਤੇ ਲਗਾਤਾਰ ਸਿਆਸੀ ਹਮਲੇ ਕਰਦੇ ਹਨ, ਇਸਦਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ‘ਚ ਜਾਣਾ ਚਾਹੁੰਦੇ ਹਨ। ਕੈਪਟਨ ਨੇ ਕਿਹਾ ਕਿ ਸਿੱਧੂ ਜਿੱਥੇ ਜਾਣਾ ਚਾਹੁੰਦੇ ਹਨ ਜਾ ਸਕਦੇ ਹਨ। ਕੈਪਟਨ ਨੇ ਕਿਹਾ ਕਿ ਸਿੱਧੂ ਜੇਕਰ ਮੇਰੇ ਖਿਲਾਫ ਪਟਿਆਲਾ ਤੋਂ ਚੋਣ ਲੜੇਗਾ ਤਾਂ ਉਸਦਾ ਹਾਲ ਵੀ ਜਨਰਲ ਜੇ.ਜੇ. ਸਿੰਘ ਵਰਗਾ ਹੀ ਹੋਵੇਗਾ। ਧਿਆਨ ਰਹੇ ਕਿ ਜਨਰਲ ਜੇ.ਜੇ. ਸਿੰਘ ਨੇ 2017 ‘ਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਟਿਆਲਾ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਸੀ।
ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਨੇੜ ਭਵਿੱਖ ਵਿੱਚ ਉਨ੍ਹਾਂ ਦੋਵਾਂ ‘ਚ ਮੁੜ ਸੁਲ੍ਹਾ-ਸਫ਼ਾਈ ਦੇ ਆਸਾਰ ਨਹੀਂ ਜਾਪਦੇ ਹਨ। ਚੇਤੇ ਰਹੇ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੂੰ ਨੇੜੇ ਲਿਆਉਣ ਵਿੱਚ ਵੱਡੀ ਸਫ਼ਲਤਾ ਵੀ ਹਾਸਲ ਕਰ ਲਈ ਸੀ, ਪਰ ਬੇਅਦਬੀ ਮਾਮਲੇ ਵਿੱਚ ਸਿੱਧੂ ਵੱਲੋਂ ਕੈਪਟਨ ਨੂੰ ਸਿੱਧੇ ਤੌਰ ‘ਤੇ ਕਟਹਿਰੇ ਵਿੱਚ ਖੜ੍ਹੇ ਕੀਤੇ ਜਾਣ ਕਰ ਕੇ ਦੋਵਾਂ ਵਿਚ ਪਈ ਦਰਾਰ ਨੂੰ ਭਰਨਾ ਔਖਾ ਹੋ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਖ਼ੁਦ ਸਪਸ਼ਟ ਨਹੀਂ ਕਿ ਉਹ ਕਿੱਧਰ ਜਾਣਾ ਚਾਹੁੰਦਾ ਹੈ। ਸ਼ਾਇਦ ‘ਆਪ’ ਵੱਲ ਜਾਣ ਦੀ ਤਿਆਰੀ ਕਰ ਰਿਹਾ ਹੈ। ਨਵਜੋਤ ਸਿੱਧੂ ਜਿੰਨੀ ਜਲਦੀ ਜਾਣਾ ਚਾਹੁੰਦਾ ਹੈ, ਜਿੱਥੇ ਜਾਣਾ ਚਾਹੁੰਦਾ ਹੈ, ਜਾਵੇ।
ਅਮਰਿੰਦਰ ਨੇ ਸੁਆਲ ਉਠਾਇਆ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਕਿਉਂ ਬਣਾਇਆ ਜਾਵੇ, ਬਤੌਰ ਪ੍ਰਧਾਨ ਸੁਨੀਲ ਜਾਖੜ ਚੰਗਾ ਕੰਮ ਕਰ ਰਹੇ ਹਨ। ਕਾਂਗਰਸ ਦੇ ਕਿੰਨੇ ਮੰਤਰੀ ਨਵਜੋਤ ਸਿੱਧੂ ਨਾਲੋਂ ਸੀਨੀਅਰ ਹਨ। ਅਮਰਿੰਦਰ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਅਤੇ ਸੁਨੀਲ ਜਾਖੜ ਦਾ ਅਸਤੀਫ਼ਾ ਉਨ੍ਹਾਂ ਨਾਮਨਜ਼ੂਰ ਕਰ ਦਿੱਤਾ ਸੀ ਅਤੇ ਉਹ ਚੰਗਾ ਕੰਮ ਕਰ ਰਹੇ ਹਨ। ਅਮਰਿੰਦਰ ਤੇ ਨਵਜੋਤ ਸਿੱਧੂ ਦਰਮਿਆਨ ਹੁਣ ਸਿੱਧੀ ਲਕੀਰ ਖਿੱਚੀ ਗਈ ਹੈ।
ਨਵਜੋਤ ਸਿੱਧੂ ਦਾ ਟਵੀਟ
ਬੇਅਦਬੀ ਮਾਮਲੇ ਦਾ ਇਨਸਾਫ਼ਕਿਉਂ ਨਹੀਂ ਮਿਲਿਆ
ਨਵਜੋਤ ਸਿੱਧੂ ਨੇ ਆਪਣੇ ਟਵੀਟ ਵਿਚ ਕਿਹਾ ਕਿ ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਭ ਯਤਨ ਅਸਫਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਮੇਰੀ ਰੂਹ ਹੈ ਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਸਾਡੀ ਲੜਾਈ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਹੈ ਅਤੇ ਇਸ ਲੜਾਈ ਵਿਚ ਕਿਸੇ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ। ਸਿੱਧੂ ਨੇ ਆਪਣੇ ਇਕ ਹੋਰ ਟਵੀਟ ਵਿਚ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ ਤੁਸੀਂ ਇੱਧਰ-ਉੱਧਰ ਦੀਆਂ ਗੱਲਾਂ ਨਾ ਕਰੋ ਅਤੇ ਇਹ ਦੱਸੋ ਕਿ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਗਵਾਈ ‘ਤੇ ਸਵਾਲ ਹੈ। ਮਨਸ਼ਾ ‘ਤੇ ਬਵਾਲ ਹੈ।
ਕੈਪਟਨ ਆਪਣਾ ਸਰਵੇ ਵੀ ਕਰਵਾਉਣ : ਪਰਗਟ ਸਿੰਘ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹਾਕੀ ਖਿਡਾਰੀ ਉਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਿਆਸੀ ਹਮਲਾ ਕੀਤਾ ਹੈ। ਬੇਅਦਬੀ ਮਾਮਲਿਆਂ ‘ਤੇ ਵਿਧਾਇਕਾਂ ਦੀ ਨਬਜ਼ ਟੋਹਣ ਲਈ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਦੁਆਬੇ ਤੇ ਮਾਝੇ ਦੇ ਵਿਧਾਇਕਾਂ ਨਾਲ ਮੀਟਿੰਗ ਰੱਖੀ ਸੀ। ਪਰਗਟ ਸਿੰਘ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਆਪਣੀ ਸਰਕਾਰ ਦਾ ਸਰਵੇ ਕਰਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਮੁੱਖ ਮੰਤਰੀ ਆਪਣੀ ਹਰਮਨ ਪਿਆਰਤਾ ਬਾਰੇ ਸਰਵੇ ਕਰਵਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨਾਲ ਮੀਟਿੰਗ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਜਿਹੜੇ ਮੰਤਰੀਆਂ ਤੇ ਵਿਧਾਇਕਾਂ ਨੂੰ ਲੱਗ ਰਿਹਾ ਹੈ ਕਿ ਸਰਕਾਰ ਠੀਕ ਕੰਮ ਕਰ ਰਹੀ ਹੈ, ਉਹ ਸਰਕਾਰ ਦੀ ਖੁੱਲ੍ਹ ਕੇ ਪ੍ਰੋੜਤਾ ਕਰਨ। ਪਰਗਟ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ 2017 ਦੀਆਂ ਚੋਣਾਂ ਸਮੇਂ ਲੋਕਾਂ ਨੇ ਕਾਂਗਰਸ ‘ਤੇ ਨਹੀਂ ਬਲਕਿ ਕੈਪਟਲ ਅਮਰਿੰਦਰ ਸਿੰਘ ‘ਤੇ ਭਰੋਸਾ ਕੀਤਾ ਸੀ ਕਿਉਂਕਿ ਕੈਪਟਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵੀ ਸਿੱਧੂ ਸਮੇਤ ਕਈ ਤਤਕਾਲੀ ਅਕਾਲੀ ਮੰਤਰੀਆਂ ਨੂੰ ਜੇਲ੍ਹੀਂ ਡੱਕਿਆ ਸੀ ਅਤੇ ਹੁਣ ਚਾਰ ਸਾਲਾਂ ਬਾਅਦ ਵੀ ਉਹੀ ਹਾਲ ਹੈ। ਕੈਪਟਨ ਨੇ ਮਾਫੀਆ ਰਾਜ ਖਤਮ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ 2019 ਵਿਚ ਬੇਅਦਬੀ, ਨਸ਼ੇ, ਟਰਾਂਸਪੋਰਟ ਸਮੇਤ ਹੋਰਨਾਂ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ। ਪਰਗਟ ਸਿੰਘ ਨੇ ਕਿਹਾ ਕਿ ਜੇਕਰ ਚਾਰ-ਪੰਜ ਵਿਧਾਇਕ ਨਜਾਇਜ਼ ਰੇਤ ਮਾਈਨਿੰਗ ਕਰਦੇ ਹਨ ਤਾਂ ਮੁੱਖ ਮੰਤਰੀ ਉਹਨਾਂ ਨੂੰ ਠੋਕ ਦਿੰਦੇ। ਮੁੱਖ ਮੰਤਰੀ ‘ਤੇ ਤਾਬੜਤੋੜ ਹਮਲੇ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਲੋਕ ਕੈਪਟਨ ਨੂੰ ਪੰਜਾਬ ਦਾ ਬੈਸਟ ਬ੍ਰੇਨ (ਵਧੀਆ ਦਿਮਾਗ ਬੰਦਾ) ਸਮਝਦੇ ਸਨ, ਪਰ ਕੈਪਟਨ ਨੇ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਜਾਂਦੇ-ਜਾਂਦੇ ਹੀ ਕੈਪਟਨ ਨੂੰ ਕੁਝ ਕਰ ਦੇਣਾ ਚਾਹੀਦਾ ਹੈ। ਗੋਲੀ ਕਾਂਡ ਬਾਰੇ ਹਾਈਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਖੁਸ਼ ਹੋ ਰਹੀ ਅਕਾਲੀ ਲੀਡਰਸ਼ਿਪ ‘ਤੇ ਵਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਅਕਾਲੀ ਆਗੂ ਕਿਉਂ ਖੁਸ਼ ਹੋ ਰਹੇ ਹਨ। ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਵਰਗੀ ਪੁਸ਼ਾਕ ਪਾਉਣੀ, ਡੇਰਾ ਮੁਖੀ ਨੂੰ ਮਾਫ਼ੀ ਦੇਣੀ, ਗੁਰੂ ਗ੍ਰੰਥ ਸਾਹਿਬ ਦੀ ਚੋਰੀ ਤੇ ਫਿਰ ਅੰਗ ਗਲੀਆਂ ਵਿਚ ਰੁਲਣੇ, ਗੋਲੀ ਕਾਂਡ ਵਰਗੀਆਂ ਘਟਨਾਵਾਂ ਉਹਨਾਂ ਦੇ ਰਾਜ ਵਿਚ ਹੋਈਆਂ ਹਨ।

 

Check Also

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ ਨਵੀਂ ਦਿੱਲੀ/ਬਿਊਰੋ ਨਿਊਜ਼ : …