Breaking News
Home / ਮੁੱਖ ਲੇਖ / ਨਸ਼ੇ ਸ਼ੌਕ ਹਨ ਜਾਂ ਮਜਬੂਰੀ

ਨਸ਼ੇ ਸ਼ੌਕ ਹਨ ਜਾਂ ਮਜਬੂਰੀ

ਡਾ. ਸੁਖਦੇਵ ਸਿੰਘ
ਪੰਜਾਬ ਦੇ ਤਰਤਾਰਨ, ਜੰਡਿਆਲਾ, ਬਟਾਲਾ ਤੇ ਨਾਲ ਲਗਦੇ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸੌ ਤੋਂ ਉਪਰ ਵਿਅਕਤੀਆਂ ਦੀ ਮੌਤ ਤੇ ਕਈ ਹੋਰਾਂ ਦੇ ਗੰਭੀਰ ਹਾਲਤ ਵਿਚ ਹੋਣ ਦੀ ਖਬਰ ਨੇ ਪੰਜਾਬ ਵਿਚ ਨਸ਼ਿਆਂ, ਖਾਸ ਕਰ ਜ਼ਹਿਰੀਲੀ, ਨਕਲੀ, ਮਾੜੀ ਜਾਂ ਸਿੰਥੈਟਿਕ ਸ਼ਰਾਬ ਅਤੇ ਇਸਦੇ ਫੈਲੇ ਜਾਲ ਬਾਰੇ ਹਰ ਸੰਵੇਦਨਸ਼ੀਲ ਸ਼ਖ਼ਸ ਨੂੰ ਪ੍ਰੇਸ਼ਾਨ ਕੀਤਾ ਹੈ। ਅਜੋਕੇ ਪੰਜਾਬ ਦੇ ਇਤਿਹਾਸ ਵਿਚ ਇਹ ਅਜਿਹੀ ਪਹਿਲੀ ਘਟਨਾ ਹੈ ਜਿਸ ਵਿਚ ਇੰਨੇ ਵੱਡੇ ਪੱਧਰ ‘ਤੇ ਨਕਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਹੋਣ ਜਿਸ ਨੂੰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ‘ਕਤਲ’ ਮੰਨਦਿਆਂ ਮੁਲਜ਼ਮਾਂ ਖਿਲਾਫ ਇੰਡੀਅਨ ਪੀਨਲ ਕੋਡ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਨ ਲਈ ਕਿਹਾ ਹੈ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਲੋਕ ਸ਼ੌਕ ਨਾਲ ਅਜਿਹੇ ਨਸ਼ੇ ਕਰਦੇ ਹਨ ਜਾਂ ਕਿਸੇ ਮਜਬੂਰੀ ਵੱਸ? ਕੀ ਸ਼ਰਾਬ ਸਮੇਤ ਵੱਖ-ਵੱਖ ਨਸ਼ਿਆਂ ਤੋਂ ਇੰਨੀ ਕਮਾਈ ਹੈ ਕਿ ਬਹੁਤ ਸਾਰੇ ਲੋਕ, ਸਮੇਤ ਔਰਤਾਂ, ਇਸ ਲੁਭਾਵਣੇ ਧੰਦੇ ਦੀ ਗ੍ਰਿਫਤ ਵਿਚ ਆ ਜਾਂਦੇ ਹਨ? ਕੀ ਸਮਾਜ ਵਿਚ ਉਪਜ ਰਹੀਆਂ ਆਰਥਿਕ, ਸਮਾਜਿਕ ਤੇ ਮਨੋਵਿਗਿਆਨਿਕ ਤਬਦੀਲੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ? ਨਸ਼ਿਆਂ ਦਾ ਸੇਵਨ ਓਨਾ ਹੀ ਪੁਰਾਣਾ ਮੰਨਿਆ ਗਿਆ ਹੈ ਜਦੋਂ ਤੋਂ ਮਨੁੱਖ ਨੇ ਸਮੂਹਾਂ, ਕਬੀਲਿਆਂ ਤੇ ਸੰਗਠਤ ਸਮਾਜਾਂ ਵਿਚ ਰਹਿਣਾ ਸ਼ੁਰੂ ਕੀਤਾ। ਸਿਹਤ ਇਲਾਜ ਬਾਬਤ ਪੁਰਾਤਨ ਗ੍ਰੰਥਾਂ, ਧਰਮ-ਪੱਖੀ ਪੁਸਤਕਾਂ, ਇਤਿਹਾਸਕ ਲਿਖਤਾਂ, ਪੁਰਾਤਨ ਤੇ ਨਵ-ਸਾਹਿਤ ਰਚਨਾਵਾਂ ਵਿਚੋਂ ਅਨੇਕਾਂ ਹਵਾਲੇ ਮਿਲਦੇ ਹਨ ਕਿ ਨਸ਼ਿਆਂ ਦੀ ਹੋਂਦ ਯੁੱਗਾਂ ਪੁਰਾਣੀ ਹੈ ਲੇਕਿਨ ਉਨ੍ਹਾਂ ਦਾ ਸੇਵਨ ਸੀਮਤ ਅਤੇ ਕੁਝ ਸਮੂਹਾਂ ਜਾਂ ਖਾਸ ਲੋਕਾਂ ਦੁਆਰਾ ਹੀ ਹੁੰਦਾ ਸੀ ਜਦਕਿ ਆਮ ਮਨੁੱਖ ਤਕਰੀਬਨ ਨਸ਼ਾ ਰਹਿਤ ਸੀ। ਜਿਉਂ ਜਿਉਂ ਸੱਭਿਅਤਾ ਦਾ ਵਿਕਾਸ ਹੋਇਆ ਤੇ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਬਣਤਰਾਂ ਵਿਚ ਤਬਦੀਲੀ ਆਈ ਤਾਂ ਨਸ਼ੀਲੇ ਤੇ ਮਾਦਿਕ ਪਦਾਰਥਾਂ ਦੇ ਸੇਵਨ, ਇਸ ਦੇ ਰੂਪਾਂ ਅਤੇ ਵਟਾਂਦਰੇ ਵਿਚ ਬੇਹੱਦ ਤਬਦੀਲੀ ਆਈ। ਜਿਥੇ ਪੁਰਾਣੇ ਵੇਲਿਆਂ ਵਿਚ ਅਫੀਮ, ਸ਼ਰਾਬ, ਸੋਮਰਸ ਜਾਂ ਗਾਂਜਾ ਆਦਿ ਨਸ਼ੇ ਸਨ, ਉਥੇ ਹੁਣ ਸ਼ਰਾਬ ਤੋਂ ਬਿਨਾ ਸਮੈਕ, ਹੈਰੋਇਨ, ਸਿੰਥੈਟਿਕ ਡਰੱਗਸ, ਕੈਪਸੂਲ, ਗੋਲੀਆਂ, ਟੀਕੇ, ਭੁੱਕੀ ਅਤੇ ਕਈ ਹੋਰ ਤਰ੍ਹਾਂ ਦੇ ਮਿਸ਼ਰਤ ਨਸ਼ੇ ਹਨ ਜੋ ਵੱਖ ਵੱਖ ਲਿਖਤਾਂ ਵਿਚ ਜ਼ਾਹਿਰ ਹੁੰਦੇ ਹਨ। ਅਜੋਕੇ ਸਮੇਂ ਪੈਟਰੋਲੀਅਮ ਅਤੇ ਹਥਿਆਰਾਂ ਤੋਂ ਬਾਅਦ ਨਸ਼ਿਆਂ ਦਾ ਵਪਾਰ ਜਾਂ ਤਸਕਰੀ ਸੰਸਾਰ ਵਿਚ ਤੀਜਾ ਵੱਡਾ ਧੰਦਾ ਬਣ ਗਿਆ ਹੈ ਜਿਸ ਦੀ ਕੁੱਲ ਧਨ ਮਾਤਰਾ 500 ਬਿਲੀਅਨ ਡਾਲਰਾਂ ਤੋਂ ਵੱਧ ਹੈ। ਸ਼ਰਾਬ ਵਧੇਰੇ ਕਰ ਕੇ ਗੁੜ, ਸ਼ੱਕਰ, ਚੀਨੀ, ਅੰਗੂਰ ਤੇ ਕੁਝ ਹੋਰ ਫਲਾਂ ਆਦਿ ਤੋਂ ਬਣਾਈ ਜਾਂਦੀ ਜਿਸ ਦੇ ਪੀਣ ਨਾਲ ਨਸ਼ੇ ਦੀ ਲਤ ਨੂੰ ਪੂਰਾ ਕੀਤਾ ਜਾਂਦਾ ਪਰ ਕਿਸੇ ਖਾਸ ਹਾਲਤ ਨੂੰ ਛੱਡ, ਸ਼ਰਾਬ ਜਾਨ ਲੇਵਾ ਸਾਬਤ ਨਹੀਂ ਸੀ ਹੁੰਦੀ। ਅਜੋਕੇ ਪਦਾਰਥਵਾਦੀ, ਲਾਭਯੁਕਤ ਤੇ ਕਾਹਲ ਭਰੇ ਜੀਵਨ ਵਿਚ ਸ਼ਰਾਬ ਬਣਾਉਣ ਵਿਚ ਨਵੇਂ ਰੁਝਾਨ ਸਾਹਮਣੇ ਆ ਰਹੇ ਹਨ ਜਿਨ੍ਹਾਂ ਦਾ ਇੱਕ ਰੂਪ ਅਸੀਂ ਪੰਜਾਬ ਦੇ ਅਜੋਕੇ ਘਟਨਾਕ੍ਰਮ ਵਿਚ ਵੇਖ ਰਹੇ ਹਾਂ। ਮੌਤ ਦਾ ਕਾਰਨ ਬਣੀ ਸ਼ਰਾਬ ਦੀ ਬਣਤਰ ਤੋਂ ਪਤਾ ਲੱਗਿਆ ਹੈ ਕਿ ਹੋਰ ਵਸਤਾਂ ਤੋਂ ਬਿਨਾ ਇਸ ਵਿਚ ਮੈਥਾਨੋਲ ਨਾਮੀ ਜ਼ਹਿਰੀਲੇ ਕੈਮੀਕਲ ਦੀ ਵਰਤੋਂ ਕੀਤੀ ਗਈ ਜੋ ਆਮ ਤੌਰ ‘ਤੇ ਰੰਗ-ਰੋਗਨ ਆਦਿ ਵਿਚ ਵਰਤਿਆ ਜਾਂਦਾ ਹੈ। ਸਪਿਰਟ, ਕੀਟਨਾਸ਼ਕਾਂ, ਗੋਲੀਆਂ ਤੇ ਕੁਝ ਕੁ ਦਾਰੂ ਮਿਲਾ ਕੇ ਬਣਾਈ ਮਾੜੀ ਸ਼ਰਾਬ ਵੇਚਣ ਦਾ ਰੁਝਾਨ ਤਾਂ ਆਮ ਸੁਣਨ ਨੂੰ ਮਿਲਦਾ ਸੀ ਪਰ ਸ਼ਰਾਬ ਬਣਾਉਣ ਲਈ ਮੈਥਾਨੋਲ ਦੀ ਵਰਤੋਂ ਸ਼ਾਇਦ ਪਹਿਲੀ ਵਾਰੀ ਹੋਈ ਹੈ। ਸਾਇੰਸ ਪੱਖੋਂ ਮੰਨਿਆ ਗਿਆ ਹੈ ਕਿ 10-15 ਮਿਲੀਲਿਟਰ ਮੈਥਾਨੋਲ ਕਿਸੇ ਸਾਧਾਰਨ ਆਦਮੀ ਨੂੰ ਅੰਨ੍ਹਾ ਕਰ ਸਕਦਾ ਹੈ ਜਾਂ ਮਾਰ ਸਕਦਾ ਹੈ ਜਦਕਿ ਅਜੋਕੇ ਕੇਸ ਵਿਚ ਵੱਡੇ ਵੱਡੇ ਲਿਟਰਾਂ ਵਾਲੇ ਡਰੰਮਾਂ ਵਿਚ ਮੈਥਾਨੋਲ ਸਪਲਾਈ ਹੋਇਆ ਹੈ ਜੋ ਪੇਂਟ ਸਟੋਰਾਂ ਦੇ ਮਾਲਕ ਤੇ ਹੋਰ ਸ਼ਰਾਬ ਬਣਾਉਣ ਵਾਲੇ ਲੋਕਾਂ ਦੀ ਗ੍ਰਿਫਤਾਰੀ ਤੋਂ ਪਤਾ ਲੱਗਦਾ ਹੈ। ਇਸ ਤੋਂ ਵੀ ਮਾੜਾ ਪੱਖ ਇਹ ਹੈ ਕਿ ਅਜਿਹੇ ਪਦਾਰਥ ਵਰਤਣ ਵਾਲੇ ਇਸ ਦੀ ਮਾਤਰਾ ਮਿਲਾਉਣ ਪੱਖੋਂ ਵੀ ਖਾਲੀ ਹੁੰਦੇ ਹਨ ਜੋ ਇਨਸਾਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਪੁਲਿਸ ਬਾਰੇ ਲੋਕਾਂ ਦਾ ਖੁੱਲ੍ਹ ਕੇ ਬੋਲਣਾ ਅਤੇ ਕਈ ਸਿਆਸਤਦਾਨਾਂ ਖਿਲਾਫ ਪਰਚੇ ਦਰਜ ਕਰਵਾਉਣ ਦੀ ਮੰਗ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਗੋਰਖ ਧੰਦਾ ਨਸ਼ਾ ਤਸਕਰਾਂ, ਪੁਲਿਸ ਅਤੇ ਨੇਤਾਵਾਂ ਦੀ ਮਿਲੀਭੁਗਤ ਨਾਲ ਵਾਪਰਦਾ ਹੈ ਜਿਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਇਸ ਪੱਖੋਂ ਮੁੱਖ ਮੰਤਰੀ ਵਲੋਂ ਵਰਤੀ ਸਖਤ ਸ਼ਬਦਾਵਲੀ ਇਸ ਤੱਥ ਦੀ ਸਬੂਤ ਹੈ। 2-4 ਦਿਨਾਂ ਦੀ ਸਖਤੀ ਕਰ ਕੇ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਲਿਟਰ ਸ਼ਰਾਬ ਤੇ ਲਾਹਣ ਫੜਨਾ ਜ਼ਾਹਰ ਕਰਦਾ ਹੈ ਕਿ ਦਾਰੂ ਦੀ ਬਨਾਵਟ ਤੇ ਸਪਲਾਈ ਦਾ ਗਿਆਨ ਕਿਥੇ ਹੈ! ਅਜਿਹੀ ਸ਼ਰਾਬ ਪੀਣ ਵਾਲਿਆਂ ਵਿਚ ਵਧੇਰੇ ਕਰਕੇ ਨਿਮਨ ਮੱਧ ਵਰਗੀ ਲੋਕ, ਛੋਟੇ ਕਿਸਾਨ, ਛੋਟੇ ਦੁਕਾਨਦਾਰ, ਦਸਤਕਾਰ, ਮਜ਼ਦੂਰ ਆਦਿ ਹਨ। ਟਕਿਆਂ ਨਾਲ ਬਣਾਈ ਨਕਲੀ ਦਾਰੂ ਵੇਚ ਕੇ ਬਹੁਤ ਸਾਰੇ ਮਾੜੇ ਅਨਸਰ ਰਾਤੋ-ਰਾਤ ਅਮੀਰ ਹੋ ਰਹੇ ਹਨ। ਸਮਾਂ ਬੀਤਣ ਨਾਲ ਵੱਖ ਵੱਖ ਕਾਰਨਾਂ ਕਰਕੇ ਮਨੱਖੀ ਜੀਵਨ ਦੇ ਆਰਥਿਕ, ਸਮਾਜਿਕ, ਸਭਿਆਚਾਰਕ, ਜਨਸੰਖਿਅਕ, ਮਨੋਵਿਗਿਆਨਕ, ਵਿਹਾਰਕ, ਜੀਵਨ ਪ੍ਰਤੀ ਨਿੱਜੀ ਝੁਕਾਅ, ਖਾਣ ਪੀਣ ਆਦਿ ਵਿਚ ਬਦਲਾਅ ਆਏ ਹਨ। ਕੋਈ ਅੱਧੀ ਸਦੀ ਪਹਿਲਾਂ ਤੱਕ ਪੰਜਾਬ ਵਿਚ ਕੁਝ ਕੁ ਲੋਕ ਪ੍ਰਾਹੁਣਾਚਾਰੀ ਜਾਂ ਰਾਤ ਬਰਾਤੇ ਦਾਰੂ ਦਾ ਇਸਤੇਮਾਲ ਕਰਦੇ ਸਨ ਪਰ ਵਧੇਰੇ ਅਬਾਦੀ ਬਚੀ ਹੋਈ ਸੀ। ਕੋਈ ਸਮਾਂ ਸੀ ਕਿ ਲੋਕ ਚਾਹ ਨੂੰ ਵੀ ਨਸ਼ਾ ਸਮਝਦੇ ਸਨ ਅਤੇ ਚਾਹ ਪੀਣ ਵਾਲਿਆਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਸੀ ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਆਬਾਦੀ ਦਾ ਵੱਡਾ ਭਾਗ, ਸਮੇਤ ਔਰਤਾਂ, ਨਸ਼ੇ ਦੀ ਗ੍ਰਿਫਤ ਵਿਚ ਹਨ। ਇਸ ਦੇ ਕਈ ਕਾਰਨ ਹਨ। 20ਵੀਂ ਸਦੀ ਦੇ ਪਿਛਲੇ ਅੱਧ ਤੋਂ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸੰਸਾਰ ਦੇ ਹੋਰ ਮੁਲਕਾਂ ਵਾਂਗ ਸਾਡੇ ਦੇਸ਼ ਵਿਚ ਵੀ ਆਰਥਿਕ ਤਬਦੀਲੀਆਂ ਦਾ ਦੌਰ ਸ਼ੁਰੂ ਹੋਇਆ। ਸਾਧਾਰਨ ਖੇਤੀਬਾੜੀ ਆਧਾਰਿਤ ਸਮਾਜ ਵਿਚ ਮਸ਼ੀਨੀਕਰਨ ਦੀ ਆਮਦ, ਉਦਯੋਗੀਕਰਨ, ਸੰਚਾਰ ਸਾਧਨਾਂ ਦੀ ਆਮਦ ਨੇ ਜਿਥੇ ਕੁਝ ਲੋਕਾਂ ਲਈ ਖੁਸ਼ਹਾਲੀ ਲਿਆਂਦੀ, ਉਥੇ ਬਹੁਤ ਸਾਰੇ ਲੋਕ ਗਰੀਬੀ ਵਲ ਧੱਕੇ ਜਾ ਰਹੇ ਹਨ। 80 ਫੀਸਦ ਭਾਰਤੀ ਕਿਸਾਨਾਂ ਕੋਲ ਇੱਕ ਹੈਕਟੇਅਰ ਤੱਕ ਜ਼ਮੀਨ ਹੈ ਜਿਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਅੱਜ ਹਾਲਾਤ ਅਜਿਹੇ ਹਨ ਕਿ ਭਾਰਤ ਵਿਚ ਮੋਟੇ ਤੌਰ ‘ਤੇ 90% ਫੀਸਦ ਧਨ ਸਾਧਨਾਂ ਉੱਤੇ 10% ਫੀਸਦ ਲੋਕ ਕਾਬਜ਼ ਹਨ। ਸੰਸਾਰ ਪੱਧਰ ਉਤੇ 15-20 ਲੋਕਾਂ ਕੋਲ ਦੁਨੀਆ ਦੀ ਅੱਧੀ ਧਨ ਸੰਪਤੀ ਹੈ। ਆਰਥਿਕ ਅਸਮਾਨਤਾਵਾਂ ਬਹੁਤ ਵਧ ਗਈਆਂ ਹਨ। ਦਿਖਾਵੇ ਅਤੇ ਪਦਾਰਥਵਾਦ ਵਿਚ ਵਾਧਾ ਹੋਇਆ ਹੈ। ਇਸ ਵਰਤਾਰੇ ਨੇ ਲੋਕਾਂ ਦੀ ਜੀਵਨ ਸ਼ੈਲੀ ਬਦਲ ਦਿੱਤੀ ਹੈ। ਜਿਥੇ ਕੁਝ ਲੋਕ ਖੁਸ਼ਹਾਲੀ ਕਰ ਕੇ ਪੀ ਰਹੇ ਹਨ, ਉਥੇ ਵਧੇਰੇ ਲੋਕ ਜੀਵਨ ਮੁਸ਼ਕਿਲਾਂ ਦੀ ਤਾਬ ਨਾ ਝੱਲਦਿਆਂ ਨਸ਼ਿਆਂ ਦੇ ਸਹਾਰੇ ਭਾਲ ਰਹੇ। ਘੱਟ ਕਮਾਈ ਅਤੇ ਵੱਧ ਖਰਚਿਆਂ ਨੇ ਵਧੇਰੇ ਲੋਕਾਂ ਦਾ ਜੀਵਨ ਔਖਾ ਕੀਤਾ ਹੈ। ਕਰੋਨਾ ਮਹਾਮਾਰੀ ਕਰਕੇ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ। 1947 ਤੱਕ ਭਾਰਤ ਦੀ ਆਬਾਦੀ 35 ਕਰੋੜ ਦੇ ਕਰੀਬ ਸੀ ਜਿਹੜੀ ਹੁਣ 1 ਅਰਬ 35 ਕਰੋੜ ਤੱਕ ਪਹੁੰਚ ਗਈ ਹੈ। ਇਸ ਦਾ ਆਰਥਿਕ ਸਾਧਨਾਂ ਅਤੇ ਕਮਾਈ ਉਤੇ ਨਕਾਰਾਤਮਿਕ ਅਸਰ ਪੈ ਰਿਹਾ ਹੈ। ਬੇਰੁਜ਼ਗਾਰੀ ਵਿਚ ਅਥਾਹ ਵਾਧਾ ਹੋਇਆ ਹੈ। ਤਾਲੀਮ ਰਹਿਤ ਤੇ ਤਾਲੀਮ ਯਾਫਤਾ ਲੋਕ ਵਿਸ਼ੇਸ਼ ਕਰਕੇ ਜੁਆਨ ਤਬਕੇ ਦੇ ਹੱਥ ਖਾਲੀ ਹੋਣ ਕਰਕੇ ਪਰਿਵਾਰਾਂ ਵਿਚ ਕਲੇਸ਼ ਅਤੇ ਖਿੱਚੋਤਾਣ ਵਧ ਰਹੀ ਹੈ ਜੋ ਨਸ਼ਿਆਂ ਦਾ ਕਾਰਨ ਬਣ ਰਹੀ ਹੈ। ਦੇਸ਼ ਦੇ 92% ਫੀਸਦ ਕਾਮੇ ਗੈਰ-ਸੰਗਠਤ ਖੇਤਰਾਂ ਵਿਚ ਕੰਮ ਕਰ ਹਨ ਅਤੇ ਬੇਹੱਦ ਦਬਾਅ ਭਰਭੂਰ ਹਾਲਾਤ ਵਿਚ ਜੀਵਨ ਬਸਰ ਕਰਦੇ ਹਨ। ਕਿਸਾਨੀ ਵਿਚ ਕਰਜ਼ੇ ਦਾ ਵਾਧਾ ਇਸੇ ਦਾ ਨਤੀਜਾ ਹੈ। ਖੇਤੀ ਤੋਂ ਬਾਹਰਲੇ ਖੇਤਰਾਂ ਵਿਚ ਆਬਾਦੀ ਦੀ ਸਮਾਈ ਨਹੀਂ ਹੋ ਰਹੀ। ਨਤੀਜੇ ਵਜੋਂ ਮਾਨਸਿਕ ਉਥਲ ਪੁਥਲ ਨਸ਼ਿਆਂ ਵੱਲ ਖਿੱਚ ਰਹੀ ਹੈ ਅਤੇ ਲੋਕ ਘਟ ਪੈਸੇ ਹੋਣ ਕਰਕੇ ਸਸਤੀ, ਮਾੜੀ ਜਾਂ ਨਕਲੀ ਸ਼ਰਾਬ ਪੀ ਜਾਂਦੇ ਹਨ। ਨਸ਼ੇ ਦੀ ਤੋਟ ਜਾਂ ਪੈਸੇ ਨਾ ਮਿਲਣ ਕਾਰਨ ਕਈ ਨਸ਼ੇੜੀਆਂ ਦੁਆਰਾ ਆਪਣੇ ਹੀ ਪਰਿਵਾਰ ਦੇ ਜੀਆਂ ਦੇ ਕਤਲ ਅਤੇ ਕਈ ਵਾਰ ਘਰ ਜਲਾ ਦੇਣ ਦੀਆਂ ਵਧ ਰਹੀਆਂ ਵਾਰਦਾਤਾਂ ਇਸ਼ਾਰਾ ਕਰਦੀਆਂ ਹਨ ਕਿ ਸਮਾਜ ਵਿਚ ਹਾਲਾਤ ਗੰਭੀਰ ਹਨ। ਅਜੋਕੇ ਯੁੱਗ ਵਿਚ ਜਨ-ਸੰਚਾਰ ਸਾਧਨਾਂ ਕਰਕੇ ਸੱਭਿਆਚਾਰ, ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਵਿਚ ਬਹੁਤ ਬਦਲਾਅ ਆਇਆ ਹੈ। ਵਿਸ਼ਵ ਇੱਕ ਪਿੰਡ ਵਜੋਂ ਉਭਰ ਰਿਹਾ ਹੈ। ਫਾਸਲੇ ਘਟ ਗਏ ਹਨ। ਸਮਾਜਾਂ ਦਾ ਅੰਤਰ-ਪ੍ਰਭਾਵ ਵਧ ਰਿਹਾ ਹੈ। ਪੱਛਮੀ ਸਮਾਜਾਂ ਦਾ ਪਲੜਾ ਭਾਰੀ ਹੋਣ ਕਰਕੇ ਸਾਡੇ ਦੇਸ਼ ਦੇ ਮਨੁੱਖੀ ਵਰਤਾਰੇ ਨੂੰ ਆਪਣੇ ਹਿੱਤ ਢਾਲਣ ਵਿਚ ਕਾਮਯਾਬ ਹੋ ਰਹੇ ਹਨ। ਅਜੋਕੇ ਪੂੰਜੀਵਾਦੀ ਯੁੱਗ ਵਿਚ ਪੱਛਮ ਤੋਂ ਉਭਰੀਆਂ ਮੰਡੀ ਸ਼ਕਤੀਆਂ ਨੇ ਵਿਕਾਸਸ਼ੀਲ ਦੇਸ਼ਾਂ ਦੀਆਂ ਸਮਾਜਿਕ, ਆਰਥਿਕ ਤੇ ਸਿਆਸੀ ਸੰਸਥਾਵਾਂ ਨੂੰ ਜਕੜ ਲਿਆ ਹੈ ਅਤੇ ਉਹ ਆਪਣੀ ਮਾਰਕੀਟਿੰਗ ਲਈ ਆਪਣੀ ਜੀਵਨਸ਼ੈਲੀ ਤੇ ਖੁੱਲ੍ਹੀਆਂ ਰੀਤਾਂ ਫੈਲਾਅ ਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦਨ ਵੇਚ ਰਹੇ ਹਨ। ਨਸ਼ਾ ਵੀ ਅਜਿਹਾ ਸਾਧਨ ਬਣ ਗਿਆ ਹੈ ਅਤੇ ਸਥਾਨਕ ਸੱਭਿਆਚਾਰਾਂ ਦੇ ਧੁਰ ਅੰਦਰ ਤੱਕ ਸਥਾਪਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਟੀਵੀ, ਮੋਬਾਇਲ, ਇੰਟਰਨੈਟ ‘ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮਾਂ ਨੇ ਜੀਵਨਸ਼ੈਲੀ ਬਦਲ ਦਿੱਤੀ ਹੈ ਜੋ ਖਾਸ ਕਰਕੇ ਨਸ਼ਿਆਂ ਦੀ ਲੱਤ ਨੂੰ ਉਤੇਜਿਤ ਕਰਦੇ ਹਨ। ਮਾਸ ਮੀਡੀਆ ਨੇ ਨਵੀਆਂ ਲੋੜਾਂ ਤੇ ਖ਼ਾਹਿਸ਼ਾਂ ਵਿਚ ਵਾਧਾ ਕੀਤਾ ਹੈ ਅਤੇ ਇਸ ਤਲਿਸਮੀ ਸੰਸਾਰ ਦੀ ਅਪੂਰਤੀ ਝਗੜਿਆਂ ਦਾ ਵੱਡਾ ਕਾਰਨ ਬਣ ਰਹੀ ਹੈ। ਸਮਾਜ ਵਿਚ ਭਾਈਚਾਰਕ ਭਾਵਨਾ ਬਿਖਰ ਗਈ ਹੈ। ਇਨਸਾਨ ਦੀ ਇਕੱਲਤਾ ਅਤੇ ਸਮਾਜਿਕ ਸਹਾਰਿਆਂ ਦਾ ਟੁੱਟਣਾ ਵੀ ਨਸ਼ਾਖੋਰੀ ਵਿਚ ਵਾਧਾ ਕਰ ਰਿਹਾ ਹੈ। ਰਾਜਨੀਤਕ ਪੱਖੋਂ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਸਮਾਜ ਵਿਚ ਪਬਲਿਕ ਸੈਕਟਰ ਦੇ ਘਟ ਰਹੇ ਰੋਲ ਤੇ ਪ੍ਰਾਈਵੇਟ ਸੈਕਟਰਾਂ ਦੇ ਵਾਧੇ ਨੇ ਮਹਿੰਗੀ ਸਿੱਖਿਆ, ਸਿਹਤ ਤੇ ਸੇਵਾਵਾਂ ਕਰਕੇ ਲੋਕਾਂ ਦੀ ਆਰਥਿਕਤਾ ਹਿਲਾ ਕੇ ਰੱਖ ਦਿਤੀ ਹੈ। ਤੰਗੀਆਂ ਤਰੁਸ਼ੀਆਂ ਕਾਰਨ ਪਰਿਵਾਰਕ ਹਾਲਾਤ ਵਿਗੜ ਹਨ ਅਤੇ ਲੋਕ ਬਹੁਤ ਹਾਲਾਤ ਵਿਚ ਮਾੜੀ ਦਾਰੂ ਜਾਂ ਹੋਰ ਸਸਤੇ ਨਸ਼ੇ ਕਰਦੇ ਹਨ। ਸਮਾਜ ਨੂੰ ਨਸ਼ਾਮੁਕਤ ਅਤੇ ਨਰੋਆ ਰੱਖਣ ਲਈ ਵੱਖ ਵੱਖ ਪੱਧਰਾਂ ‘ਤੇ ਹੰਭਲੇ ਮਾਰਨ ਦੀ ਜ਼ਰੂਰਤ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਨਸ਼ੇ ਦੀ ਬੁਰਾਈ ਖਤਮ ਕਰਨ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਏ ਅਤੇ ਨਸ਼ੇ ਦਾ ਫੈਲਾਅ ਕਾਬੂ ਕਰ ਕੇ ਵਿਹਲੇ ਹੱਥਾਂ ਲਈ ਲੋੜੀਂਦੇ ਰੁਜ਼ਗਾਰ ਵਾਲੇ ਸਾਧਨ ਜੁਟਾਏ। ਉਹ ਦੇਸ਼ ਜਿਨ੍ਹਾਂ ਨੇ ਆਪਣੇ ਸਮਾਜਾਂ ਨੂੰ ਨਸ਼ੇ ਤੋਂ ਨਿਜਾਤ ਦਿਵਾਈ ਹੈ, ਦੇ ਮਾਡਲ ਲਾਗੂ ਕਰਕੇ ਨਸ਼ਾ ਮੁਕਤੀ ਕਰਵਾਈ ਜਾ ਸਕਦੀ ਹੈ। ਜਿਥੇ ਸਖਤ ਕਾਨੂੰਨਾਂ ਅਤੇ ਸਮੇਂ ਮੁਤਾਬਿਕ ਨੀਤੀਆਂ ਵਿਚ ਬਦਲਾਅ ਦੀ ਲੋੜ ਹੈ, ਉਥੇ ਪ੍ਰੇਰਨਾ ਵੀ ਸਹਾਈ ਹੋ ਸਕਦੀ ਹੈ। ਪੰਚਾਇਤਾਂ, ਮਾਪਿਆਂ, ਸਵੈ-ਸੇਵੀ ਸੰਸਥਾਵਾਂ ਅਤੇ ਹੋਰ ਪੜ੍ਹੇ ਲਿਖੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਗੁਰੇਜ਼ ਕਰਨ ਲਈ ਪ੍ਰੇਰਨ। ਕੋਈ ਵੀ ਸਮਾਜ ਜਾਂ ਦੇਸ਼ ਓਨਾ ਚਿਰ ਵਿਕਾਸ ਨਹੀਂ ਕਰ ਸਕਦਾ ਜਿੰਨਾ ਚਿਰ ਉਥੋਂ ਦੀ ਮਨੁੱਖੀ ਸ਼ਕਤੀ ਦਾ ਸਕਾਰਾਤਮਿਕ ਇਸਤੇਮਾਲ ਨਹੀਂ ਹੁੰਦਾ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …