ਚੋਣ ਨਤੀਜਿਆਂ ਦਾ ਅਧਿਕਾਰਤ ਤੌਰ ’ਤੇ ਭਲਕੇ 9 ਫਰਵਰੀ ਨੂੰ ਹੋ ਸਕਦਾ ਹੈ ਐਲਾਨ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਚੋਣਾਂ ਦੇ ਲਈ ਅੱਜ ਇਕੋ ਸਮੇਂ ਵੋਟਾਂ ਪੈ ਗਈਆਂ ਹਨ। ਵੋਟਾਂ ਪੈਣ ਦਾ ਕੰਮ ਸਵੇਰੇ ਸਾਢੇ 8 ਵਜੇ ਸ਼ੁਰੂ ਹੋ ਗਿਆ ਸੀ ਅਤੇ ਸ਼ਾਮੀਂ ਸਾਢੇ 5 ਵਜੇ ਤੱਕ ਜਾਰੀ ਰਿਹਾ। ਚੋਣ ਕਮਿਸ਼ਨ ਅਧਿਕਾਰਤ ਤੌਰ ’ਤੇ ਭਲਕੇ 9 ਫਰਵਰੀ ਨੂੰ ਚੋਣ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਵਿਚ ਇਸ ਵਾਰ ਦੀਆਂ ਚੋਣਾਂ ਜ਼ਿਆਦਾ ਖਰਚੀਲੀਆਂ ਹਨ। ਦੱਸਿਆ ਗਿਆ ਹੈ ਕਿ ਇਨ੍ਹਾਂ ਚੋਣਾਂ ’ਤੇ ਕਰੀਬ 1 ਹਜ਼ਾਰ ਕਰੋੜ ਰੁਪਏ ਖਰਚ ਹੋ ਰਹੇ ਹਨ। ਪਾਕਿਸਤਾਨ ਦੇ ਕੇਅਰ ਟੇਕਰ ਪ੍ਰਧਾਨ ਮੰਤਰੀ ਅਨਵਾਰ ਉਲ ਹੱਕ ਕਾਕੜ ਨੇ ਵੋਟਿੰਗ ਦੌਰਾਨ ਕਈ ਪੋਲਿੰਗ ਸਟੇਸ਼ਨਾਂ ’ਤੇ ਜਾ ਕੇ ਸੁਰੱਖਿਆ ਸਬੰਧੀ ਜਾਇਜ਼ਾ ਵੀ ਲਿਆ ਸੀ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪਾਕਿਸਤਾਨ ਵਿੱਚ ਅੱਜ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜੇਲ੍ਹ ਵਿਚ ਹੋਣ ਕਾਰਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ। ਧਿਆਨ ਰਹੇ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਮਰਾਨ ਖਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।