ਬਰੈਂਪਟਨ/ਹਰਜੀਤ ਬੇਦੀ
ਪੰਜਾਬੀ ਦੇ ਲੋਕ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਦੇ ਸਦੀਵੀ ਵਿਛੋੜੇ ਤੇ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਨੀ ਦੀ ਵਿਸ਼ੇਸ਼ ਮੀਟਿੰਗ ਵਿੱਚ ਗਹਿਰੇ ਦੁੱਖ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰੋ: ਔਲਖ ਪੰਜਾਬੀ ਦੇ ਲੋਕ ਨਾਟਕਕਾਰ ਸਨ ਜਿਨ੍ਹਾਂ ਨੇ ਆਪਣੇ ਨਾਟਕਾਂ ਰਾਹੀਂ ਹਮੇਸ਼ਾਂ ਲੋਕਾਂ ਖਾਸ ਕਰਕੇ ਕਿਸਾਨੀ ਅਤੇ ਮਜਦੂਰ ਜਮਾਤ ਦੇ ਦੁੱਖਾਂ ਦਰਦਾਂ ਦੀ ਗੱਲ ਕੀਤੀ ਅਤੇ ਅਜਿਹੀ ਹਾਲਤ ਤੋਂ ਛੁਟਕਾਰਾ ਪਾਉਣ ਲਈ ਚੇਤਨ ਕਰਨ ਦੀ ਬਹੁਤ ਹੀ ਸ਼ਿੱਦਤ ਅਤੇ ਸਿਰੜ ਨਾਲ ਯਤਨ ਕੀਤਾ। ਪ੍ਰੋ: ਔਲਖ ਦੇ ਨਾਟ-ਸੰਸਾਰ, ਅਮਲੀ ਨਾਟਕ ਸਰਗਰਮੀਆਂ, ਦੱਬੇ ਕੁਚਲੇ ਲੋਕਾਂ ਦੇ ਮੁਕਤੀ ਕਾਜ਼ ਲਈ ਸਮਰਪਣ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ, ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਲੋਕ ਘੋਲਾਂ ਦੇ ਹਾਣੀ ਰੰਗਮੰਚ ਦੀ ਸ਼ਾਨਦਾਰ ਭੂਮਿਕਾ ਕਾਰਨ ਆਮ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਦਾ ਬਹੁਤ ਹੀ ਸਤਿਕਾਰ ਹੈ। ਉਹਨਾਂ ਨੂੰ ਇਸ ਬਦਲੇ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।
ਜਿੱਥੇ ਉਹਨਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਮਾਨ ਸਨਮਾਨ ਮਿਲੇ ਹਨ ਉੱਥੇ ਪਿਛਲੇ ਸਾਲ ਪੰਜਾਬ ਦੇ ਜਨ ਸਮੂਹ ਵਲੋਂ ਲੱਗਪੱਗ ਵੀਹ ਹਜ਼ਾਰ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸਨਮਾਨ ਕਰਨਾ ਇੱਕ ਵਿਲੱਖਣ ਅਤੇ ਅਹਿਮ ਗੱਲ ਹੈ। ਤਰਕਸ਼ੀਲ ਸੁਸਾਇਟੀ ਦੇ ਸੱਦੇ ਉੱਤੇ ਉਹ ਟੋਰਾਂਟੋ ਦੇ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੇ ਹਨ ਜਿੱਥੇ ਉਹਨਾਂ ਦੇ ਨਾਟਕਾਂ ਨੂੰ ਬੇਹੱਦ ਸਲਾਹਿਆ ਗਿਆ ਸੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …