ਸੁਖਪਾਲ ਖਹਿਰਾ ਤੇ ਕੰਵਰ ਸੰਧੂ ‘ਆਪ’ ‘ਚੋਂ ਮੁਅੱਤਲ
‘ਆਪ’ ਸਮਰਥਕ ਐਨ ਆਰ ਆਈਜ਼ ਕੇਜਰੀਵਾਲ ਤੋਂ ਹੋਏ ਔਖੇ ਬਹੁਗਿਣਤੀ ਖਹਿਰਾ ਦੇ ਸਮਰਥਨ ‘ਚ ਨਿੱਤਰੇ
ਸੇਖਵਾਂ ਦੀ ਵੀ ਅਕਾਲੀ ਦਲ ‘ਚੋਂ ਛੁੱਟੀ
ਚੰਡੀਗੜ੍ਹ : ਅੱਜ ਕੱਲ੍ਹ ਲੀਡਰਾਂ ਨੂੰ ਪਾਰਟੀਆਂ ਵਿਚੋਂ ਕੱਢਣ ਦੀ ਹਵਾ ਵਗਣ ਲੱਗ ਪਈ ਹੈ। ਅਜਿਹੀ ਹਵਾ ਇਕ ਪਾਰਟੀ ਵਿਚ ਨਹੀਂ ਸਗੋਂ ਵੱਖੋ-ਵੱਖ ਪਾਰਟੀਆਂ ‘ਚ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਹੈ ਅਤੇ ਇਹ ਦੋਵੇਂ ਆਗੂ ਪਾਰਟੀ ਦੇ ਮੌਜੂਦਾ ਵਿਧਾਇਕ ਵੀ ਹਨ। ਆਮ ਆਦਮੀ ਪਾਰਟੀ ਦੀ ਕਮੇਟੀ ਨੇ ਇਨ੍ਹਾਂ ਦੋਵਾਂ ਆਗੂਆਂ ‘ਤੇ ਪਾਰਟੀ ਵਿਰੋਧੀ ਕਾਰਵਾਈਆਂ ਦੇ ਦੋਸ਼ ਲਗਾਏ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਦੀ ਛੁੱਟੀ ਕਰ ਦਿੱਤੀ ਹੈ, ਜਦਕਿ ਸੇਖਵਾਂ ਦਾ ਕਹਿਣਾ ਹੈ ਕਿ ਪਹਿਲਾਂ ਮੈਂ ਪਾਰਟੀ ‘ਚੋਂ ਅਸਤੀਫਾ ਦਿੱਤਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਸਭ ਤੋਂ ਵੱਡੇ ਸਿਆਸੀ ਘਰਾਣੇ ਚੌਟਾਲਾ ਪਰਿਵਾਰ ‘ਚ ਵੀ ਖਿੱਚੋਤਾਣ ਵਧੀ ਹੋਈ ਹੈ। ਇਨੈਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਪੋਤਿਆਂ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਤੇ ਦਿਗਵਿਜੇ ਸਿੰਘ ਚੌਟਾਲਾ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਇਨ੍ਹਾਂ ‘ਤੇ ਵੀ ਅਨੁਸ਼ਾਸਨਹੀਣਤਾ ਦੇ ਦੋਸ਼ ਲੱਗ ਰਹੇ ਹਨ। ਆਉਂਦੇ ਦਿਨਾਂ ‘ਚ ਅਕਾਲੀ ਦਲ ਤੇ ‘ਆਪ’ ਵਿਚ ਹੋਰ ਉਥਲ-ਪੁਥਲ ਵੇਖਣ ਨੂੰ ਮਿਲ ਸਕਦੀ ਹੈ।
ਸੇਖਵਾਂ ਦੀ ਅਕਾਲੀ ਦਲ ‘ਚੋਂ ਮੁਢਲੀ ਮੈਂਬਰਸ਼ਿਪ ਵੀ ਖਾਰਜ
ਚੰਡੀਗੜ੍ਹ : ਅਕਾਲੀ ਦਲ ਨੇ ਕਾਦੀਆਂ ਦੇ ਕੱਦਾਵਰ ਆਗੂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿਚੋਂ ਕੱਢਦਿਆਂ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਨੂੰ ਵੀ ਖ਼ਾਰਜ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ ਹੈ। ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਇਹ ਕੌਣ ਹੁੰਦੇ ਹਨ ਮੈਨੂੰ ਪਾਰਟੀ ‘ਚੋਂ ਕੱਢਣ ਵਾਲੇ ਮੈਂ ਖੁਦ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ।
‘ਆਪ’ ਪ੍ਰਤੀ ਵਿਦੇਸ਼ਾਂ ‘ਚ ਗੁੱਸਾ ਵਧਿਆ, ਕੇਜਰੀਵਾਲ ਨੂੰ ਦੱਸਿਆ ਦੋਸ਼ੀ
ਆਮ ਆਦਮੀ ਪਾਰਟੀ ਵਲੋਂ ਆਪਣੇ ਦੋ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਵਿਚੋਂ ਬਰਖਾਸਤ ਕਰਨ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਪਾਰਟੀ ਪ੍ਰਤੀ ਲੋਕਾਂ ਦਾ ਗੁੱਸਾ ਵਧ ਗਿਆ ਹੈ। ਹੁਣ ਇਹ ਪਾਰਟੀ ਵਿਦੇਸ਼ਾਂ ਵਿਚ ਵੀ ਖਿੰਡਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਐੱਨ.ਆਰ.ਆਈ. ਪੰਜਾਬੀਆਂ ਵੱਲੋਂ ਲਿਖਿਆ ਇੱਕ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਰਿਹਾ ਹੈ। ਕਰੀਬ ਸਵਾ ਸੌ ਐੱਨ ਆਰ ਆਈਜ਼ ਵਿਅਕਤੀਆਂ ਵਲੋਂ ਲਿਖੇ ਗਏ ਇਸ ਪੱਤਰ ‘ਚ ਇਨ੍ਹਾਂ ਸਾਰਿਆਂ ਨੇ ਪਾਰਟੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਪਾਰਟੀ ਸੁਪਰੀਮੋ ਕੇਜਰੀਵਾਲ ਨੂੰ ਦੋਸ਼ੀ ਠਹਿਰਾਇਆ ਹੈ।
ਖਹਿਰਾ ਨੇ ਪਰਵਾਸੀ ਸਮਰਥਕਾਂ ਦਾ ਕੀਤਾ ਧੰਨਵਾਦ
ਖਹਿਰਾ ਨੇ ਐੱਨ. ਆਰ. ਆਈਜ਼ ਦਾ ਸਮਰਥਨ ਮਿਲਣ ਤੋਂ ਬਾਅਦ ਪਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਪਰਵਾਸੀ ਪੰਜਾਬੀ ਉਨ੍ਹਾਂ ‘ਤੇ ਭਰੋਸਾ ਕਰਦੇ ਹਨ ਉਹ ਉਨ੍ਹਾਂ ਦਾ ਭਰੋਸਾ ਕਦੇ ਨਹੀਂ ਤੋੜਨਗੇ ਅਤੇ ਇਨਸਾਫ ਮੋਰਚੇ ਵਿਚ ਐੱਨ. ਆਰ. ਆਈਜ਼ ਨੂੰ ਵੀ ਜਗ੍ਹਾ ਦਿੱਤੀ ਜਾਵੇਗੀ।
ਮਾਨ ਦਲ ਅਤੇ ਬਸਪਾ ਨਾਲ ਮਿਲ ਕੇ ਖਹਿਰਾ ਬਣਾਉਣਗੇ ਥਰਡ ਫਰੰਟ
ਸੁਖਪਾਲ ਖਹਿਰਾ ਦਸੰਬਰ ਮਹੀਨੇ ‘ਚ ਇਨਸਾਫ ਮਾਰਚ ਕੱਢਣਗੇ ਜੋ ਬਠਿੰਡਾ ਤੋਂ ਪਟਿਆਲਾ ਤੱਕ 8 ਦਿਨ ਦਾ ਹੋਵੇਗਾ। ਇਸ ਤੋਂ ਬਾਅਦ ਖਹਿਰਾ ਨੇ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਮਾਨ), ਪੰਥਕ ਸੋਚ ਵਾਲੇ ਆਗੂਆਂ, ਟਕਸਾਲੀ ਅਕਾਲੀ ਤੇ ਹੋਰ ਆਗੂਆਂ ਸਣੇ ਲੋਕ ਇਨਸਾਫ਼ ਪਾਰਟੀ ਨਾਲ ਮਿਲ ਕੇ ਥਰਡ ਫਰੰਟ ਬਣਾਉਣ ਦਾ ਫੈਸਲਾ ਲਿਆ ਹੈ। ਜਿਸ ਦੇ ਲਈ ਉਨ੍ਹਾਂ ਲੀਡਰਾਂ ਨਾਲ ਬੈਠਕਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਕ ਪਾਸੇ ਜਿੱਥੇ ਧਰਮਵੀਰ ਗਾਂਧੀ ਨੇ ਖਹਿਰਾ ਦੇ ਸਮਰਥਨ ‘ਚ ਆਉਣ ਦੇ ਸੰਕੇਤ ਦਿੱਤੇ ਹਨ, ਉਥੇ ਟਕਸਾਲੀ ਅਕਾਲੀ ਆਗੂ ਵੀ ਖਹਿਰਾ ਦੇ ਸੰਪਰਕ ‘ਚ ਦੱਸੇ ਜਾਂਦੇ ਹਨ।
ਚੌਟਾਲੇ ਨੇ ਦੋਵੇਂ ਪੋਤਿਆਂ ਨੂੰ ‘ਇਨੈਲੋ’ ‘ਚੋਂ ਕੱਢਿਆ
ਚੰਡੀਗੜ੍ਹ : ਹਰਿਆਣਾ ਦੇ ਸਭ ਤੋਂ ਪੁਰਾਣੇ ਤੇ ਵੱਡੇ ਸਿਆਸੀ ਘਰਾਣੇ ਚੌਟਾਲਾ ਪਰਿਵਾਰ ਵਿਚ ਚੱਲ ਰਹੀ ਖਿੱਚੋਤਾਣ ਦੌਰਾਨ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਪੋਤਿਆਂ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਤੇ ‘ਇਨਸੋ’ ਦੇ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ ਤੇ ਦੋਵੇਂ ਪੋਤੇ ਵੀ ਵੱਖਰੀ ਧਿਰ ਬਣਨ ਲਈ ਤਿਆਰ ਹਨ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …