ਪ੍ਰਧਾਨ ਮੰਤਰੀ ‘ਤੇ ਝੂਠ ਬੋਲ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਆਰੋਪ
ਜੈਪੁਰ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਦਰਗਾਹ ਤੋਂ ਲੈ ਕੇ ਹਵਾਈ ਅੱਡੇ ਤੱਕ ਹਰ ਚੀਜ਼ ‘ਤੇ ‘ਕੰਟਰੋਲ’ ਰੱਖਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ‘ਗੁਲਾਮ’ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਖੜਗੇ ਨੇ ਚੋਣ ਪ੍ਰਚਾਰ ਮੁਹਿੰਮ ਤਹਿਤ ਅਨੂਪਗੜ੍ਹ ਅਤੇ ਹਨੂਮਾਨਗੜ੍ਹ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਾਂਗਰਸ ਵੱਲੋਂ ਲੋਕਾਂ ਦੇ ਮੁੱਦਿਆਂ ਅਤੇ ਫਿਕਰਾਂ ਨੂੰ ਦੂਰ ਕਰਨ ਲਈ ਕੰਮ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਪਾਰਟੀ ਜੋ ਵੀ ਵਾਅਦੇ ਕਰੇਗੀ, ਉਨ੍ਹਾਂ ਨੂੰ ਨਿਭਾਵੇਗੀ। ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਹਵਾਈ ਖੇਤਰ ‘ਚ ਪਾਬੰਦੀਆਂ ਵੱਲੋਂ ਇਸ਼ਾਰਾ ਕਰਦਿਆਂ ਖੜਗੇ ਨੇ ਅਨੂਪਗੜ੍ਹ ਵਿੱਚ ਕਿਹਾ, ”ਪ੍ਰਧਾਨ ਮੰਤਰੀ ਜੀ ਇਸ ਖੇਤਰ ਦਾ ਦੌਰਾ ਕਰ ਰਹੇ ਹਨ। ਉਹ ਹਨੂਮਾਨਗੜ੍ਹ ਆਉਣਗੇ, ਜਿੱਥੇ ਅਸੀਂ ਜਾਂਦੇ ਹਾਂ, ਸਾਨੂੰ ਉਡਾਣ ਭਰਨ ਦੀ ਆਗਿਆ ਨਹੀਂ ਮਿਲਦੀ ਹੈ।”
ਕਾਂਗਰਸ ਪ੍ਰਧਾਨ ਨੇ ਕਿਹਾ, ”ਹਰ ਚੀਜ਼ ਉਨ੍ਹਾਂ ਦੇ ਕੰਟਰੋਲ ਵਿੱਚ ਹੈ ਭਾਵ ਕਿ ਹਵਾ ਉਨ੍ਹਾਂ ਦੇ ਕਾਬੂ ਹੇਠ ਹੈ, ਜ਼ਮੀਨ ਉਨ੍ਹਾਂ ਦੇ ਨਿਯੰਤਰਣ ਵਿੱਚ ਹੈ, ਹਵਾਈ ਅੱਡੇ ਉਨ੍ਹਾਂ ਦੇ ਕੰਟਰੋਲ ਵਿੱਚ ਹਨ। ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਨੂੰ ਗੁਲਾਮ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਪਰ ਅਸੀਂ ਡਰਨ ਵਾਲੇ ਨਹੀਂ। ਉਹ ਕਿੰਨਾ ਵੀ ਡਰਾਉਣ ਦੀ ਕੋਸ਼ਿਸ਼ ਕਰਨ, ਅਸੀਂ ਡਰਾਂਗੇ ਨਹੀਂ, ਲੜਾਂਗੇ ਅਤੇ ਗਰੀਬਾਂ ਨੂੰ ਜੋ ਵੀ ਤਕਲੀਫ਼ ਹੈ, ਉਸ ਨੂੰ ਦੂਰ ਕਰਾਂਗੇ, ਗਰੀਬਾਂ ਦੇ ਜੋ ਵੀ ਕੰਮ ਹਨ, ਉਹ ਕਰਕੇ ਦਿਖਾਵਾਂਗੇ।” ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਦੋਸ਼ ਨੂੰ ਵੀ ਨਕਾਰਿਆ ਕਿ ਉਨ੍ਹਾਂ (ਖੜਗੇ ਨੇ) ਮੋਦੀ ਦੇ ਪਿਤਾ ਨੂੰ ਗਾਲ਼ ਕੱਢੀ ਸੀ। ਮੋਦੀ ਨੇ ਨਾਗੌਰ ਦੀ ਇੱਕ ਰੈਲੀ ਵਿੱਚ ਦੋਸ਼ ਲਗਾਇਆ ਸੀ ਕਿ ਖੜਗੇ ਨੇ ਉਨ੍ਹਾਂ ਦੇ ਪਿਤਾ ਨੂੰ ਅਪਸ਼ਬਦ ਕਹੇ ਸੀ। ਕਾਂਗਰਸ ਪ੍ਰਧਾਨ ਨੇ ਮੋਦੀ ‘ਤੇ ਹਮਦਰਦੀ ਹਾਸਲ ਕਰਨ ਲਈ ਝੂਠ ਫੈਲਾਉਣ ਦਾ ਦੋਸ਼ ਵੀ ਲਾਇਆ। ਹਨੂਮਾਨਗੜ੍ਹ ਵਿੱਚ ਇੱਕ ਹੋਰ ਰੈਲੀ ‘ਚ ਖੜਗੇ ਨੇ ਕਿਹਾ ਕਿ ਭਾਜਪਾ ਨੇ ਕਾਂਗਰਸ ਨੂੰ ਗਾਲ਼ਾਂ ਕੱਢਣ ਅਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਤੋਂ ਬਿਨਾਂ ਕੁੱਝ ਨਹੀਂ ਕੀਤਾ।
ਧਰਮ ਦੇ ਨਾਂ ‘ਤੇ ਵੋਟ ਮੰਗਣ ਵਾਲੇ ਕੰਮ ਦੇ ਆਧਾਰ’ਤੇ ਵੋਟ ਨਹੀਂ ਮੰਗ ਸਕਦੇ : ਪ੍ਰਿਯੰਕਾ ਗਾਂਧੀ
ਜੈਪੁਰ: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜੋ ਲੋਕ ਧਰਮ ਜਾਂ ਜਾਤ ਦੇ ਨਾਂ ‘ਤੇ ਵੋਟ ਮੰਗਦੇ ਹਨ, ਉਹ ਆਪਣੇ ਕੰਮ ਦੇ ਆਧਾਰ ‘ਤੇ ਵੋਟ ਨਹੀਂ ਮੰਗ ਸਕਦੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਟਿੱਪਣੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਰਾਜਸਥਾਨ ਵਿੱਚ ਕਾਂਗਰਸ ਦੇ ਸਾਰੇ ਨੇਤਾ ਅਤੇ ਵਰਕਰ ਇੱਕਜੁੱਟ ਹੋ ਕੇ ਚੋਣ ਮੈਦਾਨ ‘ਚ ਉੱਤਰੇ ਹਨ, ਜਦਕਿ ਭਾਜਪਾ ਇੱਥੇ ਪੂਰੀ ਤਰ੍ਹਾਂ ਖਿੰਡੀ ਹੋਈ ਹੈ। ਪ੍ਰਿਯੰਕਾ ਨੇ ਅਜਮੇਰ ਦੇ ਕੇਕੜੀ ਅਤੇ ਜਹਾਜਪੁਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕੇਕੜੀ ਵਿੱਚ ਭਾਜਪਾ ‘ਤੇ ਨਿਸ਼ਾਨਾ ਸੇਧਦਿਆਂ ਕਿਹਾ, ”ਭਾਜਪਾ ਦੇ ਜ਼ਿਆਦਾਤਰ ਨੇਤਾ ਧਰਮ ਅਤੇ ਜਾਤ ਦੀ ਗੱਲ ਕਰਦੇ ਹਨ। ਜੋ ਨੇਤਾ ਚੋਣਾਂ ਵੇਲੇ ਇਹ ਗੱਲ ਕਹਿ ਰਿਹਾ ਹੈ ਕਿ ਧਰਮ ਜਾਂ ਜਾਤ ਦੇ ਆਧਾਰ ‘ਤੇ ਵੋਟ ਦਿਓ ਤਾਂ ਇਸ ਦਾ ਮਤਲਬ ਹੈ ਕਿ ਉਹ ਕੰਮ ਦੇ ਆਧਾਰ ‘ਤੇ ਵੋਟ ਨਹੀਂ ਮੰਗ ਸਕਦਾ।” ਉਨ੍ਹਾਂ ਕਿਹਾ, ”ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਉਨ੍ਹਾਂ ਦੇ ਨੇਤਾ ਸੋਚਦੇ ਹਨ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਕੰਮ ਦੇ ਆਧਾਰ ‘ਤੇ ਵੋਟ ਮੰਗਣ ਨਹੀਂ ਆਉਂਦੇ।” ਉਨ੍ਹਾਂ ਲੋਕਾਂ ਨੂੰ ਸਰਕਾਰ ਦੇ ਕੰਮ ਦੇ ਆਧਾਰ ‘ਤੇ ਵੋਟ ਪਾਉਣ ਦੀ ਅਪੀਲ ਕੀਤੀ।