Breaking News
Home / ਭਾਰਤ / ਰੂਸ-ਯੂਕਰੇਨ ਟਕਰਾਅ ਪਰਮਾਣੂ ਬਦਲ ਵੱਲ ਨਾ ਵਧੇ : ਰਾਜਨਾਥ

ਰੂਸ-ਯੂਕਰੇਨ ਟਕਰਾਅ ਪਰਮਾਣੂ ਬਦਲ ਵੱਲ ਨਾ ਵਧੇ : ਰਾਜਨਾਥ

ਰੂਸ ਦੇ ਰੱਖਿਆ ਮੰਤਰੀ ਨੇ ਭਾਰਤੀ ਹਮਰੁਤਬਾ ਨੂੰ ਤਾਜ਼ਾ ਸਥਿਤੀ ਬਾਰੇ ਕਰਾਇਆ ਜਾਣੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਸ਼ੋਇਗੂ ਨੂੰ ਕਿਹਾ ਕਿ ਯੂਕਰੇਨ ਸੰਕਟ ਦਾ ਹੱਲ ਸੰਵਾਦ ਤੇ ਕੂਟਨੀਤੀ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ ਤੇ ਕਿਸੇ ਵੀ ਧਿਰ ਨੂੰ ਪਰਮਾਣੂ ਬਦਲਾਂ ਉਤੇ ਵਿਚਾਰ ਨਹੀਂ ਕਰਨਾ ਚਾਹੀਦਾ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ੋਇਗੂ ਨੇ ਫੋਨ ਉਤੇ ਹੋਈ ਗੱਲਬਾਤ ਵਿਚ ਰਾਜਨਾਥ ਨੂੰ ਯੂਕਰੇਨ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਾਇਆ। ਗੱਲਬਾਤ ਦੌਰਾਨ ਰੂਸੀ ਆਗੂ ਨੇ ਯੂਕਰੇਨ ਵੱਲੋਂ ‘ਡਰਟੀ ਬੰਬ’ ਦੀ ਵਰਤੋਂ ਕਰਕੇ ਭੜਕਾਹਟ ਪੈਦਾ ਕੀਤੇ ਜਾਣ ਬਾਰੇ ਆਪਣਾ ਫਿਕਰ ਵੀ ਜ਼ਾਹਿਰ ਕੀਤਾ।
ਰਾਜਨਾਥ ਨੇ ਆਪਣੇ ਬਿਆਨ ਰਾਹੀਂ ਰੂਸ ਦੇ ਨਾਲ-ਨਾਲ ਯੂਕਰੇਨ ਦਾ ਸਮਰਥਨ ਕਰ ਰਹੇ ਪੱਛਮੀ ਦੇਸ਼ਾਂ ਨੂੰ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਣੂ ਬਦਲ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ ਯੂਕਰੇਨ ਕੋਲ ਕੋਈ ਪਰਮਾਣੂ ਹਥਿਆਰ ਨਹੀਂ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪਿਛਲੇ ਮਹੀਨੇ ਚਿਤਾਵਨੀ ਦਿੱਤੀ ਸੀ ਕਿ ਮਾਸਕੋ ਟਕਰਾਅ ਗਹਿਰਾ ਹੋਣ ਦੀ ਸਥਿਤੀ ਵਿਚ ਆਪਣੇ ਖੇਤਰ ਦਾ ਬਚਾਅ ਕਰਨ ਲਈ ਪਰਮਾਣੂ ਹਥਿਆਰਾਂ ਦੇ ਬਦਲ ਦੀ ਵਰਤੋਂ ਕਰ ਸਕਦਾ ਹੈ। ਰਾਜਨਾਥ ਨੇ ਕਿਹਾ ਕਿ ਕਿਸੇ ਵੀ ਧਿਰ ਨੂੰ ਪਰਮਾਣੂ ਬਦਲ ਨਹੀਂ ਅਪਨਾਉਣਾ ਚਾਹੀਦਾ ਕਿਉਂਕਿ ਪਰਮਾਣੂ ਜਾਂ ਰੇਡੀਓਲੌਜੀਕਲ ਹਥਿਆਰਾਂ ਦੇ ਇਸਤੇਮਾਲ ਦੀ ਸੰਭਾਵਨਾ ਮਨੁੱਖਤਾ ਦੇ ਮੂਲ ਸਿਧਾਂਤਾਂ ਦੇ ਖਿਲਾਫ਼ ਹੈ। ਰਾਜਨਾਥ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਨੇ ਇਸ ਮੌਕੇ ਦੁਵੱਲੇ ਰੱਖਿਆ ਸਹਿਯੋਗ ਬਾਰੇ ਵੀ ਚਰਚਾ ਕੀਤੀ।
ਧਿਆਨ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਵੀ ਟਕਰਾਅ ਦੇ ਹੱਲ ਲਈ ਪੂਤਿਨ ਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਹਨ।
ਇਸੇ ਦੌਰਾਨ ਰੂਸ ਨੇ ਰਣਨੀਤਕ ਪਰਮਾਣੂ ਅਭਿਆਸ ਵੀ ਆਰੰਭਿਆ ਹੋਇਆ ਹੈ ਜਿਸ ਦੀ ਨਿਗਰਾਨੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕਰ ਰਹੇ ਹਨ। ਯੂਕਰੇਨ ਮਸਲੇ ‘ਤੇ ਪੱਛਮ ਨਾਲ ਵਧੇ ਟਕਰਾਅ ਵਿਚਾਲੇ ਰੂਸ ਦੇ ਪਰਮਾਣੂ ਬਲ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦਾਗ ਕੇ ਜੰਗੀ ਅਭਿਆਸ ਕਰ ਰਹੇ ਹਨ। ਰੂਸ ਇਸ ਅਭਿਆਸ ਰਾਹੀਂ ਆਪਣੀ ਤਾਕਤ ਦਾ ਪ੍ਰਗਟਾਵਾ ਵੀ ਕਰ ਰਿਹਾ ਹੈ।

Check Also

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ 19 ਰੁਪਏ ਹੋਇਆ ਸਸਤਾ

ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਤੇਲ ਮਾਰਕੀਟਿੰਗ …