9.8 C
Toronto
Tuesday, October 28, 2025
spot_img
Homeਭਾਰਤਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਾ ਜੀਵਨ ਮਨੁੱਖਤਾ ਲਈ ਪ੍ਰਕਾਸ਼ ਫੈਲਾਇਆ...

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਾ ਜੀਵਨ ਮਨੁੱਖਤਾ ਲਈ ਪ੍ਰਕਾਸ਼ ਫੈਲਾਇਆ : ਮੋਦੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੋਂ ਲਗਾਤਾਰ ਸਿੱਖਣ ਅਤੇ ਉਨ੍ਹਾਂ ਪ੍ਰਤੀ ਸਮਰਪਿਤ ਰਹਿਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਹ ਪੁਰਬ ਜਿੱਥੇ ਸਾਡੀ ਆਸਥਾ ਲਈ ਮਹੱਤਵਪੂਰਨ ਹੈ, ਉੱਥੇ ਹੀ ਸਾਨੂੰ ਬਹੁਤ ਕੁਝ ਸਿੱਖਣ ਲਈ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਮਨੁੱਖਤਾ ਨੂੰ ਸਮਰਪਿਤ ਸੀ ਅਤੇ ਉਨ੍ਹਾਂ ਨੇ ਆਪਣੇ ਪੂਰੇ ਜੀਵਨ ਵਿਚ ਮਨੁੱਖਤਾ ਲਈ ਪ੍ਰਕਾਸ਼ ਫੈਲਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼-ਵਿਦੇਸ਼ ‘ਚ ਵੱਡੀ ਪੱਧਰ ‘ਤੇ ਮਨਾਇਆ ਗਿਆ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਗਏ।
ਇਸ ਦੌਰਾਨ ਮੋਦੀ ਨੇ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਹਾਕਿਆਂ ਬਾਅਦ ਕਰਤਾਰਪੁਰ ਲਾਂਘਾ ਸੰਗਤ ਲਈ ਖੁੱਲ੍ਹਣਾ ਸੁਖਦ ਅਹਿਸਾਸ ਹੈ। ਇਸ ਤੋਂ ਇਲਾਵਾ ਮੋਦੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਮੈਨੂੰ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਲਗਾਤਾਰ ਸਿੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੋਦੀ ਨੇ ਛੱਠ ਪੂਜਾ ਦੀ ਵਧਾਈ, ਸਵੱਛਤਾ, ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਤੇ ਸੂਰਜੀ ਊਰਜਾ ਸਮੇਤ ਹੋਰਨਾਂ ਕਈ ਮੁੱਦਿਆਂ ‘ਤੇ ਚਰਚਾ ਵੀ ਕੀਤੀ।
ਮੋਦੀ ਨੇ ਕਿਹਾ ਕਿ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਸਾਡੇ ਲਈ ਜੀਵਨ ਦਾ ਇਕ ਤਰੀਕਾ ਹੈ। ਲੋਕ ਅਜੋਕੇ ਸਮੇਂ ਵਿਚ ਵਾਤਾਵਰਨ-ਅਨੁਕੂਲ ਜੀਵਨ ਅਤੇ ਵਾਤਾਵਰਨ-ਅਨੁਕੂਲ ਉਤਪਾਦਾਂ ਬਾਰੇ ਵਧੇਰੇ ਜਾਗਰੂਕ ਹੋਏ ਹਨ।
ਛੱਠ ਪੂਜਾ ਦੀ ਵਧਾਈ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਅਸੀਂ ਵਿਦੇਸ਼ਾਂ ਵਿਚ ਛੱਠ ਪੂਜਾ ਦੀਆਂ ਸ਼ਾਨਦਾਰ ਤਸਵੀਰਾਂ ਵੇਖਦੇ ਹਾਂ, ਜਿਸ ਦਾ ਮਤਲਬ ਹੈ ਕਿ ਭਾਰਤੀ ਸੰਸਕ੍ਰਿਤੀ ਅਤੇ ਇਸ ਦੀ ਆਸਥਾ ਦੁਨੀਆ ਦੇ ਹਰ ਕੋਨੇ ਵਿਚ ਆਪਣੀ ਪਛਾਣ ਬਣਾ ਰਹੀ ਹੈ। ਮੋਦੀ ਨੇ ਸੂਰਜੀ ਊਰਜਾ ਤੇ ਪੁਲਾੜ ਖੇਤਰ ਵਿਚ ਦੇਸ਼ ਦੀਆਂ ਉਪਲਬਧੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਅਸੀਂ ਸੂਰਜੀ ਊਰਜਾ ਤੋਂ ਬਿਜਲੀ ਬਣਾਉਣ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿਚ ਸ਼ਾਮਿਲ ਹੋ ਗਏ ਹਾਂ। ਇਸ ਨਾਲ ਮੱਧ ਅਤੇ ਗਰੀਬ ਪਰਿਵਾਰਾਂ ਦਾ ਜੀਵਨ ਬਦਲ ਰਿਹਾ ਹੈ। ਸੂਰਜੀ ਊਰਜਾ ਨਾਲ ਹੁਣ ਬਿੱਲ ਨਹੀਂ ਆ ਰਿਹਾ, ਸਗੋਂ ਕਮਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਭਰਾਵਾਂ ਲਈ ਕਿਸਾਨ ਕੁਸੁਮ ਯੋਜਨਾ ਸ਼ੁਰੂ ਕੀਤੀ, ਜਿਸ ਤਹਿਤ ਕਿਸਾਨ ਸੋਲਰ ਪੰਪ ਲਗਾ ਰਹੇ ਹਨ ਅਤੇ ਸੂਰਜੀ ਊਰਜਾ ਰਾਹੀਂ ਕਮਾਈ ਵੀ ਕਰ ਰਹੇ ਹਨ।
ਮੋਦੀ ਨੇ ਗੁਜਰਾਤ ਦੇ ਮੋਢੇਰਾ ਪਿੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਿੰਡ ਦੇ ਤਕਰੀਬਨ ਸਾਰੇ ਘਰ ਆਪਣੀ ਬਿਜਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੂਰਜੀ ਊਰਜਾ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਦੇ ਨਾਲ-ਨਾਲ ਦੇਸ਼ ਪੁਲਾੜ ਖੇਤਰ ਵਿਚ ਵੀ ਕਮਾਲ ਕਰ ਰਿਹਾ ਹੈ।
ਹਾਲ ਹੀ ਵਿਚ ਭਾਰਤ ਨੇ ਇਕੱਠੇ 36 ਸੈਟੇਲਾਈਟਾਂ ਨੂੰ ਪੁਲਾੜ ਵਿਚ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਡਿਜ਼ੀਟਲ ਕੁਨੈਕਟੀਵਿਟੀ ਵਿਚ ਮਦਦ ਮਿਲੇਗੀ। ਮੋਦੀ ਨੇ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਨਾ ਕੇਵਲ ਸਵਦੇਸ਼ੀ ਤਕਨੀਕ ਵਿਕਸਿਤ ਕੀਤੀ, ਸਗੋਂ ਕਈ ਸੈਟੇਲਾਈਟ ਵੀ ਸਫਲਤਾ ਪੂਰਵਕ ਸਥਾਪਿਤ ਕੀਤੇ। ਗੁਜਰਾਤ ਵਿਚ ਹੋਈਆਂ ਕੌਮੀ ਖੇਡਾਂ ਦੇ ਸਫਲ ਪ੍ਰਬੰਧ ‘ਚ ਯੋਗਦਾਨ ਦੇਣ ਵਾਲਿਆਂ ਦੀ ਮੋਦੀ ਨੇ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਮੋਦੀ ਵਲੋਂ ਕਈ ਹੋਰਨਾਂ ਵੱਖ-ਵੱਖ ਮੁੱਦਿਆਂ ਬਾਰੇ ਵੀ ਚਰਚਾ ਕੀਤੀ ਗਈ।

RELATED ARTICLES
POPULAR POSTS