ਕਿਸ਼ਤੀ ਵਿੱਚ ਬਰਾਤ ਲੈ ਕੇ ਪੁੱਜੇ ਰਾਘਵ; ਕੇਜਰੀਵਾਲ ਸਾਫਾ ਬੰਨ ਕੇ ਬਰਾਤ ਚੜੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ 24 ਸਤੰਬਰ ਦਿਨ ਐਤਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਜੋੜੀ ਨੇ 24 ਸਤੰਬਰ ਨੂੰ ਸ਼ਾਮੀਂ ਸਾਢੇ ਚਾਰ ਵਜੇ ਫੇਰੇ ਲਏ ਤੇ ਇੱਕ-ਦੂਜੇ ਨਾਲ ਸਾਥ ਨਿਭਾਉਣ ਦਾ ਪ੍ਰਣ ਲਿਆ। ਰਾਘਵ ਕਿਸ਼ਤੀ ਵਿੱਚ ਬਰਾਤ ਲੈ ਕੇ ਵਿਆਹ ਵਾਲੇ ਸਥਾਨ ‘ਤੇ ਪੁੱਜੇ। ਬਰਾਤ ਵਿੱਚ ਰਾਘਵ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸਿਆਸੀ ਆਗੂ ਮੌਜੂਦ ਸਨ। ਅਰਵਿੰਦ ਕੇਜਰੀਵਾਲ ਸਾਫਾ ਬੰਨ ਕੇ ਬਰਾਤ ਚੜੇ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਰਾਘਵ ਦਾ ਪਰਿਵਾਰ ਉਦੈਪੁਰ ਦੇ ਤਾਜ ਲੇਕ ਪੈਲੇਸ ਤੋਂ ਦਿ ਲੀਲਾ ਪੈਲੇਸ ਤੱਕ ਕਿਸ਼ਤੀ ਦੀ ਸਵਾਰੀ ਕਰਦਾ ਦਿਖਾਈ ਦਿੱਤਾ। ਇਹ ਕਿਸ਼ਤੀ ਸਾਰੇ ਪਾਸਿਉਂ ਪਰਦਿਆਂ ਨਾਲ ਢਕੀ ਹੋਈ ਸੀ। ਜਦੋਂ ਰਾਘਵ ਬਰਾਤ ਲੈ ਕੇ ਹੋਟਲ ਪੁੱਜਿਆ ਤਾਂ ਉਸ ਨੂੰ ਛਤਰੀਆਂ ਨਾਲ ਢਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਕੋਈ ਵੀ ਉਸ ਦੀ ਤਸਵੀਰ ਨਾ ਖਿੱਚ ਸਕੇ ਪਰ ਤਸਵੀਰਾਂ ਵਿਚ ਪਤਾ ਲੱਗਿਆ ਕਿ ਉਸ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਰਾਘਵ ਦੇ ਰਿਸ਼ਤੇਦਾਰ ਤੇ ਮਹਿਮਾਨ ਵੀ ਕਿਸ਼ਤੀਆਂ ਰਾਹੀਂ ਵਿਆਹ ਵਾਲੀ ਥਾਂ ਪੁੱਜੇ। ਪਰਿਨੀਤੀ ਦੇ ਪਰਿਵਾਰ ਨੇ ਬਰਾਤ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਆਗੂ ਆਦਿੱਤਿਆ ਠਾਕਰੇ, ਸਾਬਕਾ ਟੈਨਿਸ ਖਿਡਾਰਨ ਤੇ ਪਰਿਨੀਤੀ ਦੀ ਦੋਸਤ ਸਾਨੀਆ ਮਿਰਜ਼ਾ ਤੇ ਉਸ ਦੀ ਭੈਣ, ਹਰਭਜਨ ਸਿੰਘ ਤੇ ਉਸ ਦੀ ਪਤਨੀ ਗੀਤਾ ਬਸਰਾ ਨੇ ਵਿਆਹ ਸਮਾਗਮ ਵਿੱਚ ਸ਼ਿਰਕਤ ਕੀਤੀ।
ਰਾਘਵ ਚੱਢਾ ਦੇ ਵਿਆਹ ਦਾ ਖਰਚ ਤੇ ਪ੍ਰਬੰਧ ਪੰਜਾਬ ਸਰਕਾਰ ਨੇ ਕੀਤਾ: ਸੁਖਬੀਰ ਬਾਦਲ ਦਾ ਆਰੋਪ
ਪਟਿਆਲਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ ਦਾ ਖਰਚ ਤੇ ਪ੍ਰੰਬਧ ਪੰਜਾਬ ਸਰਕਾਰ ਨੇ ਕੀਤਾ ਹੈ। ਉਨਾਂ ਦਾਅਵਾ ਕੀਤਾ ਕਿ ਚੱਢਾ ਨੇ ਰਾਜ ਸਭਾ ਚੋਣ ਮੌਕੇ ਭਰੇ ਫਾਰਮ ਵਿਚ ਆਮਦਨੀ ਢਾਈ ਲੱਖ ਰੁਪਏ ਦੱਸੀ ਸੀ, ਜਦ ਕਿ ਹੁਣ ਵਿਆਹ ਲਈ ਬੁੱਕ ਕੀਤੇ ਹੋਟਲਾਂ ਦਾ ਕਿਰਾਇਆ ਹੀ ਕਈ ਕਰੋੜ ਰੁਪਏ ਹੈ। ਬਾਦਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨਾਂ ਆਰੋਪ ਲਾਏ ਕਿ ਵਿਆਹ ਵਿੱਚ ਜਿਥੇ ਪੰਜਾਬ ਸਰਕਾਰ ਦੇ ਅਧਿਕਾਰੀ ਪ੍ਰਬੰਧਕ ਸਨ, ਉਥੇ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਸੁਰੱਖਿਆ ਛੱਤਰੀ ਵਜੋਂ ਤਾਇਨਾਤ ਕੀਤੇ ਗਏ। ਸੁਖਬੀਰ ਬਾਦਲ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪਾਰਟੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਭੂੰਦੜ, ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਜਗਜੀਤ ਕੋਹਲੀ, ਸੁਖਬੀਰ ਅਬਲੋਵਾਲ ਅਤੇ ਜਤਿੰਦਰ ਸਿੰਘ ਪਹਾੜੀਪੁਰ ਮੌਜੂਦ ਸਨ।