Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਪ੍ਰਭੂਸੱਤਾ ਸੰਪੰਨ ਦੇਸ਼ ਹੈ ਤੇ ਰਹੇਗਾ : ਕਿੰਗ ਚਾਰਲਸ

ਕੈਨੇਡਾ ਪ੍ਰਭੂਸੱਤਾ ਸੰਪੰਨ ਦੇਸ਼ ਹੈ ਤੇ ਰਹੇਗਾ : ਕਿੰਗ ਚਾਰਲਸ

ਬਰਤਾਨਵੀ ਸਮਰਾਟ ਨੇ ਕੈਨੇਡਾ ਦੀ 45ਵੀਂ ਸੰਸਦ ਦੇ ਪਹਿਲੇ ਸੈਸ਼ਨ ਨੂੰ ਕੀਤਾ ਸੰਬੋਧਨ
ਟੋਰਾਂਟੋ : ਬਰਤਾਨੀਆ ਦੇ ਸਮਰਾਟ ਕਿੰਗ ਚਾਰਲਸ (ਤੀਜੇ) ਨੇ ਕੈਨੇਡਾ ਦੀ 45ਵੀਂ ਸੰਸਦ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਪ੍ਰਭੂਸੱਤਾ ਸੰਪੰਨ ਦੇਸ਼ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਰਹੇਗਾ। ਉਨ੍ਹਾਂ ਯੂਰਪੀਅਨ ਯੂਨੀਅਨ ਵਿੱਚ ਆਏ ਵੱਡੇ ਬਦਾਲਅ ਦੀ ਗੱਲ ਕਰਦਿਆਂ ਕਿਹਾ ਕਿ ਏਕਤਾ ਸਮੇਂ ਦੀ ਲੋੜ ਹੈ ਤੇ ਯੂਨੀਅਨ ਕੈਨੇਡਾ ਨੂੰ ਆਪਣਾ ਹਿੱਸੇਦਾਰ ਮੰਨਦੀ ਹੈ। ਕਿੰਗ ਚਾਰਲਸ ਨੇ ਕਿਹਾ ਕਿ ਸ਼ਾਇਦ ਦੂਜੀ ਵਿਸ਼ਵ ਜੰਗ ਤੋਂ ਬਾਅਦ ਕੈਨੇਡਾ ਨੂੰ ਪਹਿਲੀ ਵਾਰ ਇੰਜ ਦੇ ਮਾੜੇ ਦੌਰ ‘ਚੋਂ ਲੰਘਣਾ ਪੈ ਰਿਹਾ ਹੈ। ਪਰ ਨਾਲ ਹੀ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀਆਂ ਯੋਜਨਾਵਾਂ ਦੇਸ਼ ਨੂੰ ਉਭਾਰ ਲੈਣਗੀਆਂ। ਸੰਸਦ ਨੂੰ ਸੰਬੋਧਨ ਮੌਕੇ ਕਿੰਗ ਚਾਰਲਸ ਦੀ ਪਤਨੀ ਕੈਮਿਲਾ ਵੀ ਉਨ੍ਹਾਂ ਦੇ ਨਾਲ ਸੱਜੇ ਪਾਸੇ ਬੈਠੀ ਹੋਈ ਸੀ। ਹਾਲ ਵਿੱਚ ਸਾਰੇ ਸੰਸਦ ਮੈਂਬਰਾਂ ਦੇ ਨਾਲ-ਨਾਲ ਜਸਟਿਨ ਟਰੂਡੋ ਅਤੇ ਸਟੀਵਨ ਹਾਰਪਰ ਸਮੇਤ ਕਈ ਸਾਬਕਾ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਰਾਣੀ ਐਲਿਜ਼ਾਬੈਥ ਨੇ 1977 ਵਿੱਚ ਕੈਨੇਡਿਆਈ ਸੰਸਦ ਨੂੰ ਸੰਬੋਧਨ ਕੀਤਾ ਸੀ। ਪਹਿਲੀ ਜੁਲਾਈ 1867 ਤੋਂ ਕੈਨੇਡਾ ਦੇ ਸੰਸਥਾਗਤੀ ਢਾਂਚੇ ਵਿੱਚ ਬਰਤਾਨੀਆ ਦੇ ਰਾਜਗੱਦੀ ਨਸ਼ੀਨ ਨੂੰ ਸਤਿਕਾਰ ਵਜੋਂ ਆਪਣੇ ਮੁਖੀ ਵਜੋਂ ਸਤਿਕਾਰਿਆ ਜਾਂਦਾ ਹੈ।
