ਮਾਨਸਾ ਵਿਚ ਸ਼ਰਾਬ ਮਾਫੀਆ ਸੁਖਚੈਨ ਦੀ ਲੱਤ ਵੱਢ ਲੈ ਜਾਂਦਾ ਹੈ, ਮੁਕਤਸਰ ‘ਚ 17 ਸਾਲਾਂ ਦੇ ਇਕ ਮਾਸੂਮ ਦੀਆਂ ਅੱਖਾਂ ਕੱਢ ਕੇ ਕਤਲ ਹੁੰਦਾ ਹੈ ਤੇ ਇੰਝ ਹੀ ਜਲੰਧਰ ਵਿਚ ਬੇਰਹਿਮੀ ਨਾਲ ਇਕ ਮੁੰਡਾ ਮਾਰ ਦਿੱਤਾ ਜਾਂਦਾ ਹੈ। ਸ਼ਰਾਬ ਮਾਫੀਆ ਪੰਜਾਬ ‘ਚ ਬੇਖੌਫ ਹੈ ਤੇ ਵਰਦੀ ਥੱਲੇ ਫਲ ਫੁਲ ਰਿਹਾ ਹੈ। ਸਵਾਲ ਇਹ ਹੈ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ ਜਾਂ ਮਚਲੀ ਹੋ ਕੇ ਅੱਖਾਂ ਮੀਟੀ ਬੈਠੀ ਹੈ। ਇਨ੍ਹਾਂ ਤਿੰਨ ਕਤਲ ਹੋਏ ਨੌਜਵਾਨਾਂ ਵਿਚੋਂ ਦੋ ਦਲਿਤ ਭਾਈਚਾਰੇ ਨਾਲ ਸਬੰਧਤ ਹਨ। ਮਤਲਬ ਇਹ ਕਿ ਦਲਿਤ ਵੀ ਇਨ੍ਹਾਂ ਮਾਫੀਆ ਦੇ ਨਿਸ਼ਾਨੇ ‘ਤੇ ਹਨ।
ਸ਼ਰਾਬ ਮਾਫੀਆ ਨੇ ਕਤਲ ਕੀਤੇ ਪੁਲਿਸ ਕਾਤਲਾਂ ਨੂੰ ਬਚਾਉਣ ‘ਚ ਜੁਟੀ!
ਚੰਡੀਗੜ੍ਹ : ਲੰਘੇ ਇਕ ਹਫਤੇ ਵਿਚ ਤਿੰਨ ਕਤਲ ਹੁੰਦੇ ਹਨ, ਕਤਲ ਤੋਂ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਮਿਲਦੀ ਹੈ ਪਰ ਉਹ ਅਣਸੁਣੀ ਕਰ ਦਿੰਦੀ ਹੈ ਤੇ ਕਤਲ ਤੋਂ ਬਾਅਦ ਵੀ ਕਾਤਲਾਂ ਨੂੰ ਸਬੂਤ ਮਿਟਾਉਣ ਦਾ ਪੂਰਾ ਵਕਤ ਦਿੱਤਾ ਜਾਂਦਾ ਹੈ। ਐਫਆਈਆਰ ਤੱਕ ਬਦਲ ਦਿੱਤੀ ਜਾਂਦੀ ਹੈ। ਸੁਖਚੈਨ ਦੀ ਐਫਆਈਆਰ ਵਿਚ ਨਾ ਲੱਤ ਵੱਢਣ ਦਾ ਜ਼ਿਕਰ ਹੈ, ਨਾ ਲੱਤ ਨਾਲ ਲੈ ਜਾਣ ਦਾ, ਕਿਉਂਕਿ ਦੋਸ਼ੀਆਂ ਨੂੰ ਫਾਂਸੀ ਹੋ ਸਕਦੀ ਸੀ। ਮਤਲਬ ਇਹ ਕੱਢੀਏ ਕਿ ਪੁਲਿਸ ਕਾਤਲਾਂ ਨੂੰ ਬਚਾਉਣ ‘ਚ ਜੁਟੀ ਹੈ।
ਕੇਸ-1 ਮਾਨਸਾ : ਸੁਖਚੈਨ ਕਤਲ ਕਾਂਡ
10 ਅਕਤੂਬਰ ਦੀ ਰਾਤ ਨੂੰ ਪਿੰਡ ਘਰਾਂਗਣਾ ਵਿਚ 8.30 ਵਜੇ ਦਲਿਤ ਭਾਈਚਾਰੇ ਨਾਲ ਸਬੰਧਤ ਸੁਖਚੈਨ ਕਿਡਨੈਪ ਹੁੰਦਾ ਹੈ, ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ। ਜਦ ਤੱਕ ਪੁਲਿਸ ਆਈ ਸੁਖਚੈਨ ਦੀ ਲੱਤ ਵੱਢ ਦਿੱਤੀ ਗਈ, ਤੜਫ-ਤੜਫ ਕੇ ਉਸਦੀ ਮੌਤ ਹੋ ਗਈ। ਪਰਿਵਾਰ ਨੇ ਆਖਿਆ ਲਾਸ਼ ਦੋਸ਼ੀਆਂ ਦੇ ਘਰ ਵਿਚ ਹੈ, ਪੁਲਿਸ ਨੇ ਤਲਾਸ਼ੀ ਵੀ ਨਹੀਂ ਲਈ, ਉਲਟਾ ਐਫਆਈਆਰ ਵਿਚ ਪਿਉ ਦਾ ਬਿਆਨ ਹੀ ਬਦਲ ਦਿੱਤਾ।
ਕੇਸ-2 ਮੁਕਤਸਰ : ਅਜੇ ਕਤਲ ਕਾਂਡ
7 ਅਕਤੂਬਰ ਨੂੰ ਅਜੇ ਦੀ ਜਾਨ ਨੂੰ ਖਤਰੇ ਵਾਲੀ ਥਾਣੇ ਨੂੰ ਸ਼ਿਕਾਇਤ ਦਿੱਤੀ। ਅਗਲੀ ਸਵੇਰ ਉਸਦੀ ਲਾਸ਼ ਮਿਲੀ। ਅਜੇ ਦੀਆਂ ਅੱਖਾਂ ਕੱਢ ਲਈਆਂ ਗਈਆਂ, ਕੰਨ ਕੱਟ ਲਏ ਗਏ, 17 ਸਾਲਾ ਦਲਿਤ ਨੌਜਵਾਨ ਦਾ ਕਸੂਰ ਸੀ ਕਿ ਉਹ ਗੈਰਕਾਨੂੰਨੀ ਸ਼ਰਾਬ ਵੇਚਣ ਦਾ ਵਿਰੋਧੀ ਸੀ।
ਕੇਸ-3 ਜਲੰਧਰ : ਮੁਨੀਸ਼ ਕਤਲ ਕਾਂਡ
ਮੁਹੱਲੇ ਵਿਚ ਸ਼ਰ੍ਹੇਆਮ ਸ਼ਰਾਬ ਵੇਚਣ ਦਾ ਵਿਰੋਧ ਕਰਨ ‘ਤੇ ਸ਼ਰਾਬ ਮਾਫੀਆ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਤੇ ਭੰਨਤੋੜ ਕਰਦਾ ਹੈ। ਪੁਲਿਸ ਸ਼ਿਕਾਇਤ ਮਿਲਣ ‘ਤੇ ਕਾਰਵਾਈ ਨਹੀਂ ਕਰਦੀ ਤੇ ਆਖਰ ਉਹ ਮੁਨੀਸ਼ ਦਾ ਕਤਲ ਕਰ ਦਿੰਦੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …