Breaking News
Home / ਕੈਨੇਡਾ / ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ‘ਤੇ ਸਾਊਂਡ ਐਂਡ ਲੇਜ਼ਰ ਸ਼ੋਅ ਨੂੰ ਹਜ਼ਾਰਾਂ ਲੋਕਾਂ ਨੇ ਦੇਖਿਆ

ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ‘ਤੇ ਸਾਊਂਡ ਐਂਡ ਲੇਜ਼ਰ ਸ਼ੋਅ ਨੂੰ ਹਜ਼ਾਰਾਂ ਲੋਕਾਂ ਨੇ ਦੇਖਿਆ

ਸਭ ਪਾਸੇ ‘ਵਿਰਾਸਤ-ਏ-ਖ਼ਾਲਸਾ’ ਦੀ ਪ੍ਰਸ਼ੰਸਾ
ਬਰੈਂਪਟਨ : ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਤਿਆਰ ਕੀਤੇ ਗਏ ਸਾਊਂਡ ਐਂਡ ਲੇਜ਼ਰ ਸ਼ੋਅ ਨੂੰ ਦੇਖਣ ਲਈ ਸੰਗਤਾਂ ਵੱਲੋਂ ਬੇਮਿਸਾਲ ਹੁੰਗਾਰਾ ਮਿਲਿਆ। ਸਾਢੇ ਚਾਰ ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਜਿੱਥੇ ਇਸ ਸ਼ੋਅ ਦਾ ਭਰਪੂਰ ਅਨੰਦ ਮਾਣਿਆ, ਓਥੇ ਇਸ ਸ਼ੋਅ ਨੂੰ ਭਾਰਤ ਤੋਂ ਲਿਆ ਕੇ ਇਥੇ ਦਿਖਾਉਣ ਵਾਲੀ ਸੰਸਥਾ ਵਿਰਾਸਤ-ਏ-ਖ਼ਾਲਸਾ ਦੀ ਬਹੁਤ ਸਲਾਹੁਤਾ ਕੀਤੀ ਗਈ।
ਨਵੀਂ ਤਕਨਾਲੋਜੀ ਨਾਲ ਤਿਆਰ ਕੀਤੇ ਇਸ ਸ਼ੋਅ ਨੂੰ ਬਰੈਂਪਟਨ ਸਥਿਤ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿੱਚ ਦੋ ਵਾਰ ਦਿਖਾਇਆ ਗਿਆ ਅਤੇ ਦੋਨੋ ਹੀ ਸ਼ੋਅਜ਼ ਹਾਊਸ-ਫੁੱਲ ਹੋ ਨਿੱਬੜੇ। ਦਰਅਸਲ ਮੁੱਢਲੇ ਤੌਰ ‘ਤੇ ਇਹ ਸ਼ੋਅ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਪਟਨਾ ਸਾਹਿਬ ਵਿੱਚ ਦਿਖਾਉਣ ਲਈ ਤਿਆਰ ਕੀਤਾ ਗਿਆ ਸੀ, ਜਿਸ ਨੂੰ ਸਾਲ ਭਰ ਲੱਖਾਂ ਸੰਗਤਾਂ ਨੇ ਦੇਖਿਆ। ਵਿਰਾਸਤ-ਏ-ਖ਼ਾਲਸਾ ਦੇ ਉਦਮ ਨਾਲ਼ ਇਸ ਸ਼ੋਅ ਨੂੰ ਭਾਰਤ ਤੋਂ ਲਿਆ ਕੇ ਜੀ.ਟੀ.ਏ ਦੀਆਂ ਸੰਗਤਾਂ ਨੂੰ ਦਿਖਾਉਣ ਲਈ ਇਸ ਸੰਸਥਾ ਦੀ ਕਾਰਜਕਾਨੀ ਕਮੇਟੀ ਦੀ ਹਰ ਪਾਸਿਓਂ ਤਰੀਫ਼ ਕੀਤੀ ਗਈ। ਇਸ ਸ਼ੋਅ ਨੂੰ ਬਿਨਾ ਕਿਸੇ ਟਿਕਟ ਦੇ ਦਿਖਾਉਣ ਦੇ ਫੈਸਲੇ ਨੂੰ ਸਿਰੇ ਚਾੜ੍ਹਨ ਲਈ ਵਪਾਰੀ ਵਰਗ ਨੇ ਦਿਲ ਖੋਲ੍ਹ ਦੇ ਮਾਇਕ ਸਹਾਇਤਾ ਦਿੱਤੀ ਅਤੇ ਇਸ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਲਈ ਸਮੁੱਚੇ ਪੰਜਾਬੀ ਮੀਡੀਏ ਨੇ ਬਿਨਾ ਕਿਸੇ ਸ਼ਰਤ ਆਪਣੀ ਜ਼ਿੰਮੇਵਾਰੀ ਨਿਭਾਈ।
ਸ਼ੋਅ ਦੇ ਆਰੰਭ ਵਿੱਚ ਵਿਰਾਸਤ-ਏ-ਖ਼ਾਲਸਾ ਕਮੇਟੀ ਦੇ ਸੀਨੀਅਰ ਮੈਂਬਰ ਇੰਦਰਜੀਤ ਸਿੰਘ ਬਲ ਨੇ ਇਸ ਸ਼ੋਅ ਦੇ ਪਿਛੋਕੜ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਨੂੰ ਦੇਖਣ ਲਈ ਸੰਗਤਾਂ ਦੇ ਉਤਸ਼ਾਹ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਕਮੇਟੀ ਦੇ ਮੈਂਬਰਾਂ ਦਾ ਹੌਸਲਾ ਵਧਿਆ ਹੈ ਅਤੇ ਇਸ ਵੱਲੋਂ ਹੁਣੇ ਤੋਂ ਹੀ 2019 ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਇਸੇ ਤਰ੍ਹਾਂ ਵਿਲੱਖਣ ਤਰੀਕੇ ਨਾਲ ਮਨਾਉਣ ਦੀਆਂ ਵਿਉਂਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਟੇਜ ਤੋਂ ਭਾਰਤੀ ਕੌਂਸਲੇਟ ਦੇ ਡੀ.ਪੀ ਸਿੰਘ ਅਤੇ ਐਨ.ਪੀ ਸਿੰਘ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਇਸ ਸ਼ੋਅ ਨੂੰ ਤਿਆਰ ਕਰਨ ਵਾਲੀ ਕੰਪਨੀ ਦੇ ਨਵੀਨ ਸ਼ਰਮਾ ਅਤੇ ਅਭਿਸ਼ੇਕ ਨੂੰ ਕੈਨੇਡਾ ਪਹੁੰਚਣ ਵਿੱਚ ਮੱਦਦ ਕੀਤੀ। ਨਾਲ਼ ਹੀ ਕੈਨੇਡੀਅਨ ਕਨਵੈਨਸ਼ਨ ਸੈਂਟਰ ਦੇ ਜਗਵਿੰਦਰ ਸੈਣੀ, ਸਕਰੀਨ ਲਗਾਉਣ ਵਿੱਚ ਸਹਾਇਤਾ ਕਰਨ ਲਈ ਚਰਨਜੀਤ ਸਿੰਘ ਅਤੇ ਵਧੀਆ ਸਾਊਂਡ ਸਿਸਟਮ ਲਈ ਬਲਜੀਤ ਸਿੰਘ ઠਦਾ ਧੰਨਵਾਦ ਕੀਤਾ ਗਿਆ। ਸਮੁੱਚੇ ਮੀਡੀਆ ਦਾ ਵੀ ਬਹੁਤ ਧੰਨਵਾਦ ਕੀਤਾ ਗਿਆ। ਵਿਰਾਸਤ-ਏ-ਖ਼ਾਲਸਾ ਵੱਲੋਂ ਆਯੋਜਿਤ ਇਸ ਸ਼ੋਅ ਨੂੰ ਦੇਖਣ ਲਈ ਚੁਣੇ ਹੋਏ ਪੰਜਾਬੀ ਮੂਲ ਦੇ ਨੁਮਾਇੰਦਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ, ਜਿਹਨਾਂ ਵਿੱਚ ਐਮ.ਪੀਜ਼ ਰੂਬੀ ਸਹੋਤਾ, ਗਗਨ ਸਿਕੰਦ, ਸੋਨੀਆ ਸਿੱਧੂ, ਰਮੇਸ਼ਵਰ ਸਿੰਘ ਸੰਘਾ; ਐਮ.ਪੀ.ਪੀ ਹਰਿੰਦਰ ਮੱਲ੍ਹੀ ਅਤੇ ਬਰੈਂਪਟਨ ਸਿਟੀ ਕੌਂਸਿਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੀ ਹਾਜ਼ਰੀ ਲਗਵਾਈ।ઠਸਮਾਗਮ ਦੀ ਕਾਰਵਾਈ ਹਰਜਿੰਦਰ ਸਿੰਘ ਗਿੱਲ ਅਤੇ ਰਣਧੀਰ ਰਾਣਾ ਵੱਲੋਂ ਸੰਖੇਪ ਪਰ ਪ੍ਰਭਾਵਸ਼ਾਲੀ ਢੰਗ ਨਾਲ਼ ਨਿਭਾਈ ਗਈ। ਉਹਨਾਂ ਨੇ ਸ਼ੋਅ ਦੀ ਸ਼ੁਰੂਆਤ ਵਿੱਚ ਵਿਰਾਸਤ-ਏ-ਖ਼ਾਲਸਾ ਦੀ ਕਮੇਟੀ ਦੀ, ਹਾਜ਼ਿਰ ਹਜ਼ਾਰਾਂ ਸੰਗਤਾਂ ਨਾਲ਼ ਜਾਣ-ਪਹਿਚਾਣ ਕਰਵਾਈ ਅਤੇ ਮਹਿਮਾਨਾਂ ਨੇ ਤਾੜੀਆਂ ਮਾਰ ਕੇ ਇਕੱਲੇ ਇਕੱਲੇ ਮੈਂਬਰ ਦਾ ਉਤਸ਼ਾਹ ਵਧਾਇਆ। ਕਮੇਟੀ ਦੇ ਮੈਂਬਰ ਹਨ: ਇੰਦਰਜੀਤ ਸਿੰਘ ਬੱਲ, ਬੌਬ ਦੁਸਾਂਝ, ਡਾ: ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਗਿੱਲ, ਰਣਧੀਰ ਰਾਣਾ, ਮੇਜਰ ਨੱਤ, ਹਰਪਾਲ ਸਿੰਘ ਸੰਧੂ, ਜਗਦੀਸ਼ ਗਰੇਵਾਲ, ਸੋਢੀ ਨਾਗਰਾ, ਸ਼ੇਰ ਦਲਜੀਤ ਸਿੰਘ ਢਿੱਲੋਂ, ਜੱਸੀ ਸਰਾਏ, ਰਣਜੀਤ ਸਿੰਘ ਤੂਰ, ਮੇਜਰ ਸਿੰਘ ਗਾਖਲ, ਹਰਵਿੰਦਰ ਬਾਸੀ, ਬੌਬੀ ਸਿੱਧੂ, ਹਰਪ੍ਰੀਤ ਗਰਚਾ। ਵਿਰਾਸਤ-ਏ-ਖ਼ਾਲਸਾ ਦੀ ਟੀਮ ਵੱਲੋਂ ਪਲੈਨਟ ਵਨ ਤੋਂ ਪ੍ਰਭਜੋਤ ਕੌਰ ਅਤੇ ਇਸ ਸੰਸਥਾ ਦੇ ਮੈਬਰਾਂ ਦਾ ਨਿਰਸੁਆਰਥ ਕੰਮ ਲਈ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ।

Check Also

‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ

ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …