ਔਟਵਾ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਅਤੇ ਕੈਨੇਡਾ ਦੀ ਆਲ-ਪਾਰਟੀ ਡਾਇਬਟੀਜ਼ ਕਾਕੱਸ ਦੀ ਚੇਅਰ ਸੋਨੀਆ ਸਿੱਧੂ ਨੇ ਮਾਲਟਾ ਦੀ ਪਾਰਲੀਮੈਂਟ ਵਿੱਚ ‘2025 ਗਲੋਬਲ ਪਾਰਲੀਆਮੈਂਟਰੀ ਐਡਵੋਕੇਸੀ ਫੋਰਮ’ ਨੂੰ ਸੰਬੋਧਨ ਕੀਤਾ। 14 ਨਵੰਬਰ ਤੋਂ 16 ਨਵੰਬਰ ਤੱਕ ਤਿੰਨ ਦਿਨ ਚੱਲੇ ਇਸ ਈਵੈਂਟ ਦੀ ਮੇਜ਼ਬਾਨੀ ‘ਪਾਰਲੀਆਮੈਂਟੇਰੀਅਨਜ਼ ਫ਼ਾਰ ਡਾਇਬਟੀਜ਼ ਗਲੋਬਲ ਨੈੱਟਵਰਕ (ਪੀ.ਡੀ.ਜੀ.ਐੱਨ.) ਵੱਲੋਂ ਕੀਤੀ ਗਈ, ਜਿਸ ਵਿੱਚ ਵਿਸ਼ਵ ਪੱਧਰ ਦੇ ਨੇਤਾਵਾਂ ਵੱਲੋਂ ਡਾਇਬਟੀਜ਼ ਦੇ ਪ੍ਰਹੇਜ਼, ਇਲਾਜ ਅਤੇ ਇਸ ਦੇ ਲਈ ਲੋੜੀਂਦੀ ਇੱਕੋ ਜਿਹੀ ਪ੍ਰਵਾਹ ਦੀ ਮਜ਼ਬੂਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮਾਲਟਾ ਦੀ ਪਾਰਲੀਮੈਂਟ ਦੇ ਸਵੇਰ ਵਾਲੇ ਸੈਸ਼ਨ ਦੇ ਇੱਕ ਹਿੱਸੇ ਵਿੱਚ ਸੋਨੀਆ ਸਿੱਧੂ ਨੇ ਕੈਨੇਡਾ ਦੇ ‘ਨੈਸ਼ਨਲ ਡਾਇਬਟੀਜ਼ ਨੈੱਟਵਰਕ’ ਬਾਰੇ ਦੱਸਿਆ, ਜਿਸ ਦੇ ਉਹ ਪਾਰਲੀਮੈਂਟ ਵਿੱਚ ਮੋਹਰੀ ਹਨ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਡਾਇਬਟੀਜ਼ ਦੇ ਪ੍ਰਹੇਜ਼, ਇਲਾਜ ਅਤੇ ਇਸ ਦੇ ਬਾਰੇ ਕੈਨੇਡਾ ਵਿੱਚ ਚੱਲ ਰਹੀ ਖੋਜ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ, ”ਬਰੈਂਪਟਨ ਸਾਊਥ ਜਿਸ ਦੀ ਮੈਂ ਪਾਰਲੀਮੈਂਟ ਵਿਚ ਨੁਮਾਇੰਦਗੀ ਕਰਦੀ ਹਾਂ, ਵਿੱਚ ਲੋਕਾਂ ਨੂੰ ਡਾਇਬਟੀਜ਼ ਦੀ ਸ਼ਿਕਾਇਤ ਕੈਨੇਡਾ-ਭਰ ਵਿੱਚੋਂ ਸੱਭ ਤੋਂ ਵਧੇਰੇ ਹੈ ਅਤੇ ਇਸ ਲਈ ਮੈਨੂੰ ਇਸ ਬੀਮਾਰੀ ਦੇ ਆਮ ਲੋਕਾਂ ਅਤੇ ਕਮਿਊਨਿਟੀ ‘ਤੇ ਪੈਣ ਵਾਲੇ ਜ਼ਮੀਨੀ ਪੱਧਰ ‘ਤੇ ਪ੍ਰਭਾਵਾਂ ਬਾਰੇ ਜਾਣਕਾਰੀ ਹੈ।
ਕੈਨੇਡਾ ਨੂੰ ਇਸ ਗੱਲ ਉਤੇ ਮਾਣ ਹੈ ਕਿ ਉਸ ਨੇ ‘ਨੈਸ਼ਨਲ ਡਾਇਬਟੀਜ਼ ਫ਼ਰੇਮਵਰਕ’ ਵਿੱਚ ਦੁਨੀਆਂ ਦੀ ਅਗਵਾਈ ਕੀਤੀ ਹੈ ਅਤੇ ਅਸੀਂ ਵਿਸ਼ਵ ਪੱਧਰ ‘ਤੇ ਹੋਰ ਭਾਈਵਾਲਾਂ ਨਾਲ ਮਿਲ਼ ਕੇ ਡਾਇਬਟੀਜ਼ ਦਾ ਖ਼ਤਰਾ ਘਟਾਉਣ ਅਤੇ ਸਾਰਿਆਂ ਲਈ ਤੰਦਰੁਸਤ ਭਵਿੱਖ ਬਨਾਉਣ ਲਈ ਅੱਗੋਂ ਹੋਰ ਕੰਮ ਕਰਦੇ ਰਹਾਂਗੇ।”
ਫ਼ੋਰਮ ਵਿੱਚ ਉੱਚ-ਦਰਜੇ ਦੇ ਬੁਲਾਰਿਆਂ ਵਿੱਚ ਯੂ.ਕੇ. ਦੀ ਮਾਣਯੋਗ ਸਾਬਕਾ ਪ੍ਰਧਾਨ ਮੰਤਰੀ ਟਰੇਸਾ ਮੇਅ, ਮਾਲਟਾ ਦੀ ਪਾਰਲੀਮੈਂਟ ਦੇ ਸਪੀਕਰ ਮਾਣਯੋਗ ਆਂਗੂ ਫ਼ਰੂਜੀਆ, ਯੌਰਪੀਨ ਪਾਰਲੀਮੈਂਟ ਦੇ ਪ੍ਰਧਾਨ ਮਾਣਯੋਗ ਰੌਬਰਟਾ ਮੈੱਟਸੋਲਾ, ਅਤੇ ਇੰਟਰਨੈਸ਼ਨਲ ਡਾਇਬਟੀਜ਼ ਫ਼ੈੱਡਰੇਸ਼ਨ ਦੇ ਪ੍ਰਧਾਨ ਮਾਣਯੋਗ ਸਰ ਮਾਈਕਲ ਹਿਰਸਟ ਸ਼ਾਮਲ ਸਨ। ਇਸ ਮੌਕੇ ਹੋਏ ਮੁੱਖ ਵਿਚਾਰ-ਵਟਾਂਦਰੇ ਵਿੱਚ ‘ਗਲੋਬਲ ਡਾਇਬਟੀਜ਼ ਇੰਡੈਕਸ’ ਦੀ ਸ਼ੁਰੂਆਤ ਕਰਨਾ, ‘ਡਬਲਿਊ.ਐੱਚ.ਓ. ਗਲੋਬਲ ਡਾਇਬਟੀਜ਼ ਇਮਪੈਕਟ’, ਅਤੇ ‘ਵਲੈੱਟਾ ਕਾਲ ਟੂ ਐਕਸ਼ਨ ਡੈਕਲੇਰੇਸ਼ਨ’ ਸ਼ਾਮਲ ਮੁੱਦਿਆਂ ਦੀ ਡਾਇਬਟੀਜ਼ ਨੂੰ ਵਿਸ਼ਵ ਪੱਧਰ ‘ਤੇ ਦੂਰ ਕਰਨ ਲਈ ਇਸ ਦੇ ਇਲਾਜ ਬਾਰੇ ਅੱਗੋਂ ਹੋਰ ਖੋਜ ਕਰਨ ਅਤੇ ਸਾਰਿਆਂ ਲਈ ਇੱਕੋ ਜਿਹੀ ਪ੍ਰਵਾਹ ਕਰਨ ਦੀ ਸਾਰੇ ਨੇਤਾਵਾਂ ਵੱਲੋਂ ਪ੍ਰੋੜ੍ਹਤਾ ਕੀਤੀ ਗਈ।
ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਨੈੱਟਵਰਕਿੰਗ ਸੈਸ਼ਨ ਤੇ ਪ੍ਰੈੱਸ ਕਾਨਫਰੰਸ ਵਿੱਚ ਵੀ ਹਿੱਸਾ ਲਿਆ ਅਤੇ ਗਲੋਬਲ ਪੱਧਰ ‘ਤੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਵਿਸ਼ਵ-ਪੱਧਰੀ ਭਾਈਵਾਲੀ ਵਿੱਚ ਕੈਨੇਡਾ ਦੀ ਵਚਨਬੱਧਤਾ ਨੂੰ ਦੁਹਰਾਇਆ।
ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਨੈਸ਼ਨਲ ਡਾਇਬਟੀਜ਼ ਫ਼ਰੇਮਵਰਕ ਦੀ ਸਥਾਪਨਾ 2022 ਵਿੱਚ ਕੀਤੀ ਗਈ ਸੀ ਅਤੇ ਇਹ ਡਾਇਬਟੀਜ਼ ਦੇ ਪ੍ਰਹੇਜ਼, ਇਸ ਦੇ ਲਈ ਲੋੜੀਂਦੇ ਪ੍ਰਬੰਧਾਂ ਅਤੇ ਕੈਨੇਡਾ ਵਿੱਚ ਇਸ ਦੇ ਵੱਧ ਰਹੇ ਕੇਸਾਂ ਬਾਰੇ ‘ਰੋਡਮੈਪ’ ਤਿਆਰ ਕਰਦੀ ਹੈ। ਸਮੁੱਚੇ ਕੈਨੇਡਾ ਦੀ ਗੱਲ ਕਰੀਏ ਤਾਂ ਦੇਸ਼ ਦੇ ਹੋਰ ਭਾਗਾਂ ਨਾਲੋਂ ਬਰੈਂਪਟਨ ਸਾਊਥ ਵਿੱਚ ਡਾਇਬਟੀਜ਼ ਦੇ ਸੱਭ ਤੋਂ ਵਧੇਰੇ ਕੇਸ ਹਨ ਜੋ ਸਥਾਨਕ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।

