Breaking News
Home / ਮੁੱਖ ਲੇਖ / ਡਰੱਗ ਡੋਪਿੰਗ ਦੇ ਡੰਗੇ ਖਿਡਾਰੀ

ਡਰੱਗ ਡੋਪਿੰਗ ਦੇ ਡੰਗੇ ਖਿਡਾਰੀ

316844-1rZ8qx1421419655-300x225-300x225ਪ੍ਰਿੰ. ਸਰਵਣ ਸਿੰਘ
ਰੋਮ ਦੀਆਂ ਓਲੰਪਿਕ ਖੇਡਾਂ ਵਿਚ ਡੈਨਮਾਰਕ ਦੇ ਸਾਈਕਲ ਸਵਾਰ ਕੇ. ਜੇਨਸੇਨ ਦੀ 100 ਕਿਲੋਮੀਟਰ ਸਾਈਕਲ ਦੌੜ ਲਾਉਂਦਿਆਂ ਮੌਤ ਹੋ ਗਈ ਸੀ। ਪੜਤਾਲ ਹੋਈ ਤਾਂ ਪਤਾ ਲੱਗਾ ਕਿ ਥਕੇਵੇਂ ਤੋਂ ਬਚਣ ਲਈ ਉਸ ਨੇ ਨਸ਼ੇ ਵਾਲੀ ਗੋਲੀ ਲਈ ਸੀ। ਥਕੇਵੇਂ ਤੋਂ ਬਚਾਉਣ ਵਾਲੀ ਗੋਲੀ ਨੇ ਥਕੇਵਾਂ ਤਾਂ ਨਹੀਂ ਹੋਣ ਦਿੱਤਾ ਪਰ ਖਿਡਾਰੀ ਨੂੰ ਉਥੇ ਪੁਚਾ ਦਿੱਤਾ ਜਿਥੋਂ ਕੋਈ ਵਾਪਸ ਨਹੀਂ ਮੁੜਦਾ। 1963 ਵਿਚ ਹਰਡਲਰ ਡਿਕ ਹਾਵਰਡ  ਪੂਰਾ ਹੋ ਗਿਆ ਤੇ ਫਿਰ ਬਰਤਾਨੀਆ ਦਾ ਸਾਈਕਲ ਸਵਾਰ ਟੌਮੀ ਸਿਪਸਨ ਚੱਲ ਵਸਿਆ।
ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਇਨ੍ਹਾਂ ਮੌਤਾਂ ਦਾ ਗੰਭੀਰ ਨੋਟਿਸ ਲਿਆ ਅਤੇ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਪਰਖ ਪੜਤਾਲ ਕਰਨ ਪਿੱਛੋਂ ਉਨ੍ਹਾਂ ਰਸਾਇਣਕ ਤੱਤਾਂ ਦੀ ਸੂਚੀ ਤਿਆਰ ਕੀਤੀ ਜੋ ਖਿਡਾਰੀਆਂ ਲਈ ਘਾਤਕ ਹਨ। ਉਨ੍ਹਾਂ ਤੱਤਾਂ ਦੀ ਡੋਪਿੰਗ ਕਰਨੀ ਖਿਡਾਰੀਆਂ ਲਈ ਵਰਜਿਤ ਹੈ। ਸਵਾਲ ਉਠਦੈ ਕਿ ਖਿਡਾਰੀ ਘਾਤਕ ਦਵਾਈਆਂ ਕਿਉਂ ਲੈਂਦੇ ਹਨ? ਕੀ ਉਨ੍ਹਾਂ ਦੇ ਸੇਵਨ ਨਾਲ ਖਿਡਾਰੀ ਦੀ ਕਾਰਗੁਜ਼ਾਰੀ ਸੱਚਮੁੱਚ ਬਿਹਤਰ ਹੋ ਜਾਂਦੀ ਹੈ ਜਾਂ ਐਵੇਂ ਭਰਮ ਹੀ ਹੈ। ਡਾਕਟਰਾਂ ਦੇ ਦੱਸਣ ਅਨੁਸਾਰ ਇਹ ਹੈ ਤਾਂ ਭਰਮ ਪਰ ਇਨ੍ਹਾਂ ਦਾ ਮਨੋਵਿਗਿਆਨਕ ਪਹਿਲੂ ਜ਼ਰੂਰ ਹੈ। ਨਸ਼ਾਵਰ ਦਵਾਈ ਲੈ ਕੇ ਖਿਡਾਰੀ ਉਤੇਜਨਾ ਨਾਲ ਭਰ ਜਾਂਦਾ ਹੈ ਤੇ ਜੋਸ਼ ਵਿਚ ਵਿਤੋਂ ਵੱਧ ਜ਼ੋਰ ਲਾਉਂਦਾ ਹੈ। ਉਂਜ ਉਹਦੀ ਪ੍ਰਫਾਰਮੈਂਸ ਕਈ ਵਾਰ ਬਿਹਤਰ ਨਹੀਂ ਹੁੰਦੀ। ਨਸ਼ੇ ਦੇ ਅਸਰ ਵਿਚ ਵੱਧ ਜ਼ੋਰ ਲਾਉਣ ਦੇ ਬਾਵਜੂਦ ਉਹ ਗ਼ਲਤੀਆਂ ਕਰ ਬੈਠਦਾ ਹੈ। ਇੰਜ ਉਹ ਆਪਣੀ ਸਿਹਤ ਦਾ ਨੁਕਸਾਨ ਫਜ਼ੂਲ ਵਿਚ ਕਰਾਉਂਦਾ ਹੈ। ਨਸ਼ਾਵਰ ਡਰੱਗਾਂ ਲੈਣਾ ਭੇਡ ਚਾਲ ਹੈ। ਇਹ ਪਰਖਿਆ ਤੱਥ ਹੈ ਕਿ ਡਰੱਗਾਂ ਲੈਣ ਵਾਲੇ ਖਿਡਾਰੀ ਨਾ ਕੱਪ ਜਿੱਤਦੇ ਹਨ ਤੇ ਨਾ ਨਵੇਂ ਰਿਕਾਰਡ ਰੱਖਦੇ ਹਨ। ਅਜਿਹੇ ਖਿਡਾਰੀਆਂ ਕਰਕੇ ਹੀ ਮਹਿੰਗੇ ਡੋਪ ਟੈੱਸਟ ਕਰਨੇ ਪੈ ਰਹੇ ਹਨ।
ਡੋਪ ਟੈੱਸਟ : ਦੱਖਣੀ ਅਫਰੀਕਾ ਦੇ ਇਕ ਕਬੀਲੇ ਦੀ ਰੂੜੀ ਮਾਰਕਾ ਸ਼ਰਾਬ ਦਾ ਨਾਂ ਡੋਪ ਸੀ। ਸਰੀਰ ‘ਚ ਨਸ਼ੇ ਵਾਲਾ ਕੋਈ ਤੱਤ ਦਾਖਲ ਕਰਨ ਨੂੰ ਡੋਪਿੰਗ ਕਿਹਾ ਜਾਣ ਲੱਗਾ। ਡੋਪਿੰਗ ਨੂੰ ਚੈੱਕ ਕਰਨ ਲਈ ਡੋਪ ਟੈੱਸਟ ਹੋਣ ਲੱਗੇ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1965 ਵਿਚ ਮੈਡੀਕਲ ਕਮਿਸ਼ਨ ਬਣਾ ਦਿੱਤਾ ਜਿਸ ਦੀ ਰਿਪੋਰਟ ਉਤੇ 1966 ਤੋਂ ਖਿਡਾਰੀਆਂ ਦੇ ਡੋਪ ਟੈੱਸਟ ਸ਼ੁਰੂ ਹੋਏ। ਓਲੰਪਿਕ ਮੈਡੀਕਲ ਕਮਿਸ਼ਨ ਵੱਲੋਂ ਵਰਜਿਤ ਰਸਾਇਣਕ ਤੱਤਾਂ ਦੀ ਸੂਚੀ ਵਿਚ ਸਟਿਮੂਲੈਂਟਸ, ਨਾਰਕੌਟਿਕਸ, ਐਨਲਜੈਸਿਕਸ, ਡਿਊਰੈਟਿਕਸ, ਪੈਪਟਾਈਡ, ਐਫੇਟਾਮਾਈਨਸ, ਅਨੈਸਥੈਟਿਕਸ,  ਮੈਂਥੇਫੈਟਾਮਾਈਨਸ, ਕੋਰਟੀਕੋਸਟਰਾਇਡਜ਼, ਸਟੀਰੌਇਡਜ਼, ਅਲਕੋਹਲ, ਮੈਰੀਜੁਆਨਾ, ਬੀਟਾਬਲਾਕਰਸ, ਸਟੈਨਾਜ਼ੋਲੋਲ ਤੇ ਟੈਸਟੋਸਟਰੋਨ ਸ਼ਾਮਲ ਹਨ। ਇਨ੍ਹਾਂ ਦਾ ਡੋਪ ਟੈੱਸਟ ਪਿਸ਼ਾਬ, ਖ਼ੂਨ ਜਾਂ ਵਾਲਾਂ ਦੇ ਨਮੂਨੇ ਲੈ ਕੇ ਕੀਤਾ ਜਾਂਦੈ। ਮੈਡੀਕਲ ਕਮਿਸ਼ਨ ਦੀ ਦੇਖ ਰੇਖ ਹੇਠ ਵਾਡਾ ਤੇ ਨਾਡਾ ਦੀਆਂ ਲਬਾਰਟਰੀਆਂ ਇਹ ਟੈੱਸਟ ਕਰਦੀਆਂ।
ਓਲੰਪਿਕ ਖੇਡਾਂ ਅਤੇ ਕੌਮੀ ਤੇ ਕੌਮਾਂਤਰੀ ਖੇਡਾਂ ਸਮੇਂ ਡੋਪ ਟੈੱਸਟ ਲਾਜ਼ਮੀ ਕੀਤਾ ਜਾਂਦੈ। ਇਸ ਨਾਲ ਵਰਜਿਤ ਰਸਾਇਣ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਹਨ ਤੇ ਉਨ੍ਹਾਂ ਨੂੰ ਖੇਡਾਂ ਵਿਚ ਭਾਗ ਲੈਣ ਦੇ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਕਈਆਂ ਨੂੰ ਕਈ ਸਾਲ ਖੇਡਾਂ ਵਿਚ ਭਾਗ ਨਾ ਲੈ ਸਕਣ ਦੀ ਸਜ਼ਾ ਮਿਲਦੀ ਹੈ। ਉਨ੍ਹਾਂ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ। ਕੈਨੇਡਾ ਦੇ ਬੈੱਨ ਜਾਨ੍ਹਸਨ ਦੀ ਮਿਸਾਲ ਸਾਹਮਣੇ ਹੈ ਜਿਸ ਨੇ ਸਿਓਲ ਦੀਆਂ ਓਲੰਪਿਕ ਖੇਡਾਂ ਵਿਚ 100 ਮੀਟਰ ਦੀ ‘ਚੋਂ ਸੋਨ ਤਗਮਾ ਜਿੱਤ ਲਿਆ ਸੀ ਜੋ ਬਾਅਦ ਵਿਚ ਵਾਪਸ ਲੈ ਲਿਆ ਗਿਆ। ਬੜੀ ਚੜ੍ਹਤ ਸੀ ਉਹਦੀ ਪਰ ਡੋਪ ਟੈੱਸਟ ਵਿਚ ਫੇਲ੍ਹ ਹੋਣ ‘ਤੇ ਉਹ ਪਲਾਂ ਵਿਚ ਲੱਖੋਂ ਕੱਖ ਦਾ ਹੋ ਗਿਆ। ਫਿਰ ਵੀ ਸ਼ੁਕਰ ਰਿਹਾ ਕਿ ਉਹ ਉਸ ਸਾਈਕਲ ਸਵਾਰ ਵਾਂਗ ਮੌਤ ਦੇ ਮੂੰਹ ‘ਚ ਨਹੀਂ ਸੀ ਜਾ ਪਿਆ! ਬਥੇਰੇ ਖਿਡਾਰੀ ਹਨ ਜਿਨ੍ਹਾਂ ਤੋਂ ਓਲੰਪਿਕ ਖੇਡਾਂ ਦੇ ਜਿੱਤੇ ਹੋਏ ਮੈਡਲ ਵਾਪਸ ਲਏ ਗਏ ਹਨ ਤੇ ਉਹ ਖੇਡਾਂ ‘ਚ ਭਾਗ ਨਹੀਂ ਲੈ ਸਕਦੇ। ਸਿਓਲ ਦੀਆਂ ਓਲੰਪਿਕ ਖੇਡਾਂ ‘ਚੋਂ ਤਿੰਨ ਸੋਨ ਤਮਗ਼ੇ ਜਿੱਤਣ ਵਾਲੀ ਅਮਰੀਕਾ ਦੀ ਦੌੜਾਕ ਫਲੋਰੈਂਸ ਗ੍ਰਿਫਤ-ਜਾਏਨਰ ‘ਤਾਕਤ ਵਧਾਊ’ ਦਵਾਈਆਂ ਉਤੇ ਲੱਗੀ ਹੋਈ ਸੀ। ਉਹ ਡੋਪ ਟੈੱਸਟ ਤੋਂ ਪਹਿਲਾਂ ਅਜਿਹੀ ਦਵਾਈ ਲੈ ਲੈਂਦੀ ਸੀ ਜਿਸ ਨਾਲ ਪਹਿਲਾਂ ਲਈ ਵਰਜਿਤ ਦਵਾਈ ਦਾ ਪਤਾ ਨਹੀਂ ਸੀ ਲੱਗਦਾ। ਉਹ ਡੋਪ ਟੈੱਸਟ ਕਰਨ ਵਾਲਿਆਂ ਨੂੰ ਤਾਂ ਧੋਖਾ ਦਿੰਦੀ ਰਹੀ ਪਰ ਮੌਤ ਨੇ ਧੋਖਾ ਨਹੀਂ ਖਾਧਾ। ਮੌਤ ਨੇ ਉਸ ਨੂੰ ਚਾਲੀ ਸਾਲ ਵੀ ਨਹੀਂ ਜੀਣ ਦਿੱਤਾ। ਮੈਡਲ ਤਾਂ ਉਹਨੇ ਬਹੁਤ ਜਿੱਤੇ ਤੇ ਬੱਲੇ-ਬੱਲੇ ਵੀ ਬਥੇਰੀ ਕਰਾਈ ਪਰ ਜਿਵੇਂ ਉਹਦਾ ਅੰਤ ਹੋਇਆ ਉਹਦਾ ਦੁਖ ਉਹੀ ਜਾਣਦੀ ਸੀ। ਉਹਦੇ ਸਿਰ ਦੇ ਵਾਲ ਝੜ ਗਏ ਸਨ, ਮੂੰਹ ‘ਤੇ ਵਾਲ ਉਗ ਆਏ ਸਨ ਤੇ ਸ਼ਕਲੋਂ ਬੇਸ਼ਕਲ ਹੋ ਗਈ ਸੀ। ਉਹਦੇ ਸਰੀਰ ਵਿਚ ਹੋਰ ਵੀ ਕਈ ਮਾਰੂ ਤਬਦੀਲੀਆਂ ਆਈਆਂ ਤੇ ਉਹ ਕਿਤੇ ਮੂੰਹ ਵਿਖਾਉਣ ਜੋਗੀ ਨਹੀਂ ਸੀ ਰਹੀ।
ਜਿਹੜੇ ਖਿਡਾਰੀ ਜੁੱਸੇ ਤਕੜੇ ਕਰਨ ਦੇ ਲਾਲਚ ਵਿਚ ਵੇਖਾ ਵੇਖੀ ਟੀਕੇ ਲੁਆਈ ਤੇ ਕੈਪਸੂਲ ਖਾਈ ਜਾਂਦੇ ਹਨ ਉਨ੍ਹਾਂ ਨੂੰ ਪਤਾ ਉਦੋਂ ਲੱਗੇਗਾ ਜਦੋਂ ਨਿਪੁੰਸਕ ਹੋ ਗਏ।  ਜਿਹੜੇ ਐਨਾਬੌਲਿਕ ਸਟੇਰੌਇਡਜ਼ ਦਸਾਂ ਦਿਨਾਂ ‘ਚ ਵੀਹ ਪੌਂਡ ਭਾਰ ਵਧਾਉਂਦੇ ਨੇ ਉਹਨਾਂ ਦੀ ਫੂਕ ਨਿਕਲਣ ਲੱਗਿਆਂ ਵੀ ਦਸ ਦਿਨ ਨਹੀਂ ਲੱਗਦੇ। ਟਾਇਰ ‘ਚੋਂ ਹਵਾ ਨਿਕਲਣ ਵਰਗੀ ਹਾਲਤ ਹੋ ਜਾਂਦੀ ਐ। ਇਹੋ ਕਾਰਨ ਹੈ ਕਿ ਡਰੱਗ ਉਤੇ ਲੱਗੇ ਖਿਡਾਰੀ ਥੋੜ੍ਹਾ ਸਮਾਂ ਖੇਡਣ ਪਿੱਛੋਂ ਹੀ ਝੱਗ ਵਾਂਗ ਬੈਠ ਜਾਂਦੇ ਨੇ। ਇਕ ਸੀਜ਼ਨ ‘ਚ ਉਹ ਸਟਾਰ ਖਿਡਾਰੀ ਹੁੰਦੇ ਨੇ, ਦੂਜੇ ਸੀਜ਼ਨ ‘ਚ ਕਿਸੇ ਨੂੰ ਰੀੜ੍ਹ ਦੀ ਹੱਡੀ ਲੈ ਬਹਿੰਦੀ ਹੈ ਤੇ ਕਿਸੇ ਦਾ ਮਸਲ ਖਿੱਚਿਆ ਜਾਂਦੈ। ਫਿਰ ਨਾ ਗੋਡੇ ਭਾਰ ਝੱਲਦੇ ਹਨ ਤੇ ਨਾ ਗਿੱਟੇ। ਅੱਖਾਂ ਪੀਲੀਏ ਦੇ ਰੋਗੀ ਵਰਗੀਆਂ ਹੋ ਜਾਂਦੀਆਂ ਹਨ। ਡੇਲੇ ਬੱਗੇ-ਬੱਗੇ ਦਿਸਦੇ ਹਨ। ਭੇਤੀ ਬੰਦੇ ਚਿਹਰਾ ਵੇਖ ਈ ਬੁੱਝ ਲੈਂਦੇ ਹਨ ਕਿ ਜੁਆਨ ਡਰੱਗ ‘ਤੇ ਲੱਗ ਚੁੱਕੈ।
ਐਨਾਬੌਲਿਕ ਸਟੇਰੌਇਡਜ਼ ਦੀ ਮੁੱਖ ਕਿਸਮ ਟੈੱਸਟੋਸਟੈਰੌਨ ਹੈ। ਇਸ ਹਾਰਮੋਨ ਨੂੰ ਸਰੀਰ ‘ਚ ਦਾਖਲ ਕਰਨ ਨਾਲ ਪੱਠੇ ਤਾਂ ਮਜ਼ਬੂਤ ਹੁੰਦੇ ਹਨ ਪਰ ਇਸ ਦੇ ਨਤੀਜੇ ਬਹੁਤ ਬੁਰੇ ਹਨ। ਇਸ ਨਾਲ ਮੁੰਡਿਆਂ ਦੀਆਂ ਛਾਤੀਆਂ ਦੇ ਮਸਲ ਵਧ ਸਕਦੇ ਹਨ। ਧਿਆਨ ਨਾਲ ਵੇਖੋ ਤਾਂ ਕਈ ਖਿਡਾਰੀਆਂ ਦੇ ਮਸਲ ਵਧੇ ਹੋਏ ਦਿਸਦੇ ਹਨ। ਪਤਾਲੂ ਸੁੰਗੜ ਸਕਦੇ ਹਨ ਤੇ ਉਹ ਸਪੱਰਮ ਪੈਦਾ ਕਰਨੋਂ ਜਵਾਬ ਦੇ ਸਕਦੇ ਹਨ। ਇਹਦਾ ਮਤਲਬ ਹੈ ਉਹ ਬੱਚਾ ਪੈਦਾ ਕਰਨ ਜੋਗੇ ਨਹੀਂ ਰਹਿੰਦੇ। ਗੰਜ ਪੈ ਸਕਦਾ ਹੈ, ਸਰੀਰ ‘ਤੇ ਵਾਲ ਵਧ ਸਕਦੇ ਹਨ ਤੇ ਝੜ ਵੀ ਸਕਦੇ ਹਨ। ਭੁੱਖ ਵਧ ਸਕਦੀ ਹੈ ਤੇ ਮਰ ਵੀ ਸਕਦੀ ਹੈ। ਮੂੰਹ ‘ਤੇ ਫਿਣਸੀਆਂ ਹੋ ਸਕਦੀਆਂ ਹਨ, ਜਿਗਰ ਖਰਾਬ ਹੋ ਸਕਦਾ ਤੇ ਜਿਗਰ ਦਾ ਕੈਂਸਰ ਵੀ ਹੋ ਸਕਦੈ। ਮਾੜਾ ਕਲੈੱਸਟਰੋਲ ਵਧ ਸਕਦਾ ਤੇ ਬੰਦਾ ਗ਼ੁੱਸੇਖੋਰਾ, ਭੜਕ ਪੈਣ ਵਾਲਾ ਤੇ ਧੱਕੜ ਬਣ ਸਕਦੈ। ਉਹ ਗੁੰਮ ਸੁੰਮ ਵੀ ਹੋ ਸਕਦੈ ਤੇ ਸਦਾ ਲਈ ਡਰੱਗ ਦਾ ਗ਼ੁਲਾਮ ਵੀ ਬਣ ਸਕਦੈ। ਟੀਕੇ ਦੀ ਵਰਤੋਂ ਨਾਲ ਲਾਗ ਦੀ ਬਿਮਾਰੀ ਵੀ ਲੱਗ ਸਕਦੀ ਐ ਅਤੇ ਏਡਜ਼ ਤੇ ਹੈਪੀਟਾਈਟਸ ਵੀ ਹੋ ਸਕਦੀ ਐ।
ਕਰੀਏਟੀਨ ਹਾਈਡਰੇਟ ਰਸਾਇਣ ਪੱਠਿਆਂ ‘ਚ ਤਾਕਤ ਤਾਂ ਭਰਦਾ ਹੈ ਪਰ ਢਿੱਡ ਦੀਆਂ ਖੱਲੀਆਂ, ਪੱਠਿਆਂ ਦੀਆਂ ਖੱਲੀਆਂ, ਜੀਅ ਕੱਚਾ ਹੋਣਾ, ਉਲਟੀਆਂ ਲੱਗਣੀਆਂ ਤੇ ਜੁਲਾਬ ਲੱਗਣ ਵਰਗੀਆਂ ਅਲਾਮਤਾਂ ਵੀ ਲਾ ਦਿੰਦਾ ਹੈ। ਅਚਾਨਕ ਪੱਠੇ ਖਿੱਚੇ ਜਾਂਦੇ ਹਨ ਜਿਸ ਨਾਲ ਖਿਡਾਰੀ ਬਹੁੜੀਆਂ ਪਾਉਣ ਲੱਗਦਾ ਹੈ। ਇਸ ਦੀ ਵਰਤੋਂ ਗੁਰਦਿਆਂ, ਜਿਗਰ ਤੇ ਦਿਲ ਨੂੰ ਨੁਕਸਾਨ ਪੁਚਾਉਂਦੀ ਹੈ। ਸੁੰਘਣ ਜਾਂ ਛਿੜਕਣ ਵਾਲੇ ਸਟਿਮੂਲੈਂਟਸ ਖਿਡਾਰੀਆਂ ਨੂੰ ਉਤੇਜਨਾ ਨਾਲ ਤਾਂ ਭਰ ਦਿੰਦੇ ਹਨ ਤੇ ਉਹ ਟੁੱਟ ਕੇ ਪੈਣ ਵੀ ਲੱਗਦੇ ਹਨ ਪਰ ਪਤਾ ਨਹੀਂ ਲੱਗਦਾ ਪੈਣਾ ਕੀਹਨੂੰ ਹੈ? ਖੇਡ ਮੈਦਾਨ ‘ਚ ਕਈ ਖਿਡਾਰੀ ਅਕਸਰ ਡੌਰ ਭੌਰੇ ਵੇਖੀਦੇ ਹਨ। ਉਨ੍ਹਾਂ ਨੂੰ ਪਤਾ ਨੀ ਲੱਗਦਾ ਕਿ ਉਹ ਧੁੱਸ ਦੇ ਕੇ ਕਿਧਰ ਨੂੰ ਜਾ ਰਹੇ ਤੇ ਕੀਹਨੂੰ ਢੁੱਡ ਮਾਰਦੇ ਹਨ? ਅਜਿਹਾ ਕਰਦਿਆਂ ਉਹ ਕਈ ਵਾਰ ਸੱਟ ਮਾਰਦੇ ਤੇ ਸੱਟ ਖਾ ਵੀ ਬਹਿੰਦੇ ਹਨ। ਕਈ ਸਟਿਮੂਲੈਂਟਸ ਐਸੇ ਹਨ ਜਿਹੜੇ ਦਿਮਾਗੀ ਤੇ ਦਿਲ ਦੇ ਦੌਰਿਆਂ ਦਾ ਕਾਰਨ ਬਣਦੇ ਹਨ।
ਬਹੁਤੇ ਖਿਡਾਰੀਆਂ ਨੂੰ ਪਛਾਣ ਨਹੀ ਕਿ ਉਹ ਨਸਤੰਤਰ ਨੂੰ ਢਿੱਲਾ ਕਰਨ ਵਾਲੀ ਦਵਾਈ ਲੈ ਰਹੇ ਹਨ ਜਾਂ ਉਤੇਜਿਤ ਕਰਨ ਵਾਲੀ? ਕਲਪਣਾ ਜਗਾਉਣ ਵਾਲੀ ਜਾਂ ਦਰਦ ਨਿਵਾਰਕ? ਉਹ ਹੱਥ ਆਈ ਦਵਾਈ ਅੰਨ੍ਹੇਵਾਹ ਸੜ੍ਹਾਕ ਜਾਂਦੇ ਹਨ ਤੇ ਟੀਕੇ ਠੋਕ ਬਹਿੰਦੇ ਹਨ। ਕਈ ਚੰਗੇ ਭਲੇ ਖੇਡਦੇ ਆਪਣੀ ਖੇਡ ਖਰਾਬ ਕਰ ਲੈਂਦੇ ਹਨ ਤੇ ਪਿੱਛੋਂ ਕਹਿੰਦੇ ਹਨ, ”ਟੀਕਾ ਨਾ ਲਾਉਂਦੇ ਤਾਂ ਚੰਗੇ ਰਹਿੰਦੇ!” ਐਨਾਬੌਲਿਕ ਸਟੇਰੌਇਡਜ਼ ਅਨੇਕਾਂ ਪ੍ਰਕਾਰ ਦੇ ਹਨ। ਮੈਂ ਨਹੀਂ ਸਮਝਦਾ ਖਿਡਾਰੀ ਉਨ੍ਹਾਂ ਦੇ ਫ਼ਾਇਦਿਆਂ ਤੇ ਨੁਕਸਾਨਾਂ ਬਾਰੇ ਸਭ ਕੁਝ ਜਾਣਦੇ ਹੋਣਗੇ। ਐਸੀਆਂ ਦਵਾਈਆਂ ਤਾਂ ਡਾਕਟਰ ਲੋਕ ਹੀ ਲੋੜੀਂਦੇ ਮਰੀਜ਼ਾਂ ਨੂੰ ਦੇ ਸਕਦੇ ਹਨ। ਮੈਡੀਕਲ ਸਟੋਰਾਂ ਵਾਲੇ ਨੀਮ ਹਕੀਮ ਖ਼ਤਰਾ ਜਾਨ ਹੁੰਦੇ ਹਨ।
ਕਈ ਖਿਡਾਰੀ ਘੋੜਿਆਂ ਨੂੰ ਲਾਉਣ ਵਾਲੇ ਟੀਕੇ ਲਾਉਣ ਲੱਗ ਪਏ ਹਨ ਅਤੇ ਕਹਿੰਦੇ ਹਨ ਕਿ ਹੁਣ ਸਾਡੇ ‘ਚ ਘੋੜੇ ਜਿੰਨੀ ਤਾਕਤ ਹੋਗੀ! ਟੀਕਿਆਂ ‘ਤੇ ਸਾਫ਼ ਲਿਖਿਆ ਹੁੰਦੈ ਕਿ ਇਹ ਘੋੜਿਆਂ ਲਈ ਹਨ। ਕਬੱਡੀ ਦੇ ਇਕ ਖਿਡਾਰੀ ਨੇ ਮੈਨੂੰ ਉਨ੍ਹਾਂ ਟੀਕਿਆਂ ਦੀ ਸ਼ੀਸ਼ੀ ਵੀ ਵਿਖਾਈ। ਨਾਲ ਭੇਤ ਦੀ ਗੱਲ ਦੱਸੀ ਪਈ ਪਰਚੀ ਘੋੜੇ ਦੀ ਬਣਵਾਈ ਦੀ ਐ ਪਰ ਵਰਤੀ ਦੀ ਐ ਬੰਦੇ ਲਈ! ਇਹ ਵੀ ਦੱਸਿਆ ਕਿ ਪੰਜਾਬ ਦੀਆਂ ਕੁਝ ਕਬੱਡੀ ਅਕੈਡਮੀਆਂ ‘ਚ ਟੀਕੇ ਲਾਉਣ ਦੀ ਵੀ ‘ਕੋਚਿੰਗ’ ਮਿਲਦੀ ਐ! ‘ਮਾਲ’ ਵੀ ਉਹੀ ਮੰਗਵਾ ਦਿੰਦੇ ਐ। ਉਂਜ ਖਿਡਾਰੀਆਂ ਨੂੰ ਕਿਥੋਂ ਪਤਾ ਲੱਗਣਾ ਸੀ ਪਈ ਤਾਕਤ ਦਾ ਖ਼ਜ਼ਾਨਾ ਕਿਥੇ ਐ? ਇਸ ਹਮਾਮ ਵਿਚ ਨਸ਼ਾ ਤਸ਼ਕਰ, ਕਈ ‘ਕੋਚ’ ਤੇ ਕੁਝ ਕਲੱਬਾਂ ਵਾਲੇ ਵੀ ਨੰਗੇ ਮਿਲਣਗੇ। ਉਨ੍ਹਾਂ ਨੂੰ ਹੱਥ ਪਤਾ ਨਹੀਂ ਕਦੋਂ ਪਵੇਗਾ?

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …