ਭਾਰਤੀ ਫੌਜ ਸਰਹੱਦ ‘ਤੇ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ : ਲੈਫਟੀਨੈਂਟ ਜਨਰਲ ਆਰ. ਪੀ. ਕਲਿਤਾ
ਗੁਹਾਟੀ/ਬਿਊਰੋ ਨਿਊਜ਼ : ਭਾਰਤੀ ਫੌਜ ਦੀ ਪੂਰਬੀ ਕਮਾਨ ਦੇ ਮੁਖੀ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ‘ਚ ਅੰਤਰਰਾਸ਼ਟਰੀ ਸਰਹੱਦ ਨੇੜੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਤੇਜ਼ੀ ਨਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ। ਇਸਦੇ ਨਾਲ ਹੀ ਚੀਨੀ ਸੈਨਾ ਸਰਹੱਦ ਨੇੜੇ ਆਪਣੀ ਤਾਕਤ ਨੂੰ ਵਧਾ ਰਹੀ ਹੈ। ਪੂਰਬੀ ਕਮਾਨ ਦੇ ਮੁਖੀ ਲੈਫ਼ਟੀਨੈਂਟ ਜਨਰਲ ਆਰ. ਪੀ. ਕਲਿਤਾ ਨੇ ਕਿਹਾ ਕਿ ਭਾਰਤੀ ਸੈਨਾ ਸਰਹੱਦ ‘ਤੇ ਪੈਦਾ ਹੋਣ ਵਾਲੀ ਕਿਸੇ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਸਰਹੱਦ ਨੇੜੇ ਭਾਰਤੀ ਸੈਨਾ ਵੀ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਸਮਰੱਥਾ ਨੂੰ ਲਗਾਤਾਰ ਵਿਕਸਿਤ ਕਰ ਰਹੀ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਿੱਬਤ ਖੇਤਰ ‘ਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਪਾਰ ਬਹੁਤ ਸਾਰੇ ਬੁਨਿਆਦੀ ਢਾਂਚੇ ਦਾ ਵਿਕਾਸ ਚੱਲ ਰਿਹਾ ਹੈ। ਦੂਸਰਾ ਪੱਖ ਲਗਾਤਾਰ ਆਪਣੇ ਸੜਕ, ਰੇਲ ਅਤੇ ਹਵਾਈ ਸੰਪਰਕ ਨੂੰ ਵਿਕਸਿਤ ਕਰ ਰਿਹਾ ਹੈ ਤਾਂ ਜੋ ਉਹ ਕਿਸੇ ਸਥਿਤੀ ਦਾ ਜਵਾਬ ਦੇਣ ਜਾਂ ਬਲਾਂ ਨੂੰ ਇਕੱਠੇ ਕਰਨ ਲਈ ਬਿਹਤਰ ਸਥਿਤੀ ‘ਚ ਹੋਵੇ। ਉਨ੍ਹਾਂ ਕਿਹਾ ਕਿ ਚੀਨੀ ਅਧਿਕਾਰੀਆਂ ਨੇ ਐਲਏਸੀ ਦੇ ਨੇੜਲੇ ਪਿੰਡਾਂ ਦਾ ਨਿਰਮਾਣ ਕੀਤਾ ਹੈ। ਜਿਨ੍ਹਾਂ ਦੀ ਵਰਤੋਂ ਦੋਹਰੇ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ। ਅਸੀਂ ਸਥਿਤੀ ਸੰਭਾਲਣ ਲਈ ਆਪਣੇ ਬੁਨਿਆਦੀ ਢਾਂਚੇ ਅਤੇ ਸਮਰੱਥਤਾਵਾਂ ਦੇ ਨਾਲ-ਨਾਲ ਤੰਤਰ ਨੂੰ ਵੀ ਉੱਨਤ ਕਰ ਰਹੇ ਹਾਂ। ਇਸ ਨਾਲ ਅਸੀਂ ਮਜ਼ਬੂਤ ਸਥਿਤੀ ‘ਚ ਆ ਗਏ ਹਾਂ। ਉਨ੍ਹਾਂ ਸਵੀਕਾਰ ਕੀਤਾ ਕਿ ਸਰਹੱਦੀ ਖੇਤਰਾਂ ‘ਚ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ‘ਚ ਮੁਸ਼ਕਲ ਖੇਤਰ ਅਤੇ ਖ਼ਰਾਬ ਮੌਸਮ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸੈਨਾ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।