ਕਿੰਗ ਚਾਰਲਸ ਨੇ ਕਿਹਾ ਕਿ ਇਹ ਬੜੀ ਫਖ਼ਰ ਵਾਲੀ ਗੱਲ ਹੈ ਕਿ ਕੈਨੇਡਾ ਨੇ ਆਲਮੀ ਪੱਧਰ ‘ਤੇ ਆਪਣੇ ਵਿਹਾਰ, ਕਦਰਾਂ ਕੀਮਤਾਂ, ਵਿਅਕਤੀਗਤ ਆਜ਼ਾਦੀ ਅਤੇ ਨਿਆਸਰਿਆਂ ਦਾ ਆਸਰਾ ਬਣਨ ਦੀਆਂ ਉਦਾਰਹਣਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਸਰਹੱਦਾਂ ਦੀ ਸੁਰੱਖਿਆ ਵਿੱਚ ਵੱਡੇ ਸੁਧਾਰ ਕਰ ਕੇ ਇਸ ਨੂੰ ਮਜ਼ਬੂਤ ਕਰਨ ਦੀ ਯੋਜਨਾ ਦੇ ਅਸਰ ਛੇਤੀ ਦਿਸਣ ਲੱਗਣਗੇ।
ਬਰਤਾਨਵੀ ਸਮਰਾਟ ਨੇ ਕੈਨੇਡਾ ਦੇ ਮੁਖੀ ਵਜੋਂ ਸੰਬੋਧਨ ਕਰਦਿਆਂ ਦੇਸ਼ ਦੀ ਪ੍ਰਭੂਸੱਤਾ ‘ਤੇ ਜ਼ੋਰ ਦਿੰਦਿਆਂ ਕੈਨੇਡਾ ਦੀ ਵਿਲੱਖਣ ਪਛਾਣ ਨੂੰ ਪਕੇਰਾ ਕੀਤਾ। ਉਨ੍ਹਾਂ ਕਿਹਾ, ”ਮੈਨੂੰ ਹਮੇਸ਼ਾ ਕੈਨੇਡਾ ਦੀ ਵਿਲੱਖਣ ਪਛਾਣ ‘ਤੇ ਖ਼ੁਸ਼ੀ ਹੁੰਦੀ ਹੈ, ਜਿਸ ਨੂੰ ਦੁਨੀਆ ਭਰ ਵਿੱਚ ਮਾਨਤਾ ਪ੍ਰਾਪਤ ਹੈ।” ਉਨ੍ਹਾਂ ਮਹਾਰਾਣੀ ਐਲਿਜ਼ਬੈੱਥ ਵੱਲੋਂ 1957 ਵਿਚ ਕੈਨੇਡਾ ਦੀ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਕੀਤੇ ਜਾਣ ਦੀ ਇਤਿਹਾਸਕ ਘਟਨਾ ਨੂੰ ਯਾਦ ਕਰਦਿਆਂ ਕੈਨੇਡਾ ਨਾਲ ਆਪਣੇ ਨੇੜਲੇ ਰਿਸ਼ਤਿਆਂ ਦਾ ਜ਼ਿਕਰ ਕੀਤਾ।

Check Also

ਕੈਨੇਡਾ ‘ਚੋਂ 30 ਹਜ਼ਾਰ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼

ਲਿਸਟ ‘ਚ ਸਟੱਡੀ ਵੀਜ਼ਾ ਤੇ ਕਾਰਡ ਧਾਰਕ ਵੀ ਸ਼ਾਮਲ ਵੈਨਕੂਵਰ/ ਬਲਜਿੰਦਰ ਸੇਖਾਂ : ਕੈਨੇਡਾ ‘ਚ …