11.6 C
Toronto
Saturday, September 19, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚੋਂ 30 ਹਜ਼ਾਰ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼

ਕੈਨੇਡਾ ‘ਚੋਂ 30 ਹਜ਼ਾਰ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼

ਕੈਨੇਡਾ ‘ਚੋਂ 30 ਹਜ਼ਾਰ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼ਲਿਸਟ ‘ਚ ਸਟੱਡੀ ਵੀਜ਼ਾ ਤੇ ਕਾਰਡ ਧਾਰਕ ਵੀ ਸ਼ਾਮਲ
ਵੈਨਕੂਵਰ/ ਬਲਜਿੰਦਰ ਸੇਖਾਂ : ਕੈਨੇਡਾ ‘ਚ ਰਹਿ ਰਹੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਲਈ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਮੁਲਕ ਭਰ ‘ਚ ਲੱਖਾਂ ਦੀ ਗਿਣਤੀ ‘ਚ ਗ਼ੈਰ-ਕਾਨੂੰਨੀ ਪਰਵਾਸੀਆਂ ‘ਚੋਂ 30 ਹਜ਼ਾਰ ਨੂੰ ਡਿਪੋਰਟ ਕੀਤੇ ਜਾਣ ਦੇ ਵਾਰੰਟ ਜਾਰੀ ਕੀਤੇ ਗਏ ਹਨ।
ਏਜੰਸੀ ਨੇ ਸਪੱਸ਼ਟ ਕੀਤਾ ਹੋਇਆ ਹੈ ਕਿ ਗ਼ੈਰ-ਕਾਨੂੰਨੀ ਰਹਿ ਰਹੇ ਅਪਰਾਧਕ ਸ਼ਮੂਲੀਅਤ ਵਾਲੇ ਅਤੇ ਜਿਨ੍ਹਾਂ ਦੀ ਰਾਜਸੀ ਸ਼ਰਨ ਦੀ ਮੰਗ ਠੁਕਰਾਈ ਜਾ ਚੁੱਕੀ ਹੈ, ਨੂੰ ਪਹਿਲ ਦੇ ਅਧਾਰ ‘ਤੇ ਵਾਪਸ ਭੇਜਿਆ ਜਾਣਾ ਹੈ। ਉਕਤ 30 ਹਜ਼ਾਰ ਵਾਲੀ ਸੂਚੀ ‘ਚ 88 ਫੀਸਦੀ ਰੱਦ ਹੋਈਆਂ ਰਾਜਸੀ ਸ਼ਰਨ ਦਰਖਾਸਤਾਂ ਵਾਲੇ ਹਨ। ਹੋਰਨਾਂ ‘ਚ ਪੜ੍ਹਾਈ ਵਿਚਾਲੇ ਛੱਡਣ ਵਾਲੇ ਸਟੱਡੀ ਵੀਜ਼ਾ ਧਾਰਕ, ਸੈਲਾਨੀ ਵੀਜ਼ੇ ਦੀ ਮਿਆਦ ਟਪਾ ਚੁੱਕੇ ਤੇ ਅਪਰਾਧਕ ਗਤੀਵਿਧੀਆਂ ‘ਚ ਸ਼ਾਮਲ ਰਹੇ ਪੀਆਰ ਕਾਰਡਧਾਰਕ ਸ਼ਾਮਲ ਹਨ। ਅਪਰਾਧਕ ਗਤੀਵਿਧੀਆਂ ‘ਚ ਸ਼ਾਮਲ ਕਰੀਬ ਡੇਢ ਕੁ ਹਜ਼ਾਰ ਲੋਕਾਂ ਉੱਤੇ ਅਜੇ ਅਦਾਲਤ ‘ਚ ਦੋਸ਼ ਸਾਬਿਤ ਨਹੀਂ ਹੋਏ, ਇਸ ਕਰਕੇ ਉਨ੍ਹਾਂ ਨੂੰ ਅਜੇ ਕਿਸੇ ਸੂਚੀ ‘ਚ ਸ਼ਾਮਲ ਨਹੀ ਕੀਤਾ ਗਿਆ।
