9.6 C
Toronto
Saturday, November 8, 2025
spot_img
Homeਭਾਰਤ11 ਸਾਲਾਂ ਬਾਅਦ ਆਇਆ ਫੈਸਲਾ

11 ਸਾਲਾਂ ਬਾਅਦ ਆਇਆ ਫੈਸਲਾ

ਅਸੀਮਾਨੰਦ ਸਮੇਤ ਸਾਰੇ ਬਰੀ
ਫੈਸਲਾ ਸੁਣਾਉਣ ਤੋਂ ਬਾਅਦ ਜੱਜ ਨੇ ਦਿੱਤਾ ਅਸਤੀਫਾ
ਹੈਦਰਾਬਾਦ/ਬਿਊਰੋ ਨਿਊਜ਼ : ਹੈਦਰਾਬਾਦ ਦੀ ਇਕ ਵਿਸ਼ੇਸ਼ ਦਹਿਸ਼ਤਗਰਦੀ-ਰੋਕੂ ਅਦਾਲਤ ਦੇ ਜੱਜ ਕੇ. ਰਵਿੰਦਰ ਰੈਡੀ ਨੇ ਮੱਕਾ ਮਸਜਿਦ ਬੰਬ ਕਾਂਡ ਕੇਸ ਵਿਚੋਂ ਆਰਐਸਐਸ ਪ੍ਰਚਾਰਕ ਅਸੀਮਾਨੰਦ ਸਣੇ ਪੰਜ ਮੁਲਜ਼ਮਾਂ ਨੂੰ ਅੱਜ ਬਰੀ ਤਾਂ ਕਰ ਦਿੱਤਾ ਪਰ ਬਾਅਦ ਵਿੱਚ ਖ਼ੁਦ ਵੀ ਨਾਟਕੀ ਢੰਗ ਨਾਲ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਫ਼ੈਸਲਾ ਸੁਣਾਉਣ ਤੋਂ ਕੁਝ ਘੰਟੇ ਬਾਅਦ ਹੀ ‘ਨਿਜੀ ਕਾਰਨਾਂ’ ਦੇ ਹਵਾਲੇ ਨਾਲ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ। ਹੈਦਰਾਬਾਦ ਤੋਂ ਐਮਪੀ ਤੇ ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਆਪਣੀ ਟਵੀਟ ਰਾਹੀਂ ਇਸ ਪੂਰੇ ਮਾਮਲੇ ਵਿੱਚ ‘ਸਾਜ਼ਿਸ਼’ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਦੌਰਾਨ ਇਕ ਹੋਰ ਸੀਨੀਅਰ ਜੱਜ ਨੇ ਆਪਣਾ ਨਾਂ ਗੁਪਤ ਰੱਖਦਿਆਂ ਦਾਅਵਾ ਕੀਤਾ ਕਿ ਰੈਡੀ ਨੇ ਕਿਹਾ ਕਿ ਉਨ੍ਹਾਂ ਦੇ ਅਸਤੀਫ਼ੇ ਦਾ ਇਸ ਫ਼ੈਸਲੇ ਨਾਲ ਕੋਈ ਤੁਅੱਲਕ ਨਹੀਂ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਇਸਤਗਾਸਾ ਧਿਰ 2007 ਵਿੱਚ ਹੋਏ ਇਸ ਧਮਾਕੇ ਸਬੰਧੀ ਕੇਸ ਦੇ ਮੁਲਜ਼ਮਾਂ ਖ਼ਿਲਾਫ਼ ‘ਇਕ ਵੀ ਦੋਸ਼’ ਨੂੰ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਦੱਸਣਯੋਗ ਹੈ ਕਿ ਇਥੇ ਸਥਿਤ ਚਾਰ ਸਦੀਆਂ ਪੁਰਾਣੀ ਮੱਕਾ ਮਸਜਿਦ ਵਿੱਚ 18 ਮਈ, 2007 ਨੂੰ ਜੁੰਮੇ ਦੀ ਨਮਾਜ਼ ਸਮੇਂ ਜ਼ੋਰਦਾਰ ਧਮਾਕਾ ਉਦੋਂ ਹੋਇਆ ਸੀ। ਇਸ ਕਾਰਨ ਨੌਂ ਵਿਅਕਤੀ ਮਾਰੇ ਗਏ ਤੇ 58 ਜ਼ਖ਼ਮੀ ਹੋਏ ਸਨ। ਧਮਾਕੇ ਤੋਂ ਬਾਅਦ ਹਿੰਸਕ ਮੁਜ਼ਾਹਰੇ ਤੇ ਫ਼ਸਾਦ ਭੜਕਣ ਕਾਰਨ ਪੁਲਿਸ ਕਾਰਵਾਈ ਵਿੱਚ ਪੰਜ ਹੋਰ ਜਾਨਾਂ ਗਈਆਂ ਸਨ। ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਕਰ ਰਹੀ ਸੀ। ਫ਼ੈਸਲੇ ਤੋਂ ਬਾਅਦ ਸ਼ਹਿਰ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਰੈਡੀ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਆਪਣਾ ਫ਼ੈਸਲਾ ਸੁਣਾਇਆ। ਉਨ੍ਹਾਂ ਕਿਹਾ, ”ਇਸਤਾਗਾਸਾ ਧਿਰ (ਐਨਆਈਏ) ਕਿਸੇ ਵੀ ਮੁਲਜ਼ਮ ਖ਼ਿਲਾਫ਼ ਇਕ ਵੀ ਦੋਸ਼ ਸਾਬਤ ਨਹੀਂ ਕਰ ਸਕੀ ਅਤੇ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਜਾਂਦਾ ਹੈ।” ਇਹ ਜਾਣਕਾਰੀ ਅਸੀਮਾਨੰਦ ਦੇ ਵਕੀਲ ਜੇ.ਪੀ. ਸ਼ਰਮਾ ਨੇ ਦਿੱਤੀ। ਗ਼ੌਰਤਲਬ ਹੈ ਕਿ ‘ਹਿੰਦੂ ਅੱਤਵਾਦ’ ਵਜੋਂ ਪੇਸ਼ ਕੀਤੇ ਜਾ ਰਹੇ ਇਸ ਮਾਮਲੇ ਦਾ ਫ਼ੈਸਲਾ ਸੁਣਾਏ ਜਾਣ ਸਮੇਂ ਮੀਡੀਆ ਨੂੰ ਅਦਾਲਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਮਾਨੰਦ ਨੂੰ ਇਸ ਤੋਂ ਪਹਿਲਾਂ 2007 ਦੇ ਹੀ ਅਜਮੇਰ ਦਰਗਾਹ ਧਮਾਕਾ ਕੇਸ ਵਿੱਚੋਂ ਵੀ ਲੰਘੇ ਸਾਲ ਬਰੀ ਕਰ ਦਿੱਤਾ ਗਿਆ ਸੀ। ਉਹ ਉਸੇ ਵਰ੍ਹੇ ਦੇ ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ਵਿੱਚ ਵੀ ਮੁਲਜ਼ਮ ਹੈ। ਅਦਾਲਤ ਨੇ ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ, ਭਾਰਤ ਮੋਹਨਲਾਲ ਰਤੇਸ਼ਵਰ ਉਰਫ਼ ਭਾਰਤ ਭਾਈ ਅਤੇ ਰਾਜੇਂਦਰ ਚੌਧਰੀ ਨੂੰ ਵੀ ਬਰੀ ਕੀਤਾ ਹੈ।

RELATED ARTICLES
POPULAR POSTS