Breaking News
Home / ਹਫ਼ਤਾਵਾਰੀ ਫੇਰੀ / ਮਿਡਲ-ਕਲਾਸ ਟੈਕਸ ਕੱਟ ਦੀ ਸ਼ੁਰੂਆਤ ‘ਕੈਨੇਡਾ-ਡੇਅ’ ਵਾਲੇ ਦਿਨ ਤੋਂ ਹੋਈ : ਸੋਨੀਆ ਸਿੱਧੂ

ਮਿਡਲ-ਕਲਾਸ ਟੈਕਸ ਕੱਟ ਦੀ ਸ਼ੁਰੂਆਤ ‘ਕੈਨੇਡਾ-ਡੇਅ’ ਵਾਲੇ ਦਿਨ ਤੋਂ ਹੋਈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਬਰੈਂਪਟਨ ਤੇ ਸਮੁੱਚੇ ਕੈਨੇਡਾ ਦੇਸ਼-ਵਾਸੀਆਂ ਦੇ ਪਰਿਵਾਰਾਂ ਲਈ ਖ਼ੁਸ਼ੀ ਦੀ ਖ਼ਬਰ ਲੈ ਕੇ ਆਏ ਹਨ। ਪਹਿਲੀ ਜੁਲਾਈ ਕੈਨੇਡਾ-ਡੇਅ ਵਾਲੇ ਦਿਨ ਤੋਂ ਫ਼ੈੱਡਰਲ ਸਰਕਾਰ ਦਾ ਨਵਾਂ ਮਿਡਲ-ਕਲਾਸ ਟੈਕਸ ਕੱਟ ਸਰਕਾਰੀ ਤੌਰ ‘ਤੇ ਆਰੰਭ ਹੋ ਗਿਆ, ਜਿਸ ਨਾਲ ਲੱਖਾਂ ਕੈਨੇਡਾ-ਵਾਸੀਆਂ ਨੂੰ ਬੱਚਤ ਹੋਵੇਗੀ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਐਲਾਨੇ ਗਏ ਇਸ ਟੈਕਸ ਕੱਟ ਨਾਲ ਪਰਿਵਾਰ ਦੇ ਦੋ ਕਮਾਊ ਮੈਂਬਰਾਂ ਨੂੰ 840 ਡਾਲਰ ਸਲਾਨਾ ਦੀ ਬੱਚਤ ਹੋਵੇਗੀ ਅਤੇ ਇਸ ਨਾਲ 22 ਮਿਲੀਅਨ ਕੈਨੇਡਾ-ਵਾਸੀਆਂ ਨੂੰ ਫਾਇਦਾ ਹੋਵੇਗਾ। ਇਹ ਕੈਨੇਡਾ ਸਰਕਾਰ ਵੱਲੋਂ ਲੋਕਾਂ ਨਾਲ ਕੀਤੀ ਗਈ ਵਚਨਬੱਧਤਾ ਦਾ ਇੱਕ ਹਿੱਸਾ ਹੈ ਜਿਸ ਨਾਲ ਉਨ੍ਹਾਂ ਦਾ ਜੀਵਨ ਸੁਖਾਲਾ ਹੋਵੇਗਾ ਅਤੇ ਇਹ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਦਾ ਵਧੇਰੇ ਭਾਗ ਉਹ ਆਪਣੇ ਕੋਲ ਰੱਖ ਸਕਣਗੇ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਵਿੱਚ ਰਹਿੰਦੇ ਪਰਿਵਾਰਾਂ ਨੂੰ ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੈ ਕਿ ਉਹ ਉਸ ਸਰਕਾਰ ਦੇ ਹੱਕ ਵਿੱਚ ਹਨ ਜੋ ਉਨ੍ਹਾਂ ਦੀ ਭਲਾਈ ਤੇ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ। ਇਹ ਟੈਕਸ ਕੱਟ ਉਸ ਦਿਸ਼ਾ ਵਿਚ ਸਿੱਧਾ ਪ੍ਰਤੀਕਰਮ ਹੈ। ਇਸ ਦਾ ਭਾਵ ਹੈ ਕਿ ਮਾਪਿਆਂ, ਕਾਮਿਆਂ ਅਤੇ ਸੀਨੀਅਰਾਂ ਦੀਆਂ ਜੇਬਾਂ ਵਿੱਚ ਹੋਰ ਮਾਇਆ ਜਾਏਗੀ। ਸਰਕਾਰ ਦਾ ਇਹ ਕਦਮ ਬਿਨਾਂ ਕਿਸੇ ਭੇਦ-ਭਾਵ ਦੇ ਨਿਰੋਲ ਨਿਰਪੱਖਤਾ ਵਾਲਾ ਹੈ ਅਤੇ ਇਸ ਨਾਲ ਦੇਸ਼ ਦਾ ਅਰਥਚਾਰਾ ਹੋਰ ਮਜ਼ਬੂਤ ਤੇ ਸੰਮਿਲਤ ਹੋਵੇਗਾ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਤਬਦੀਲੀ ਦੀ ਅਹਿਮੀਅਤ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਕੈਨੇਡਾ ਦੀ ਸਰਕਾਰ ਨੂੰ ਲੋਕਾਂ ਵੱਲੋਂ ਤਬਦੀਲੀ ਦੇ ਏਸੇ ਮੁੱਦੇ ਉੱਪਰ ਹੀ ਲੋਕ-ਮੱਤ ਦਿੱਤਾ ਗਿਆ ਹੈ ਜਿਸ ਵਿੱਚ ਮਿਡਲ-ਕਲਾਸ ਲਈ ਟੈਕਸਾਂ ਉੱਪਰ ਕੱਟ ਲਗਾਉਣਾ ਅਤੇ ਕੀਮਤਾਂ ਵਿੱਚ ਕਮੀ ਲਿਆਉਣਾ ਮੁੱਖ ਤੌਰ ‘ਤੇ ਸ਼ਾਮਲ ਹਨ। ਪਹਿਲੀ ਜੁਲਾਈ ਤੋਂ ਆਰੰਭ ਹੋਏ ਮਿਡਲ-ਕਲਾਸ ਟੈਕਸ ਕੱਟਾਂ ਨਾਲ ਪਰਿਵਾਰ 840 ਡਾਲਰ ਸਲਾਨਾ ਦੀ ਬੱਚਤ ਕਰ ਸਕਣਗੇ ਅਤੇ ਉਹ ਆਪਣੀ ਵਿੱਚੋਂ ਬਹੁਤਾ ਪੈਸਾ ਆਪਣੀਆਂ ਜੇਬਾਂ ਵਿੱਚ ਰੱਖ ਸਕਣਗੇ। ਸੋਨੀਆ ਸਿੱਧੂ ਨੇ ਹੋਰ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ। ਅੱਗੋਂ ਹੋਰ ਵੀ ਬਹੁਤ ਕੁੱਝ ਹੋਵੇਗਾ। ਮੈਂ ਆਪਣੇ ਵੱਲੋਂ ਹੋਰ ਮਿਹਨਤ ਜਾਰੀ ਹੱਖਾਂਗੀ ਅਤੇ ਇਹ ਯਕੀਨੀ ਬਣਾਵਾਂਗੀ ਕਿ ਬਰੈਂਪਟਨ ਦੇ ਪਰਿਵਾਰਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਪੂਰਾ ਲਾਭ ਪਹੁੰਚੇ ਜੋ ਉਨ੍ਹਾਂ ਦੀ ਗੱਲ ਸੁਣਦੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਹੈ। ਮਿਡਲ-ਕਲਾਸ ਟੈਕਸ ਕੱਟ ਬਾਰੇ ਹੋਰ ਵਧੇਰੇ ਜਾਣਕਾਰੀ Canada.ca ਉੱਪਰ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

 

Check Also

ਕੈਨੇਡਾ ਧਰਤੀ ‘ਤੇ ਸਭ ਤੋਂ ਮਹਾਨ ਰਾਸ਼ਟਰ : ਮਾਰਕ ਕਾਰਨੀ

ਪੀਐਮ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਓਟਵਾ : …