Breaking News
Home / ਮੁੱਖ ਲੇਖ / ਇਕ ਵਿਸ਼ੇਸ਼ ਮੁਲਾਕਾਤ

ਇਕ ਵਿਸ਼ੇਸ਼ ਮੁਲਾਕਾਤ

(ਕਿਸ਼ਤ ਦੂਜੀ)
ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ
ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪੰਜਾਬੀ ਦੇ ਕਈ ਵਿਦਵਾਨਾਂ ਦੀਆਂ ਕਿਤਾਬਾਂ ਦਾ ਮੁੱਖਬੰਧ ਲਿਖਣ ਦਾ ਅਤੇ ਲਗਭਗ 20 ਵਿਦਵਾਨਾਂ ਦੀਆਂ ਕਿਤਾਬਾਂ ਦਾ ਰਿਵੀਊ ਕਰਨ ਦਾ ਵੀ ਮਾਣ ਹਾਸਿਲ ਹੌਇਆ ਹੈ। ਨੰਗਲ, ਰੋਪੜ ਦੀ ”ਅੱਖਰ” ਸਾਹਿਤ ਸੰਸਥਾ ਦਾ ਬਾਨੀ ਪ੍ਰਧਾਨ ਰਿਹਾ ਹਾਂ ਅਤੇ ”ਪੰਜਾਬ ਵਿਗਿਆਨ ਸਾਹਿਤ ਸਭਾ” ਦਾ ਬਾਨੀ ਜਨਰਲ ਸਕੱਤਰ ਰਹਿ ਚੁੱਕਾ ਹਾਂ।
?. ਉਨ੍ਹਾਂ ਅਧਿਆਪਕਾਂ ਦਾ ਜ਼ਿਕਰ ਕਰੋ ਜਿਨ੍ਹਾਂ ਨੇ ਤੁਹਾਡੇ ‘ਤੇ ਬਹੁਤ ਚੰਗਾ ਜਾਂ ਮਾੜਾ ਪ੍ਰਭਾਵ ਪਾਇਆ ਹੋਵੇ।
-ਮੇਰੇ ਮੁੱਢਲੇ ਅਧਿਆਪਕਾਂ ਵਿਚ ਮੇਰੀ ਮਾਤਾ ਪ੍ਰਕਾਸ਼ ਕੌਰ, ਮੇਰੇ ਵੱਡੇ ਵੀਰ ਸ. ਤੇਜ ਪਾਲ ਸਿੰਘ, ਮੇਰੇ ਤਾਇਆ ਜੀ ਸ. ਮਨੋਹਰ ਸਿੰਘ ਜੀ ਸਨ ਜਿਨ੍ਹਾਂ ਮੈਨੂੰ ਜੀਵਨ ਵਿਚ ਸਫਲਤਾ ਪ੍ਰਾਪਤੀ ਲਈ ਲਗਨ, ਸਖ਼ਤ ਮਿਹਨਤ ਤੇ ਦਿਆਨਤਦਾਰੀ ਦਾ ਸਬਕ ਪੜ੍ਹਾਇਆ। ਸਕੂਲੀ ਵਿੱਦਿਆ ਦੌਰਾਨ, ਮਾਸਟਰ ਗੁਰਦਿਆਲ ਸਿੰਘ ਸ਼ਾਹੀ, ਸਤਵੰਤ ਕੌਰ ਭੈਣ ਜੀ, ਹੈੱਡਮਾਸਟਰ ਸੋਹਣ ਸਿੰਘ ਕਸਬਾ, ਮਾਸਟਰ ਸੋਹਣ ਸਿੰਘ ਬਾਬਕ, ਹੈੱਡਮਾਸਟਰ ਸਰਵਣ ਸਿੰਘ ਬਾਠ (ਜੋ ਸਮੇਂ ਨਾਲ ਡੀ. ਈ. ਓ ਬਣੇ), ਅਤੇ ਕਾਲਜੀ ਪੜ੍ਹਾਈ ਦੌਰਾਨ ਪ੍ਰੋ ਚਰਨਜੀਤ ਸਿੰਘ, ਪ੍ਰੋ ਐੱਸ. ਐੱਸ. ਡਡਵਾਲ ਤੇ ਪ੍ਰੋ ਵਿਦਵਾਨ ਸਿੰਘ ਸੋਨੀ (ਜੋ ਸਮੇਂ ਨਾਲ ਪ੍ਰਿੰਸੀਪਲ ਬਣੇ) ਤੋਂ ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਚੰਗਾ ਜੀਵਨ ਜਿਊਣ ਬਾਰੇ ਅਥਾਹ ਗਿਆਨ ਪ੍ਰਾਪਤ ਹੋਇਆ। ਯੂਨੀਵਰਸਿਟੀ ਅਧਿਐਨ ਕਾਰਜਾਂ ਦੌਰਾਨ ਪ੍ਰੋ. ਸੁਰਜੀਤ ਸਿੰਘ ਭੱਟੀ, ਖੋਜ ਨਿਗਰਾਨ ਅਤੇ ਪ੍ਰੋ .ਹਰਦੇਵ ਸਿੰਘ ਵਿਰਕ, ਮੁਖੀ ਫਿਜ਼ਿਕਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੁਚੱਜੀ ਅਗਵਾਈ ਮਿਲੀ ਤੇ ਹੁਣ ਵੀ ਮਿਲਦੀ ਰਹਿੰਦੀ ਹੈ।
?. ਦੋਸਤਾਂ ਦਾ ਜ਼ਿਕਰ ਕਰੋ ਜੋ ਅੱਜ ਤੀਕ ਤੁਹਾਨੂੰ ਚੇਤੇ ਹਨ।
– ਸਕੂਲੀ ਤੇ ਕਾਲਜੀ ਸਿੱਖਿਆ ਪ੍ਰਾਪਤੀ ਦੌਰਾਨ ਅਨੇਕ ਬੜੇ ਪਿਆਰੇ ਮਿੱਤਰ ਮਿਲੇ ਜੋ ਹੁਣ ਵੀ ਸੰਪਰਕ ਵਿਚ ਹਨ, ਉਨ੍ਹਾਂ ਵਿਚੋਂ ਖਾਸ ਹਨ: ਸੁਖਜੀਤ ਸਿੰਘ ਬੈਂਸ, ਹਰਦੀਪ ਸਿੰਘ, ਪਰਮਿੰਦਰ ਸਿੰਘ, ਪ੍ਰੋ. ਗੁਰਪਾਲ ਸਿੰਘ, ਸ਼ਿਆਮ ਵੈਦ, ਰਾਵਿੰਦਰ ਬਾਠ, ਪ੍ਰੋ. ਐੱਨ. ਪੀ. ਸਿੰਘ, ਪ੍ਰੋ .ਪ੍ਰੀਤਮ ਸਿੰਘ ਗਿੱਲ, ਸ. ਤਰਸੇਮ ਸਿੰਘ ਭੰਗਲ, ਜੰਗ ਸਿੰਘ ਤੇ ਪ੍ਰਿੰਸੀਪਲ ਹਰਦੀਪ ਸਿੰਘ। ਜੀਵਨ ਯਾਤਰਾ ਦੌਰਾਨ ਮਿਲੇ ਖਾਸ ਦੋਸਤਾਂ ਵਿਚ ਸ. ਫੁਲਵੰਤ ਸਿੰਘ ਮਨੋਚਾ, ਡਾ. ਗੁਲਜ਼ਾਰ ਸਿੰਘ ਕੰਗ, ਬਲਵੀਰ ਸੈਣੀ, ਭੈਣ ਨਿਰਮਲ ਕਪਿਲਾ ਤੇ ਦਵਿੰਦਰ ਸ਼ਰਮਾ ਆਦਿ ਦਾ ਵੀ ਸ਼ੁਮਾਰ ਹੈ।
?. ਨੌਕਰੀ ਕਦੋਂ ਸ਼ੁਰੂ ਕੀਤੀ, ਵੱਖ-ਵੱਖ ਜਿੱਥੇ ਕੰਮ ਕੀਤਾ।
-ਮੈਂ ਸੰਨ 1978 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਫਿਜ਼ਿਕਸ ਵਿਸ਼ੇ ਵਿਚ ਐਮ. ਐਸਸੀ. ਦੀ ਡਿਗਰੀ ਹਾਸਲ ਕੀਤੀ। ਉਸੇ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ ਵਿਖੇ ਫਿਜ਼ਿਕਸ ਵਿਸ਼ੇ ਸੰਬੰਧਤ ਅਧਿਆਪਨ ਕਾਰਜਾਂ ਦਾ ਆਰੰਭ ਕੀਤਾ। ਪਰ ਜਲਦੀ ਹੀ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਫਿਜ਼ਿਕਸ ਦੇ ਅਧਿਆਪਕ ਵਜੋਂ ਕਾਰਜ ਭਾਰ ਸੰਭਾਲ ਲਿਆ। ਅਗਲੇ ਦੋ ਸਾਲ ਇਥੇ ਹੀ ਬੀਤੇ। ਸੰਨ 1979-80 ਦੌਰਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਤੇ ਖੋਜਕਾਰ ਡਾ. ਸੁਰਜੀਤ ਸਿੰਘ ਭੱਟੀ ਦੀ ਦੇਖ ਰੇਖ ਵਿਚ, ਫ਼ਿਜ਼ਿਕਸ ਵਿਸ਼ੇ ਸੰਬੰਧਤ ਖੋਜ ਕਾਰਜ ਵੀ ਸ਼ੁਰੂ ਕਰ ਲਏ ।
ਅਗਸਤ 1980 ਵਿਚ ਸ਼ਿਵਾਲਿਕ ਕਾਲਜ, ਨਯਾ ਨੰਗਲ ਵਿਖੇ ਪੱਕੇ ਤੌਰ ਉੱਤੇ ਭੌਤਿਕ ਵਿਗਿਆਨ ਦੇ ਲੈਕਚਰਾਰ ਵਜੋਂ ਸੇਵਾ ਸੰਭਾਲੀ। ਸੰਨ 1986 ਵਿਚ, ਭੌਤਿਕ ਵਿਗਿਆਨ ਵਿਸ਼ੇ ਵਿਚ ਖੋਜ ਕਾਰਜਾਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਹੋਈ। ਸੰਨ 1997 ਵਿਚ ਸ਼ਿਵਾਲਿਕ ਕਾਲਜ, ਨਯਾ ਨੰਗਲ ਦੇ ਸਰਕਾਰੀਕਰਣ ਤੋਂ ਬਾਅਦ ਪੰਜਾਬ ਦੇ ਹੋਰ ਸਰਕਾਰੀ ਕਾਲਜਾਂ ਵਿਚ ਵੀ ਐਸੋਸੀਏਟ ਪ੍ਰੋਫੈਸਰ ਵਜੋਂ ਅਧਿਆਪਨ ਕਾਰਜ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਭਾਰਤ ਵਿਖੇ ਸੰਨ 2008 ਤਕ ਲਗਭਗ 30 ਸਾਲ ਭੌਤਿਕ ਵਿਗਿਆਨ ਵਿਸ਼ੇ ਸੰਬੰਧਤ ਅਧਿਆਪਨ ਤੇ ਖੋਜ ਕਾਰਜ ਕੀਤੇ।
ਇਸੇ ਕਾਲ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੀਆਂ ਸੈਨੇਟ ਸਭਾਵਾਂ ਅਤੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵਜੋਂ ਸੇਵਾ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ।
ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਵਿਖੇ ਡੀਨ, ਸਟੂਡੈਂਟ ਅਫੈਅਰਜ਼, ਬਰਸਰ, ਡਿਪਟੀ ਰਜਿਸਟਰਾਰ (ਐਗਜ਼ਾਮਜ਼), ਸਟਾਫ਼ ਸੈਕਟਰੀ, ਜਨਰਲ ਸੈਕਟਰੀ ਟੀਚਰ ਯੂਨੀਅਨ ਆਦਿ ਅਹੁਦਿਆਂ ਉੱਤੇ ਕੰਮ ਕਰਨ ਦਾ ਮੌਕਾ ਵੀ ਮਿਲਿਆ।
ਸੰਨ 2008 ਤੋਂ ਟੋਰਾਂਟੋ, ਕੈਨੇਡਾ ਵਿਖੇ ਸੈਕੰਡਰੀ ਅਤੇ ਡਿਗਰੀ ਪੱਧਰ ਉੱਤੇ ਅਧਿਆਪਨ ਕਾਰਜਾਂ ਵਿਚ ਕਾਰਜ਼ਸ਼ੀਲ ਹਾਂ। ਵਿੱਦਿਆ ਪ੍ਰਦਾਨ ਕਾਰਜਾਂ ਸੰਬੰਧਤ, ਸੰਨ 2013 ਵਿਚ ਮੈਂ ਕੈਂਬਰਿਜ ਲਰਨਿੰਗ ਸੰਸਥਾ ਦੀ ਸਥਾਪਨਾ ਕੀਤੀ। ਜਿਸ ਦੇ ਬਾਨੀ ਡਾਇਰੈਕਟਰ ਵਜੋਂ ਮੈਂ ਅੱਜ ਵੀ ਅਧਿਆਪਨ ਕਾਰਜਾਂ ਨਾਲ ਜੁੜਿਆ ਹੋਇਆ ਹਾਂ।
?. ਤੁਹਾਡੇ ਪੜ੍ਹਾਏ ਵਿਦਿਆਰਥੀ ਕਿਸੇ ਨੇ ਉੱਚੀ ਪ੍ਰਾਪਤੀ ਕੀਤੀ ਹੋਵੇ।
-ਮੇਰੇ ਬਹੁਤ ਸਾਰੇ ਵਿਦਿਆਰਥੀ ਜੀਵਨ ਦੇ ਅਲੱਗ ਅਲੱਗ ਖੇਤਰਾਂ ਵਿਚ ਸਫਲਤਾਪੂਰਨ ਯੋਗਦਾਨ ਪਾ ਰਹੇ ਹਨ। ਜਿਨ੍ਹਾਂ ਵਿਚ ਦੀਪਕ ਸ਼ਰਮਾ ਚਨਾਰਥਲ ਸੀਨੀਅਰ ਪੱਤਰਕਾਰ, ਖੁਸ਼ਹਾਲ ਲਾਲੀ ਬੀਬੀਸੀ ਨਿਊਜ਼ ਰਿਪੋਰਟਰ, ਡਾ. ਅਸ਼ਵਨੀ ਕੁਮਾਰ ਨਿਊਰੋ ਸਰਜਨ, ਪ੍ਰੋ. ਅਰੁਣ ਉਪਮੰਨਿਊ ਚਿਤਕਾਰਾ ਯੂਨੀਵਰਸਿਟੀ, ਹੈੱਡਮਾਸਟਰ ਅਰਵਿੰਦ ਕੁਮਾਰ ਸ਼ਰਮਾ, ਡਾ. ਅਤੁਲ ਜੋਸ਼ੀ, ਸ਼੍ਰੀਮਤੀ ਸ਼ਹਿਨਾਜ਼ ਪ੍ਰੋਗਰਾਮ ਪ੍ਰੋਡਿਊਸਰ ਆਲ ਇੰਡੀਆ ਰੇਡੀਓ, ਸ. ਸਤਵਿੰਦਰ ਸਿੰਘ ਭੰਗਲ ਸਰਪੰਚ, ਰਾਕੇਸ਼ ਧੀਮਾਨ ਲੈਕਚਰਾਰ, ਡਾ. ਅਸ਼ਵਨੀ ਗਿੱਲ, ਪ੍ਰਿੰ. ਸੁਖਦੇਵ ਤੇ ਅਮਰਜੀਤ ਅਮਰ ਆਦਿ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਕਾਰਨ ਸਮਾਜ ਵਿਚ ਬਹੁਤ ਹੀ ਮਹਤੱਵਪੂਰਨ ਦਰਜਾ ਹਾਸਲ ਕਰ ਚੁੱਕੇ ਹਨ।
