ਮੁੱਖ ਮੰਤਰੀ ਨੇ ਕਿਹਾ : ਭਾਜਪਾ ਦਿੱਲੀ ਸਰਕਾਰ ਡੇਗਣ ਲਈ 800 ਕਰੋੜ ਰੁਪਏ ਖਰਚਣ ਦੀ ਤਿਆਰੀ ’ਚ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਦਿੱਲੀ ਵਿਚ ‘ਅਪਰੇਸ਼ਨ ਲੋਟਸ’ ਉਤੇ ਸਵਾਲ ਉਠਾਉਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ‘ਆਪ’ ਦੇ 9 ਵਿਧਾਇਕ ਸ਼ਾਮਲ ਨਹੀਂ ਹੋਏ ਅਤੇ ਪਾਰਟੀ ਹਾਈਕਮਾਨ ਦਾ ਇਨ੍ਹਾਂ ਵਿਧਾਇਕਾਂ ਨਾਲ ਸੰਪਰਕ ਵੀ ਨਹੀਂ ਹੋਇਆ। ਮੀਟਿੰਗ ਤੋਂ ਬਾਅਦ ਅਰਵਿੰਦ ਕੇਜਰੀਵਾਲ ਰਾਜਘਾਟ ਪਹੁੰਚੇ ਅਤੇ ਉਨ੍ਹਾਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਸਾਡੇ 40 ਵਿਧਾਇਕਾਂ ਨੂੰ ਖਰੀਦਣਾ ਚਾਹੁੰਦੀ ਹੈ ਅਤੇ ਸਾਰੇ ਵਿਧਾਇਕਾਂ ਨੂੰ ਵੀਹ-ਵੀਹ ਕਰੋੜ ਰੁਪਏ ਦਾ ਆਫਰ ਦਿੱਤਾ ਜਾ ਰਿਹਾ ਹੈ। ਕੇਜਰੀਵਾਲ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਭਾਜਪਾ ਦੇ ਆਗੂ 800 ਕਰੋੜ ਰੁਪਏ ਖਰਚ ਕਰਕੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ 70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਵਿਚ ‘ਆਪ’ ਕੋਲ 62 ਅਤੇ ਭਾਜਪਾ ਕੋਲ ਸਿਰਫ 8 ਸੀਟਾਂ ਹਨ।