Breaking News
Home / ਭਾਰਤ / ਕਾਰਤੀ ਚਿਦੰਬਰਮ ਖਿਲਾਫ ਸੀਬੀਆਈ ਵੱਲੋਂ ਇਕ ਹੋਰ ਕੇਸ ਦਰਜ

ਕਾਰਤੀ ਚਿਦੰਬਰਮ ਖਿਲਾਫ ਸੀਬੀਆਈ ਵੱਲੋਂ ਇਕ ਹੋਰ ਕੇਸ ਦਰਜ

ਕਾਰਤੀ ‘ਤੇ ਗੈਰਕਾਨੂੰਨੀ ਢੰਗ ਨਾਲ 50 ਲੱਖ ਰੁਪਏ ਲੈਣ ਦੇ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਆਈ ਨੇ ਲੋਕ ਸਭਾ ਮੈਂਬਰ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਖਿਲਾਫ ਨਵਾਂ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ ਨੇ 2011 ਵਿਚ 250 ਚੀਨੀ ਨਾਗਰਿਕਾਂ ਦੀ ਭਾਰਤੀ ਵੀਜ਼ਾ ਲੈਣ ਵਿਚ ਮਦਦ ਕੀਤੀ ਤੇ ਇਸ ਲਈ ਉਨ੍ਹਾਂ ਤੋਂ ਗੈਰਕਾਨੂੰਨੀ ਢੰਗ ਨਾਲ 50 ਲੱਖ ਰੁਪਏ ਲਏ।
ਸੀਬੀਆਈ ਨੇ ਮੰਗਲਵਾਰ ਨੂੰ 10 ਥਾਵਾਂ ਦੀ ਤਲਾਸ਼ੀ ਲਈ ਹੈ ਜਿਨ੍ਹਾਂ ਵਿਚ ਕਾਰਤੀ ਦੀਆਂ ਚੇਨੱਈ ਤੇ ਦਿੱਲੀ ਸਥਿਤ ਰਿਹਾਇਸ਼ਾਂ ਵੀ ਸ਼ਾਮਲ ਹਨ। ਸੀਬੀਆਈ ਦੀ ਟੀਮ ਦਿੱਲੀ ਦੇ ਲੋਧੀ ਅਸਟੇਟ ਸਥਿਤ ਚਿਦੰਬਰਮ ਦੀ ਰਿਹਾਇਸ਼ ‘ਤੇ ਵੀ ਗਈ। ਕੀਰਤੀ ਨੇ ਮਗਰੋਂ ਟਵੀਟ ਕੀਤਾ, ‘ਮੈਂ ਗਿਣਤੀ ਭੁੱਲ ਗਿਆ ਹਾਂ, ਪਤਾ ਨਹੀਂ ਕਿੰਨੀ ਵਾਰ ਹੋ ਚੁੱਕਾ ਹੈ? ਸ਼ਾਇਦ ਰਿਕਾਰਡ ਹੀ ਬਣ ਗਿਆ ਹੋਵੇ’। ਨਵਾਂ ਕੇਸ ਜੋ ਕਿ ਪਹਿਲਾਂ ਤੋਂ ਜਾਰੀ ਜਾਂਚ ਵਿਚੋਂ ਹੀ ਨਿਕਲਿਆ ਹੈ, ‘ਚ ਸੀਬੀਆਈ ਨੇ ਆਰੋਪ ਲਾਇਆ ਹੈ ਕਿ ਕਾਰਤੀ ਨੇ ਯੂਪੀਏ ਸਰਕਾਰ ਦੌਰਾਨ 250 ਚੀਨੀ ਨਾਗਰਿਕਾਂ ਦਾ ਵੀਜ਼ਾ ਸੁਖਾਲਾ ਬਣਾਉਣ ਲਈ 50 ਲੱਖ ਦੀ ਰਿਸ਼ਵਤ ਲਈ ਸੀ।
ਚੀਨੀ ਨਾਗਰਿਕਾਂ ਨੂੰ ਇਹ ਵੀਜ਼ੇ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਲਈ ਮਿਲੇ ਸਨ। ਉਸ ਵੇਲੇ 2011 ਵਿਚ ਪੀ. ਚਿਦੰਬਰਮ ਦੇਸ਼ ਦੇ ਗ੍ਰਹਿ ਮੰਤਰੀ ਸਨ।
ਜ਼ਿਕਰਯੋਗ ਹੈ ਕਿ ਕਾਰਤੀ ਖਿਲਾਫ ਇਸ ਤੋਂ ਪਹਿਲਾਂ ਵੀ ਆਈਐੱਨਐਕਸ ਮੀਡੀਆ ਤੇ ਏਅਰਸੈੱਲ ਮੈਕਸਿਸ ਕੇਸਾਂ ਵਿਚ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸੇ ਕੇਸ ਦੀ ਜਾਂਚ ਦੌਰਾਨ 50 ਲੱਖ ਰੁਪਏ ਦਾ ਇਹ ਲੈਣ-ਦੇਣ ਸਾਹਮਣੇ ਆਇਆ ਸੀ। ਇਸੇ ਦੌਰਾਨ ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਕਿਹਾ ਕਿ ਸੀਬੀਆਈ ਦੀ ਟੀਮ ਨੇ ਉਨ੍ਹਾਂ ਦੀ ਚੇਨਈ ਤੇ ਦਿੱਲੀ ਸਥਿਤ ਰਿਹਾਇਸ਼ਾਂ ਦੀ ਤਲਾਸ਼ੀ ਲਈ ਹੈ ਪਰ ਉਨ੍ਹਾਂ ਹੱਥ ਕੁਝ ਨਹੀਂ ਲੱਗਾ ਤੇ ਨਾ ਹੀ ਕੁਝ ਜ਼ਬਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਲਾਸ਼ੀ ਦਾ ਸਮਾਂ ਵੀ ਦਿਲਚਸਪੀ ਪੈਦਾ ਕਰਦਾ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਟੀਮ ਨੇ ਉਨ੍ਹਾਂ ਨੂੰ ਇਕ ਐਫਆਈਆਰ ਦਿਖਾਈ ਜਿਸ ਵਿਚ ਉਨ੍ਹਾਂ ਦਾ ਨਾਮ ਹੀ ਨਹੀਂ ਸੀ।
ਕਾਂਗਰਸ ਪਾਰਟੀ ਚਿਦੰਬਰਮ ਨਾਲ ਖੜ੍ਹੀ
ਕਾਂਗਰਸ ਨੇ ਕਿਹਾ ਕਿ ਗਿਆਰਾਂ ਸਾਲ ਪੁਰਾਣੇ ਕੇਸ ਵਿਚ ਪਾਰਟੀ ਆਗੂ ਪੀ. ਚਿਦੰਬਰਮ ਤੇ ਕਾਰਤੀ ਚਿਦੰਬਰਮ ਉਤੇ ਸੀਬੀਆਈ ਦੇ ਛਾਪੇ ਗਲਤ ਹਨ ਤੇ ਪਾਰਟੀ ਉਨ੍ਹਾਂ ਨਾਲ ਖੜ੍ਹੀ ਹੈ। ਕਾਂਗਰਸ ਦੇ ਬੁਲਾਰੇ ਅਜੈ ਮਾਕਨ ਨੇ ਕਿਹਾ ਕਿ ਐਨੇ ਸਾਲਾਂ ਬਾਅਦ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ‘ਤੇ ਸੀਬੀਆਈ ਦੇ ਇਹ ਛਾਪੇ ਗਿਣੀ-ਮਿੱਥੀ ਸਾਜਿਸ਼ ਦਾ ਹਿੱਸਾ ਹਨ ਅਤੇ ਦਿਖਾਉਂਦੇ ਹਨ ਕਿ ਸਿਆਸਤ ਦਾ ਪੱਧਰ ਕਿੰਨਾ ਡਿੱਗ ਗਿਆ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …