
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ’ਚ ਫਰਵਰੀ 2024 ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਅਮਰੀਕਾ ਦੀ ਐਂਟਰੀ ਹੋ ਗਈ ਹੈ। ਪਾਕਿਸਤਾਨ-ਤਹਿਰੀਕ-ਏ-ਇਨਸਾਫ ਪਾਰਟੀ (ਪੀਟੀਆਈ) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੱਖ ਵਿਚ ਹਵਾ ਨੂੰ ਦੇਖਦੇ ਹੋਏ ਅਮਰੀਕੀ ਰਾਜਦੂਤ ਡੋਨਾਲਡ ਬਲੂਮ ਨੇ ਉਨ੍ਹਾਂ ਨਾਲ ਜੇਲ੍ਹ ’ਚ ਮੁਲਾਕਾਤ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਲੂਮ ਵਲੋਂ ਇਹ ਮੁਲਾਕਾਤ ਇਸਲਾਮਾਬਾਦ ਦੇ ਨੇੜੇ ਸਥਿਤ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਕੀਤੀ ਗਈ ਹੈ। ਇਸ ਮੁਲਾਕਾਤ ਦੌਰਾਨ ਅਮਰੀਕਾ ਵਲੋਂ ਇਮਰਾਨ ਖਾਨ ਨੂੰ ਸਫਾਈ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੇ ਪਿੱਛੇ ਅਮਰੀਕਾ ਦਾ ਕੋਈ ਰੋਲ ਨਹੀਂ ਸੀ। ਅਮਰੀਕੀ ਰਾਜਦੂਤ ਡੋਨਾਲਡ ਬਲੂਮ ਨੇ ਬਲੋਚਿਸਤਾਨ ਦੇ ਕੁਵੇਟਾ ਦਾ ਦੌਰਾ ਵੀ ਕੀਤਾ ਅਤੇ ਉਨ੍ਹਾਂ ਨੇ ਪਾਕਿਸਤਾਨ ਨੂੰ 33 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਵੀ ਕੀਤਾ। ਅਮਰੀਕੀ ਰਾਜਦੂਤ ਨੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸਰੀਫ, ਸਾਬਕਾ ਪੀਐਮ ਨਵਾਜ਼ ਸ਼ਰੀਫ ਅਤੇ ਹੋਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ’ਤੇ ਇਮਰਾਨ ਖਾਨ ਨੂੰ ਸੱਤਾ ਤੋਂ ਲਾਂਭੇ ਕਰਵਾਉਣ ਦੇ ਆਰੋਪ ਲੱਗੇ ਸਨ। ਇਮਰਾਨ ਖਾਨ ਅਪ੍ਰੈਲ 2022 ਵਿਚ ਸੰਸਦ ਵਿਚ ਭਰੋਸੇ ਦਾ ਵੋਟ ਹਾਰ ਗਏ ਸਨ ਅਤੇ ਫਿਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਧਿਆਨ ਰਹੇ ਕਿ ਇਮਰਾਨ ਖਾਨ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ’ਚ ਬੰਦ ਹਨ।