ਭਾਰਤੀ ਜਵੈਲਰੀ ਅਤੇ ਕੱਪੜਿਆਂ ਦੀ ਮੰਗ ‘ਚ ਆ ਸਕਦੀ ਹੈ ਗਿਰਾਵਟ
ਵਾਸ਼ਿੰਗਟਨ : ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ‘ਤੇ 27 ਅਗਸਤ ਤੋਂ 50 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਇਸ 50 ਫੀਸਦੀ ਟੈਰਿਫ ਨਾਲ ਅਮਰੀਕਾ ਵਿਚ ਵਿਕਣ ਵਾਲੇ ਭਾਰਤੀ ਕੱਪੜੇ, ਜਵੈਲਰੀ, ਫਰਨੀਚਰ ਅਤੇ ਸੀ-ਫੂਡ ਵਰਗੇ ਪ੍ਰੋਡਕਟਸ ਮਹਿੰਗੇ ਹੋ ਜਾਣਗੇ। ਇਸ ਨਾਲ ਇਨ੍ਹਾਂ ਵਸਤੂਆਂ ਦੀ ਮੰਗ ਵਿਚ 70 ਫੀਸਦੀ ਤੱਕ ਗਿਰਾਵਟ ਆ ਸਕਦੀ ਹੈ। ਚੀਨ, ਵੀਅਤਨਾਮ ਅਤੇ ਮੈਕਸੀਕੋ ਵਰਗੇ ਘੱਟ ਟੈਰਿਫ ਵਾਲੇ ਦੇਸ਼ ਇਸ ਸਮਾਨ ਨੂੰ ਸਸਤੇ ਭਾਅ ‘ਤੇ ਵੇਚਣਗੇ। ਇਸ ਨਾਲ ਭਾਰਤੀ ਕੰਪਨੀਆਂ ਦੀ ਅਮਰੀਕੀ ਬਜ਼ਾਰ ਵਿਚ ਹਿੱਸੇਦਾਰੀ ਘੱਟ ਹੋਵੇਗੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਕੋਲੋਂ ਤੇਲ ਖਰੀਦਣ ਕਰਕੇ ਭਾਰਤ ‘ਤੇ ਜੁਰਮਾਨੇ ਵਜੋਂ ਇਸ ਟੈਰਿਫ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵਪਾਰ ਘਾਟੇ ਦਾ ਹਵਾਲਾ ਦੇ ਕੇ ਭਾਰਤ ‘ਤੇ 7 ਅਗਸਤ ਤੋਂ 25 ਫੀਸਦੀ ਟੈਰਿਫ ਲਗਾਇਆ ਸੀ। ਯਾਨੀ ਕੁੱਲ ਮਿਲਾ ਕੇ ਅਮਰੀਕਾ ਵਿਚ ਹੁਣ ਭਾਰਤੀ ਵਸਤੂਆਂ ‘ਤੇ ਟੈਰਿਫ 50 ਫੀਸਦੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਲੰਘੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 25 ਫ਼ੀਸਦ ਵਾਧੂ ਟੈਰਿਫ 27 ਅਗਸਤ ਤੋਂ ਅਮਲ ‘ਚ ਆਉਣ ਦੀ ਜਾਣਕਾਰੀ ਦਿੱਤੀ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਉਤਪਾਦਾਂ ਦੀ ਦਰਾਮਦ ‘ਤੇ ਡਿਊਟੀ ਦੀ ਇੱਕ ਨਵੀਂ ਦਰ ਨਿਰਧਾਰਤ ਕੀਤੀ ਗਈ ਹੈ। ਆਦੇਸ਼ ‘ਚ ਕਿਹਾ ਗਿਆ ਹੈ ਕਿ ਵਧਿਆ ਹੋਇਆ ਟੈਰਿਫ ਉਨ੍ਹਾਂ ਭਾਰਤੀ ਉਤਪਾਦਾਂ ‘ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ 27 ਅਗਸਤ ਨੂੰ ‘ਈਸਟਰਨ ਡੇਅਲਾਈਟ ਟਾਈਮ’ ਮੁਤਾਬਕ ਰਾਤ 12 ਵਜ ਕੇ ਇਕ ਮਿੰਟ ਜਾਂ ਉਸ ਤੋਂ ਬਾਅਦ ਖਪਤ ਲਈ ਮੁਲਕ ‘ਚ ਲਿਆਂਦਾ ਗਿਆ ਹੈ ਜਾਂ ਗੁਦਾਮ ‘ਚੋਂ ਕੱਢਿਆ ਗਿਆ ਹੈ।
ਟਰੰਪ ਵੱਲੋਂ ਡਿਜੀਟਲ ਟੈਕਸਾਂ ਵਾਲੇ ਮੁਲਕਾਂ ‘ਤੇ ਹੋਰ ਟੈਰਿਫ ਲਗਾਉਣ ਦੀ ਧਮਕੀ
ਡੋਨਲਡ ਟਰੰਪ ਨੇ ਡਿਜੀਟਲ ਟੈਕਸ ਲਗਾਉਣ ਵਾਲੇ ਮੁਲਕਾਂ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਮੁਲਕ ਅਜਿਹੇ ਕਾਨੂੰਨ ਨਹੀਂ ਹਟਾਉਂਦੇ ਹਨ ਤਾਂ ਉਨ੍ਹਾਂ ਵੱਲੋਂ ਬਰਾਮਦ ਵਸਤਾਂ ‘ਤੇ ‘ਵਾਧੂ ਟੈਰਿਫ’ ਲਗਾਏ ਜਾਣਗੇ। ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਯੂਰਪੀ ਯੂਨੀਅਨ ਦੇ ਮੈਂਬਰਾਂ ਵੱਲੋਂ ਇਤਿਹਾਸਕ ਡਿਜੀਟਲ ਸੇਵਾਵਾਂ ਐਕਟ ਲਾਗੂ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਯੂਰਪ ਵਿੱਚ ਡਿਜੀਟਲ ਸੇਵਾ ਪ੍ਰੋਵਾਈਡਰਾਂ ਦੇ ਵਿਕਰੀ ਮਾਲੀਏ ‘ਤੇ ਟੈਕਸ ਲਗਾਏ ਗਏ ਹਨ, ਜਿਨ੍ਹਾਂ ਵਿੱਚ ਅਲਫਾਬੇਟ ਦਾ ਗੂਗਲ, ਮੇਟਾ ਦਾ ਫੇਸਬੁੱਕ, ਐਪਲ ਅਤੇ ਐਮਾਜ਼ੋਨ ਸ਼ਾਮਲ ਹਨ।

