ਦਿੱਲੀ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਦੇ ਘਰਾਂ ਸਮੇਤ ਹੋਰ ਥਾਵਾਂ ’ਤੇ ਚੱਲਿਆ ਸਰਚ ਅਪ੍ਰੇਸ਼ਨ
ਨਵੀਂ ਦਿੱਲੀ/ਬਿਊਰ ਨਿਊਜ਼ : ਦਿੱਲੀ ’ਚ ਈਡੀ ਨੇ ਸ਼ਰਾਬ ਘੋਟਾਲਾ ਮਾਮਲੇ ’ਚ ਇਕ ਵਾਰ ਫਿਰ 25 ਥਾਵਾਂ ’ਤੇ ਅੱਜ ਸ਼ੁੱਕਰਵਾਰ ਨੂੰ ਸਵੇਰੇ ਛਾਪਾ ਮਾਰਿਆ। ਦਿੱਲੀ ਦੇ ਕਈ ਵੱਡੇ ਸ਼ਰਾਬ ਕਾਰੋਬਾਰੀਆਂ ਦੇ ਘਰਾਂ ਸਮੇਤ 25 ਥਾਵਾਂ ’ਤੇ ਈਡੀ ਪਹੁੰਚੀ ਅਤੇ ਇਕੱਠਿਆਂ ਸਰਚ ਅਪ੍ਰੇਸ਼ਨ ਚਲਾਇਆ ਗਿਆ। ਕੇਂਦਰੀ ਜਾਂਚ ਬਿਊਰੋ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਸ਼ਰਾਬ ਘੋਟਾਲੇ ਮਾਮਲੇ ’ਚ ਦੋਵੇਂ ਏਜੰਸੀਆਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 16 ਸਤੰਬਰ ਨੂੰ ਈਡੀ ਨੇ ਦਿੱਲੀ, ਐਨ ਸੀ ਆਰ, ਬੇਂਗਲੁਰੂ, ਹੈਦਰਾਬਾਦ ਅਤੇ ਚੇਨਈ ਸਮੇਤ ਦੇਸ਼ ’ਚ ਲਗਭਗ 40 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਈਡੀ ਵੱਲੋਂ ਦਿੱਲੀ ਦੀ ਨਵੀਂ ਆਬਕਾਰੀ ਨੀਤੀ ’ਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ’ਚ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਨੇ ਦਿੱਲੀ ’ਚ ਸ਼ਰਾਬ ਘੋਟਾਲੇ ਨੂੰ ਲੈ ਕੇ ਮਨੀਸ਼ ਸਿਸੋਦੀਆਂ ਸਮੇਤ 15 ਲੋਕਾਂ ਖਿਲਾਫ਼ ਐਫ ਆਈ ਆਰ ਦਰਜ ਵੀ ਕੀਤੀ ਹੋਈ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਦੇ ਕਹਿਣ ’ਤੇ ਹੀ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।