ਸੀਬੀਐੱਸਏ ਅਨੁਸਾਰ ਜਿਨ੍ਹਾਂ ਲੋਕਾਂ ਦੀਆਂ ਰਾਜਸੀ ਸ਼ਰਨ ਸਮੇਤ ਕੈਨੇਡਾ ਰਹਿ ਸਕਣ ਦੇ ਹੋਰ ‘ਚੋਰ ਰਸਤੇ’ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ, ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਅਪੀਲ ਦਾ ਹੱਕ ਨਹੀਂ ਰਹਿ ਗਿਆ, ਜਿਸ ਕਰਕੇ ਉਨ੍ਹਾਂ ਦੇ ਦੇਸ਼ ਨਿਕਾਲੇ (ਡਿਪੋਰਟੇਸ਼ਨ) ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਉਨ੍ਹਾਂ ‘ਚੋਂ ਜੇਕਰ ਕੋਈ ਫਿਰ ਤੋਂ ਵੀਜ਼ਾ ਲਈ ਅਰਜ਼ੀ ਦੇਵੇਗਾ ਤਾਂ ਉਸ ਨੂੰ ਪਹਿਲਾਂ ਉਸ ਦੇ ਵਾਪਸ ਭੇਜਣ ‘ਤੇ ਸਰਕਾਰ ਵੱਲੋਂ ਕੀਤੇ ਖਰਚ ਦੀ ਰਕਮ ਵਜੋਂ 3800 ਡਾਲਰ ਦਾ ਭੁਗਤਾਨ ਕਰਨਾ ਪਏਗਾ, ਪਰ ਜੇਕਰ ਕਿਸੇ ਨੂੰ ਵਿਸ਼ੇਸ਼ (ਐਸਕੋਰਟ ਕਰ ਕੇ) ਸਹੂਲਤ ਨਾਲ ਵਾਪਸ ਭੇਜਿਆ ਗਿਆ ਹੋਏ ਤਾਂ ਉਸ ਨੂੰ 12,800 ਡਾਲਰ ਭਰਨੇ ਪੈਣਗੇ ਅਤੇ ਵੀਜ਼ਾ ਅਰਜ਼ੀ ਰੱਦ ਹੋਣ ‘ਤੇ ਵੀ ਇਹ ਪੈਸੇ ਵਾਪਸ ਨਹੀਂ ਹੋਣਗੇ। ਸੂਤਰਾਂ ਅਨੁਸਾਰ ਪਿਛਲੇ ਤਿੰਨ ਕੁ ਸਾਲਾਂ ਵਿੱਚ ਪਨਾਹ (ਸ਼ਰਨ) ਮੰਗਣ ਵਾਲਿਆਂ ਦੀ ਗਿਣਤੀ ‘ਚ ਅਥਾਹ ਵਾਧਾ ਹੋਇਆ ਹੈ। 2024 ਦੌਰਾਨ 20 ਹਜ਼ਾਰ ਤੋਂ ਵੱਧ ਰਾਜਸੀ ਸ਼ਰਨ ਦੀਆਂ ਅਰਜ਼ੀਆਂ ਦਾਖਲ ਹੋਈਆਂ, ਜੋ 2019 ਸਾਲ ਦੇ ਅੰਕੜੇ ਤੋਂ 615 ਫ਼ੀਸਦੀ ਵੱਧ ਹਨ। ਚਾਲੂ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਸਾਢੇ 5 ਹਜ਼ਾਰ ਲੋਕਾਂ ਨੇ ਪਨਾਹ ਦੀਆਂ ਅਰਜ਼ੀਆਂ ਭਰ ਕੇ ਰਿਕਾਰਡ ਤੋੜ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਹੁਣ ਰਾਜਸੀ ਸ਼ਰਨ ਵਾਲੀਆਂ ਅਰਜ਼ੀਆਂ ਦਾ ਨਿਬੇੜਾ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਵਿੱਚੋਂ 98-99 ਫੀਸਦੀ ਅਰਜ਼ੀਆਂ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਨਵੀਂ ਫੈਡਰਲ ਸਰਕਾਰ ਬਣਨ ਮਗਰੋਂ ਅਵਾਸ ਵਿਭਾਗ ਹੋਰ ਸਖ਼ਤ ਹੋ ਗਿਆ ਹੈ ਅਤੇ ਕਿਸੇ ਤਰਾਂ ਦੀ ਗਲਤੀ ਤੇ ਲਾਪ੍ਰਵਾਹੀ ਤੋਂ ਬਚਣ ਲੱਗਾ ਹੈ।
ਫੈਡਰਲ ਸਰਕਾਰ ਬਣਨ ਤੋਂ ਬਾਅਦ ਆਵਾਸ ਵਿਭਾਗ ਹੋਇਆ ਸਖ਼ਤ
ਨਵੀਂ ਫੈਡਰਲ ਸਰਕਾਰ ਬਣਨ ਤੋਂ ਬਾਅਦ ਆਵਾਸ ਵਿਭਾਗ ਹੋਰ ਸਖ਼ਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਵਿੱਚ ਲੱਗੇ ਹੋਏ ਲੰਮੀ ਮਿਆਦ ਦੇ ਬਹੁ-ਯਾਤਰਾ ਵੀਜ਼ਿਆਂ ਨੂੰ ਸਿੰਗਲ ਯਾਤਰਾ ਵਿੱਚ ਬਦਲਿਆ ਜਾਣ ਲੱਗਾ ਹੈ। ਇਸੇ ਤਰ੍ਹਾਂ ਸਟੱਡੀ ਵੀਜ਼ੇ ਵੀ ਸਿਰਫ ਪੋਸਟ ਗਰੈਜੂਏਸ਼ਨ ਪੜ੍ਹਾਈ ਅਤੇ ਖਾਸ ਯੂਨੀਵਰਸਿਟੀਆਂ ਦੇ ਸੱਦਾ ਪੱਤਰਾਂ ‘ਤੇ ਹੀ ਦਿੱਤੇ ਜਾ ਰਹੇ ਹਨ।
ਭਾਰਤ-ਕੈਨੇਡਾ ਦੇ ਰਿਸ਼ਤੇ ਸੁਧਰਨ ਦੀ ਆਸ ਬੱਝੀ
ਮਾਰਕ ਕਾਰਨੀ ਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਦੇ ਹੀ ਭਾਰਤ ਅਤੇ ਕੈਨੇਡਾ ਵਿਚ ਰਿਸ਼ਤੇ ਸੁਧਰਨ ਦੀ ਆਸ ਬੱਝੀ ਹੈ। ਹਾਲ ਹੀ ਵਿਚ ਅਨੀਤਾ ਅਨੰਦ, ਜੋ ਕਾਰਨੀ ਪ੍ਰਸ਼ਾਸਨ ਵਿੱਚ ਕੈਨੇਡਾ ਦਾ ਵਿਦੇਸ਼ ਮੰਤਰੀ ਹਨ, ਨੇ ਭਾਰਤ-ਕੈਨੇਡਾ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰੇ ਲਈ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ਪੋਸਟ ਸਾਂਝੀ ਕਰਦਿਆਂ ਕਿਹਾ, ”ਕਿ ਉਹ ਇਕੱਠੇ ਕੰਮ ਕਰਨਾ ਜਾਰੀ ਰੱਖਣ ਲਈ ਉਤਸੁਕ ਹਨ।” ਉਨ੍ਹਾਂ ਪੋਸਟ ਵਿਚ ਕੈਨੇਡਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ, ਆਰਥਿਕ ਸਹਿਯੋਗ ਨੂੰ ਡੂੰਘਾ ਕਰਨ ਅਤੇ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਬਾਰੇ ਵਿਸ਼ੇਸ਼ ਚਰਚਾ ਲਈ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਧੰਨਵਾਦ ਕੀਤੇ। ਅਨੰਦ ਨੇ ਇਸ ਦੌਰਾਨ ਭਵਿੱਖ ਵਿਚ ਮਿਲ ਕੇ ਕੰਮ ਕਰਨ ਦੀ ਉਮੀਦ ਪਰਗਟ ਕੀਤੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਨੰਦ ਨੂੰ ਕੈਨੇਡਾ ਦਾ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ‘ਤੇ ਵਧਾਈ ਦਿੱਤੀ ਸੀ।

 

 

RELATED ARTICLES
POPULAR POSTS