ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਭਾਰਤ ਨੂੰ ਰੈੱਡ ਕਰਾਸ ਸੰਸਥਾ ਰਾਹੀਂ 10 ਮਿਲੀਅਨ ਡਾਲਰ (ਲਗਪਗ 60 ਕਰੋੜ ਰੁਪਏ) ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ ਵਿਖੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਭਾਰਤ ਦੇ ਲੋਕਾਂ ਨੂੰ ਇਸ ਸਮੇਂ ਬੜੇ ਔਖੇ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਜਿਹੇ ਸਮੇਂ ਕੈਨੇਡਾ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਦੇ ਨਾਲ ਖੜ੍ਹਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਦਾਨ ਦੀ ਰਾਸ਼ੀ ਕੈਨੇਡਾ ਤੋਂ ਰੈੱਡ ਕਰਾਸ ਸੰਸਥਾ ਰਾਹੀਂ ਭਾਰਤ ‘ਚ ਰੈੱਡ ਕਰਾਸ ਨੂੰ ਸੌਂਪੀ ਜਾਵੇਗੀ ਤੇ ਇਸ ਤੋਂ ਇਲਾਵਾ ਸਿਹਤ ਸੇਵਾਵਾਂ ਦੇ ਰਹੇ ਸਟਾਫ ਮੈਂਬਰਾਂ ਵਾਸਤੇ ਪੀ.ਪੀ.ਈ. ਕਿੱਟਾਂ ਅਤੇ ਮਰੀਜਾਂ ਲਈ ਵੈਂਟੀਲੇਟਰ ਵੀ ਦਿੱਤੇ ਜਾਣਗੇ। ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨੋ ਨੇ ਅਖਿਆ ਕਿ ਭਾਰਤ ‘ਚ ਹਸਪਤਾਲਾਂ ਅੰਦਰ ਮਰੀਜਾਂ ਦੀ ਵੱਧ ਰਹੀ ਗਿਣਤੀ ਕਾਰਨ ਪੈਦਾ ਹੋ ਰਹੇ ਹਾਲਾਤ ਨਾਲ ਪਹਿਲ ਦੇ ਅਧਾਰ ‘ਤੇ ਨਿਪਟਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਕੈਨੇਡਾ ਵਲੋਂ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਤਾਂ ਕਿ ਜਿੰਦਗੀਆਂ ਬਚਾਈਆ ਜਾ ਸਕਣ।
ਇਸੇ ਦੌਰਾਨ ਕਿਹਾ ਗਿਆ ਹੈ ਕਿ ਇਹ ਰਕਮ ਐਂਬੂਲੈਂਸ ਸਰਵਿਸਿਜ ਤੇ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਖਰੀਦਣ ਲਈ ਹੋਵੇਗੀ। ਇਥੇ ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਭਾਰਤ ਵਿੱਚ ਕਰੋਨਾਵਾਇਰਸ ਦੇ 323,144 ਨਵੇਂ ਮਾਮਲੇ ਸਾਹਮਣੇ ਆਏ ਤੇ ਹੁਣ ਤੱਕ 17.6 ਮਿਲੀਅਨ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਸਮੇਂ ਭਾਰਤ ਇਸ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ਉੱਤੇ ਹੈ। ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਪਿਛਲੇ 24 ਘੰਟਿਆਂ ਵਿੱਚ 2,771 ਮੌਤਾਂ ਰਿਪੋਰਟ ਕੀਤੀਆਂ ਗਈਆਂ। ਹਰ ਘੰਟੇ ਇਸ ਵਾਇਰਸ ਕਾਰਨ ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਕ ਤੌਰ ਉੱਤੇ 115 ਦੱਸੀ ਗਈ ਹੈ ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਲਿਆਂਦੇ ਜਾ ਰਹੇ। ਟਰੂਡੋ ਨੇ ਆਖਿਆ ਕਿ ਕਈ ਹੋਰ ਮੰਤਰੀ ਵੀ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਰਾਬਤਾ ਰੱਖ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੈਨੇਡਾ ਹੋਰ ਕਿਸ ਤਰ੍ਹਾਂ ਦੀ ਮਦਦ ਕਰ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ, ਯੂਕੇ ਤੇ ਫਰਾਂਸ ਵੱਲੋਂ ਵੀ ਵੈਕਸੀਨ ਨਾਲ ਸਬੰਧਤ ਸਮੱਗਰੀ, ਵੈਂਟੀਲੇਟਰਜ, ਆਕਸੀਜਨ ਤੇ ਹੋਰ ਸਪਲਾਈ ਭਾਰਤ ਭੇਜਣ ਦਾ ਤਹੱਈਆ ਪ੍ਰਗਟਾਇਆ ਹੈ।