?. ਨੌਕਰੀ ਸਮੇਂ ਮਾਣ ਸਨਮਾਨ, ਕੋਈ ਯਾਦਗਾਰੀ ਘਟਨਾ।
-ਸੇਵਾ-ਕਾਲ ਦੌਰਾਨ, ਦੇਸ਼-ਵਿਦੇਸ਼ ਵਿਚ, ਫਿਜ਼ਿਕਸ ਵਿਸ਼ੇ ਦੇ ਖੋਜ ਕਾਰਜਾਂ ਨਾਲ ਸੰਬੰਧਤ ਲਗਭਗ 50 ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਕਾਨਫਰੈਂਸਾਂ/ਸੈਮੀਨਾਰਾਂ ਵਿਚ ਭਾਗ ਲੈਣ ਦਾ ਮੌਕਾ ਵੀ ਪ੍ਰਾਪਤ ਹੋਇਆ। ਸੰਨ 1987 ਵਿਚ ਲੰਡਨ (ਇੰਗਲੈਂਡ), 1988 ਵਿਚ ਸ਼ੰਘਾਈ (ਚੀਨ), 1988 ਵਿਚ ਹਾਂਗਕਾਂਗ ਅਤੇ 2006 ਐਡਮਿੰਨਟਨ (ਕੈਨੇਡਾ) ਵਿਖੇ ਕਾਨਫਰੈਂਸਾਂ/ ਸੈਮੀਨਾਰਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ। ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕਾਨਫਰੈਸਾਂ/ ਸੈਮੀਨਾਰਾਂ ਦੀ ਪ੍ਰਧਾਨਗੀ ਦਾ ਮਾਣ ਵੀ ਮਿਲਿਆ। ਹੁਣ ਤਕ ਮੈਂ ਫਿਜ਼ਿਕਸ ਵਿਸ਼ੇ ਸੰਬੰਧਤ ਲਗਭਗ 75 ਖੋਜ ਪੱਤਰ ਲਿਖ ਚੁੱਕਾ ਹਾਂ ਜੋ ਅਮਰੀਕਾ, ਇੰਗਲੈਂਡ, ਜਰਮਨੀ, ਕੈਨੇਡਾ, ਚੀਨ ਤੇ ਭਾਰਤ ਦੀਆਂ ਪ੍ਰਮੁੱਖ ਖੋਜ ਪਤ੍ਰਿਕਾਵਾਂ ਵਿਚ ਛਪੇ ਹਨ। ਇਸੇ ਕਾਲ ਦੌਰਾਨ, ਲਗਭਗ 12 ਵਾਰ, ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿਖੇ ਵਿਸ਼ੇਸ਼ ਸੱਦੇ ਉੱਤੇ ਲੈਕਚਰ ਦੇਣ ਦਾ ਮਾਣ ਵੀ ਪ੍ਰਾਪਤ ਹੋਇਆ।
ਸੰਨ 2008-2019 ਦੌਰਾਨ ਭਾਰਤ ਵਿਖੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਵਿਖੇ ਵਿਸ਼ੇਸ਼ ਸੱਦੇ ਉੱਤੇ ਲੈਕਚਰ ਦੇਣ ਦਾ ਅਤੇ ਕੈਨੇਡਾ ਦੀਆਂ ਸੰਸਥਾਵਾਂ: ਸ਼ੈਰੇਡਨ ਕਾਲਜ, ਬ੍ਰੈਂਪਟਨ; ਯੂਨੀਵਰਸਿਟੀ ਆਫ਼ ਵਾਟਰਲੂ, ਵਾਟਰਲੂ; ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਮਾਂਟਰੀਅਲ ਅਤੇ ਪੰਜਾਬੀ ਹੈਰੀਟੇਜ਼ ਫਾਊਂਡੇਸ਼ਨ ਆਫ਼ ਕੈਨੇਡਾ, ਓਟਵਾ ਵਿਖੇ ਸਮੇਂ ਸਮੇਂ ਆਯੋਜਿਤ ਕੀਤੀਆਂ ਗਈਆਂ ਅਨੇਕ ਕਾਨਫ਼ਰੈਂਸਾਂ/ਸੈਮੀਨਾਰਾਂ ਵਿਚ ਭਾਗ ਲੈਣ ਦਾ ਮਾਣ ਵੀ ਹਾਸਿਲ ਹੋਇਆ ਹੈ। ?. ਵਿਗਿਆਨ ਸਾਹਿਤ ਲਿਖਦਿਆਂ ਤੁਹਾਡੀਆਂ ਪ੍ਰਕਾਸ਼ਤ ਪੁਸਤਕਾਂ ਦਾ ਵੇਰਵਾ।
-ਮੈਂ, ਵਿਗਿਆਨ, ਧਰਮ ਅਤੇ ਵਾਤਾਵਰਣੀ ਵਿਸ਼ਿਆਂ ਸੰਬੰਧਤ ਹੁਣ ਤਕ 26 ਕਿਤਾਬਾਂ ਦੀ ਰਚਨਾ ਕਰ ਚੁੱਕਾ ਹਾਂ। ਜਿਨ੍ਹਾਂ ਵਿਚੋਂ 23 ਕਿਤਾਬਾਂ ਪੰਜਾਬੀ ਭਾਸ਼ਾ ਵਿਚ ਹਨ। ਤਿੰਨ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਅਤੇ ਇਕ ਕਿਤਾਬ ਸ਼ਾਹਮੁੱਖੀ ਲਿਪੀ ਵਿਚ ਹੈ। ਮੈਂ ਆਮ ਪਾਠਕਾਂ ਲਈ ਤੇਰ੍ਹਾਂ ਕਿਤਾਬਾਂ ਲਿਖੀਆਂ ਹਨ। ਜਿਨ੍ਹਾਂ ਵਿਚੋਂ ਦਸ ਕਿਤਾਬਾਂ; ”ਸੀ. ਵੀ. ਰਮਨ – ਜੀਵਨ ਤੇ ਸਮਾਂ”, ”ਵਿਗਿਆਨ ਪ੍ਰਾਪਤੀਆਂ ਤੇ ਮਸਲੇ”, ”ਧਰਮ ਅਤੇ ਵਿਗਿਆਨ”, ”ਭਵਿੱਖ ਦੀ ਪੈੜ”, ”ਵਾਤਾਵਰਣੀ ਪ੍ਰਦੂਸ਼ਣ”, ”ਵਾਤਾਵਰਣੀ ਮਸਲੇ ਅਤੇ ਸਮਾਧਾਨ” (ਸੰਪਾਦਨ), ”ਈਜ਼ਾਦਕਾਰ-ਜਿਨ੍ਹਾਂ ਦੁਨੀਆ ਹਿਲਾ ਦਿੱਤੀ” (ਅਨੁਵਾਦ), ”ਲੇਜ਼ਰ ਕਿਰਨਾਂ”, ”ਅਣੂਵੀ ਸਪੈਕਟ੍ਰੋਸਕੋਪੀ”, ”ਸਾਇੰਸ ਐਂਡ ਸਿੱਖਇਜ਼ਮ-ਕੌਨਫਲਿਕਟ ਔਰ ਕੋਹੈਰੈਂਸ” ਛਪ ਚੁੱਕੀਆਂ ਹਨ। ਬਾਕੀ ਤਿੰਨ ਕਿਤਾਬਾਂ; ”ਸਮੇਂ ਦੇ ਵਹਿਣ”, ”ਏ ਪਾਥ ਟੂ ਟਰੁਥਫੁੱਲ ਲਿਵਿੰਗ” ਅਤੇ ”ਅਲਟਰਾਸੋਨਿਕਸ-ਦਾ ਇੰਨਔਡੀਬਲ ਸਾਊਂਡਜ” ਛਪਾਈ ਅਧੀਨ ਹਨ।
ਮੈਂ ਬੱਚਿਆਂ ਲਈ ਦਸ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਸੱਤ ਕਿਤਾਬਾਂ; ”ਟੈਲੀਪ੍ਰਿੰਟਰ”, ”ਅਜਬ ਹੈ ਰਾਤ ਦਾ ਅੰਬਰ”, ”ਸਤਰੰਗ”, ”ਰੋਬਟ, ਮਨੁੱਖ ਤੇ ਕੁਦਰਤ”, ”ਧਰਤੀਏ ਰੁਕ ਜਾ”,”ਧਰਤੀ ਮਾਂ ਬੀਮਾਰ ਹੈ ਅਤੇ ਹੋਰ ਨਾਟਕ” ਅਤੇ ”ਸਤਰੰਗੀ ਪੀਂਘ ਤੇ ਹੋਰ ਨਾਟਕ” ਛਪ ਚੁੱਕੀਆਂ ਹਨ। ਬਾਕੀ ਦਸ ਤਿੰਨ ਕਿਤਾਬਾਂ; ”ਪੰਜਾਬ ਦੇ ਦਰਿਆ”, ”ਸਪਤਰਿਸ਼ੀ” ਅਤੇ ”ਨਵੀਆਂ ਧਰਤੀਆਂ, ਨਵੇਂ ਆਕਾਸ਼” ਛਪਾਈ ਅਧੀਨ ਹਨ। ਇਸ ਤੋਂ ਇਲਾਵਾ ਮੈਂ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਲਈ ਫਿਜ਼ਿਕਸ/ਵਿਗਿਆਨ ਸੰਬੰਧਤ ਤਿੰਨ ਟੈਕਸਟ ਬੁੱਕਸ ਦਾ ਅੰਗਰੇਜ਼ੀ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਹੈ।
ਮੇਰੀਆਂ ਉਪਰੋਕਤ ਕਿਤਾਬਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ; ਭਾਸ਼ਾ ਵਿਭਾਗ ਪੰਜਾਬ, ਪਟਿਆਲਾ; ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ; ਨੈਸ਼ਨਲ ਬੁੱਕ ਟਰਸਟ ਆਫ ਇੰਡੀਆ, ਦਿੱਲੀ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਦਿੱਲੀ, ਅਤੇ ਸਿੰਘ ਬ੍ਰਦਰਜ਼ ਪਬਲਿਸ਼ਰਜ਼, ਅੰਮ੍ਰਿਤਸਰ ਦੁਆਰਾ ਛਾਪੀਆਂ ਗਈਆ/ਛਪਾਈ ਅਧੀਨ ਹਨ।
(ਚਲਦਾ)
)

 

Check Also

ਅਮਰੀਕੀ ਵਸਤਾਂ ਦਾ ਬਾਈਕਾਟ

ਤਰਲੋਚਨ ਮੁਠੱਡਾ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਬਾਰਾ ਅਹੁਦਾ ਸੰਭਾਲਣ ਪਿੱਛੋਂ ਦੁਨੀਆ ਭਰ …