Breaking News
Home / ਕੈਨੇਡਾ / ਕੈਨੇਡਾ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਰਹੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਇਕੱਤਰਤਾ

ਕੈਨੇਡਾ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਰਹੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਇਕੱਤਰਤਾ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ 16 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ  ਹੋਈ। ਪ੍ਰਧਾਨਗੀ ਮੰਡਲ ਵਿਚ ਉਨਾਂ ਦਾ ਸਾਥ ਰਵੀ ਪ੍ਰਕਾਸ਼ ਜਨਾਗਲ ਨੇ ਦਿੱਤਾ। ਮੀਟਿੰਗ ਦੀ ਸ਼ੁਰੂਆਤ ਵਿਚ ਗੁਰਬਚਨ ਬਰਾੜ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਇਕਬਾਲ ਰਾਮੂਵਾਲੀਆ ਦੀ ਜੀਵਨੀ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ।
ਉਨ੍ਹਾਂ ਕਿਹਾ ਕਿ ਸਾਨੂੰ ਫ਼ਖਰ ਹੈ ਕਿ ਰਾਮੂਵਾਲੀਆ ਜੀ ਦਾ ਪੰਜਾਬੀ ਲਿਖਾਰੀ ਸਭਾ ਨਾਲ ਖ਼ਾਸ ਸਬੰਧ ਰਿਹਾ ਹੈ ਅਤੇ ਪੰਜਾਬੀ ਲਿਖਾਰੀ ਸਭਾ ਨੇ ਸਾਲ 2009 ਵਿਚ ਉਨਾਂ ਨੂੰ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਸੀ। ਜਦ ਵੀ ਅਸੀਂ ਉਨਾਂ ਨੂੰ ਯਾਦ ਕੀਤਾ ਉਹ ਹਮੇਸ਼ਾ ਸਾਡੇ ਪਾਸ ਜ਼ਰੂਰ ਪਹੁੰਚੇ। ਪਿਛਲੇ ਦਿਨੀਂ ਉਨਾਂ ਦੇ ਪਿਤਾ ਕਰਨੈਲ ਸਿੰਘ ਪਾਰਸ ਜੀ ਦੇ 100ਵੇਂ ਜਨਮ ਦਿਨ ‘ਤੇ ਉਨਾਂ ਦੀ ਯਾਦ ਵਿਚ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਕੈਲਗਰੀ ਵੱਲੋਂ ਇੱਕ ਸਮਾਗਮ ਕੀਤਾ ਗਿਆ ਜਿਸ ਵਿਚ ਇਕਬਾਲ ਜੀ ਨੇ ਹਿੱਸਾ ਲਿਆ ਅਤੇ ਨਾਸਾਜ਼ ਸਿਹਤ ਦੇ ਬਾਵਜੂਦ ਉਨਾਂ ਨੇ ਕਵੀਸ਼ਰੀ ਗਾ ਕੇ ਸਮਾਗਮ ਵਿਚ ਰੰਗ ਬੰਨਿਆ। ਉਹ ਉੱਚ ਕੋਟੀ ਦੇ ਸਾਹਿਤਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਅਤੇ ਜ਼ਿੰਦਾ ਦਿਲ ਇਨਸਾਨ ਸਨ। ਬਾਅਦ ਵਿਚ ਨਰਿੰਦਰ ਸਿੰਘ ਢਿੱਲੋਂ ਨੇ ਵੀ ਰਾਮੂਵਾਲੀਆ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਪੰਜਾਬੀ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਨਾਲ ਹੀ ਉਨਾਂ ਨੇ ਬਾਕੀ ਲੇਖਕਾਂ ਨੂੰ ਉਸਾਰੂ ਸਾਹਿਤ ਲਿਖਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਹਾਜ਼ਰੀਨ ਨੂੰ ਬੱਚਿਆਂ ਲਈ ਵਧੀਆ ਉਦਾਹਰਨ ਬਣਨ ਲਈ ਵੀ ਆਖਿਆ ਤਾਂ ਕਿ ਬੱਚਿਆਂ ਨੂੰ ਸਹੀ ਸੇਧ ਮਿਲ ਸਕੇ। ਰਚਨਾਵਾਂ ਦੇ ਦੌਰ ਵਿਚ ਕੈਨੇਡਾ-ਡੇਅ ਦਾ ਵਿਸ਼ਾ ਭਾਰੂ ਰਿਹਾ। ਸੁਖਪਾਲ ਪਰਮਾਰ, ਬਲਜਿੰਦਰ ਸੰਘਾ, ਬਲਬੀਰ ਗੋਰਾ ਅਤੇ ਮੰਗਲ ਚੱਠਾ ਨੇ ਕੈਨੇਡਾ ਲਈ ਪਿਆਰ ਅਤੇ ਸਤਿਕਾਰ ਪੂਰਵਕ ਰਚਨਾਵਾਂ ਪੇਸ਼ ਕੀਤੀਆਂ। ਰਵੀ ਪਰਕਾਸ਼ ਜਨਾਗਲ ਨੇ ਸੁਰਜੀਤ ਪਾਤਰ ਦਾ ਲਿਖੀ ਰਚਨਾ “ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ” ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ। ਸਭਾ ਵਿਚ ਪਹਿਲੀ ਵਾਰ ਸ਼ਿਰਕਤ ਕਰ ਰਹੇ ਜੋਗਿੰਦਰ ਸਿੰਘ ਨੇ ਵੀ ਸੁਰਜੀਤ ਪਾਤਰ ਦਾ ਲਿਖਿਆ ਗੀਤ ‘ ਦਿਲ ਹੀ ਉਦਾਸ ਹੈ ਤੇ ਬਾਕੀ ਸਭ ਖ਼ੈਰ ਹੈ’ ਆਪਣੀ ਖ਼ੂਬਸੂਰਤ ਆਵਾਜ਼ ਅਤੇ ਪੇਸ਼ਕਾਰੀ ਵਿਚ ਗਾ ਕੇ ਸਭਨਾਂ ਦਾ ਮਨ ਮੋਹ ਲਿਆ ਅਤੇ ਸਭ ਹਾਜ਼ਰੀਨ ਨੇ ਉਸ ਦੀ ਬਹੁਤ ਪ੍ਰਸੰਸਾ ਕੀਤੀ।
ਮਹਿੰਦਰਪਾਲ ਸਿੰਘ ਪਾਲ, ਜੋਰਾਵਰ ਸਿੰਘ ਬੰਸਲ ਅਤੇ ਹਰਮਿੰਦਰ ਕੌਰ ਢਿੱਲੋਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਮਾ.ਜੀਤ ਸਿੰਘ ਸਿੱਧੂ ਨੇ ਬਲਵਿੰਦਰ ਸਿੰਘ ਭਾਗੋਵਾਲੀਆ ਦੀ ਕੈਨੇਡਾ ਦੀ ਜ਼ਿੰਦਗੀ ਨਾਲ ਸਬੰਧਿਤ ਰਚਨਾ ਪੇਸ਼ ਕੀਤੀ। ਡਾ. ਮਨਮੋਹਨ ਸਿੰਘ ਬਾਠ ਨੇ ਇੱਕ ਗੀਤ “‘ਜੀਅ ਕਰਦਾ ਏ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ’ ਪੇਸ਼ ਕੀਤਾ।  ਫ਼ੋਟੋਗਰਾਫ਼ੀ ਦੀ ਸੇਵਾ ਰਣਜੀਤ ਸਿੰਘ ਵੱਲੋਂ ਨਿਭਾਈ ਗਈ।
ਅਖੀਰ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਨੇ ਭਰੂਣ ਹੱਤਿਆ ਖ਼ਿਲਾਫ਼ ਲਿਖਿਆ ਆਪਣਾ ਹੀ ਗੀਤ ਸਾਂਝਾ ਕੀਤਾ ਅਤੇ ਸਭ ਹਾਜ਼ਰੀਨ ਦਾ ਮੀਟਿੰਗ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਨਾਲ ਹੀ ਸਭਾ ਦੀ ਅਗਲੀ ਵਿਚ ਸ਼ਾਮਿਲ ਹੋਣ ਲਈ ਸੱਦਾ ਵੀ ਦਿੱਤਾ ਜੋ ਐਤਵਾਰ 20 ਅਗਸਤ ਨੂੰ ਦੁਪਹਿਰ 2 ਵਜੇ ਹੋਵੇਗੀ। ਵਧੇਰੇ ਜਾਣਕਾਰੀ ਲਈ ਪਾਠਕ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।

Check Also

ਬਰੈਂਪਟਨ ਦੇ ਡੇਅਰੀ ਮੇਡ ਪਾਰਕ ‘ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਡੇਅਰੀ ਮੇਡ ਪਾਰਕ ਵਿਚ ਲੰਘੀ 24 ਅਗਸਤ ਨੂੰ ਜਨਮ ਅਸ਼ਟਮੀ …