Breaking News
Home / ਕੈਨੇਡਾ / ਗਲੋਬਲ ਪੰਜਾਬ ਫਾਊਂਡੇਸ਼ਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ ਵੱਲੋਂ ਇੰਟਰਨੈਸ਼ਨਲ ਸੈਮੀਨਾਰ ਕਰਵਾਇਆ

ਗਲੋਬਲ ਪੰਜਾਬ ਫਾਊਂਡੇਸ਼ਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ ਵੱਲੋਂ ਇੰਟਰਨੈਸ਼ਨਲ ਸੈਮੀਨਾਰ ਕਰਵਾਇਆ

global-punjab-foundation-pic-copy-copyਬਰੈਂਪਟਨ/ਬਿਊਰੋ ਨਿਊਜ਼
ਲੰਘੇ ਸ਼ਨੀਵਾਰ 29 ਅਕਤੂਬਰ ਨੂੰ ‘ਗਲੋਬਲ ਪੰਜਾਬ ਫਾਊਂਡੇਸ਼ਨ’ ਅਤੇ ‘ਪੰਜਾਬੀ ਯੂਨੀਵਰਸਿਟੀ ਅਲੂਮਿਨੀ ਐਸੋਸੀਏਸ਼ਨ’ ਵਲੋਂ ਮਿਲ ਕੇ ਸ਼ਿੰਗਾਰ ਬੈਂਕੁਅਟ ਹਾਲ ਵਿਖੇ ”ਹਾਊ ਟੂ ਲੀਡ ਏ ਸਕਸੈੱਸਫੁਲ ਐਂਡ ਹੈਲਥੀ ਲਾਈਫ” ਵਿਸ਼ੇ ‘ਤੇ ਇੰਟਰਨੈਸ਼ਨਲ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਫੈਕਲਟੀ ਅਤੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਮੁਖੀ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਬਤੌਰ ਮੁੱਖ-ਮਹਿਮਾਨ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਅਲੂਮਿਨੀ ਐਸੋਸੀਏਸ਼ਨ (ਟੋਰਾਂਟੋ) ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਵੱਲੋਂ ਆਏ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੋਰਾਂਟੋ ਚੈਪਟਰ ਦੇ ਚੇਅਰਮੈਨ ਡਾ. ਕੁਲਜੀਤ ਸਿੰਘ ਜੰਜੂਆ ਨੇ ਡਾ.ਹਰਜਿੰਦਰ ਪਾਲ ਸਿੰਘ ਵਾਲੀਆ ਦੇ ਨਾਲ ਉੱਘੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ, ਪ੍ਰਸਿੱਧ ਲੇਖਕ ਤੇ ਪੱਤਰਕਾਰ ਬਲਬੀਰ ਮੋਮੀ, ਪਾਕਿਸਤਾਨੀ ਮੂਲ ਦੇ ਲੇਖਕ ਮਕਸੂਦ ਚੌਧਰੀ ਅਤੇ ਬਰੈਂਪਟਨ ਦੇ ਉੱਘੇ ਗਾਇਕ ਇਕਬਾਲ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਬਤ ਹੋਣ ਲਈ ਸੱਦਾ ਦਿੱਤਾ।
ਸੈਮੀਨਾਰ ਦੀ ਕਾਰਵਾਈ ਸ਼ੁਰੂ ਕਰਦਿਆਂ ਡਾ.ਕੁਲਜੀਤ ਸਿੰਘ ਜੰਜੂਆ ਵੱਲੋਂ ਪਹਿਲੇ ਬੁਲਾਰੇ ਦੀਪਕ ਮਨਚੰਦਾ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਪਾਵਰ-ਪੁਆਇੰਟ ਦੀ ਮੱਦਦ ਨਾਲ ਆਪਣੇ ਸੰਬੋਧਨ ਵਿੱਚ ਮਨੁੱਖੀ ਜੀਵਨ ਵਿੱਚ ਸਫ਼ਲਤਾ ਦੀ ਖੋਜ ਦੇ ਵਿਗਿਆਨਕ ਆਧਾਰ ‘ਤੇ ਸੱਤ-ਪੁਆਇੰਟ ਸਕੇਲ ਰਾਹੀਂ ਵਿਆਖਿਆ ਕੀਤੀ। ਪ੍ਰਿੰ.ਸਰਵਣ ਸਿੰਘ ਨੇ ਲੰਮੇ ਅਤੇ ਖੁਸ਼ੀ-ਭਰਪੂਰ ਸਿਹਤਮੰਦ ਜੀਵਨ ਲਈ ਸਾਦਾ ਪੌਸ਼ਟਿਕ ਤੇ ਸੰਤੁਲਿਤ ਖ਼ੁਰਾਕ ਅਤੇ ਕਸਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ, ਨਾਵਲਕਾਰ ਜਸਵੰਤ ਸਿੰਘ ਕੰਵਲ, ਉਲੰਪੀਅਨ ਹਾਕੀ ਖਿਡਾਰੀ ਬਲਬੀਰ ਸਿੰਘ ਅਤੇ ਉੱਘੇ ਅਰਥ-ਸ਼ਾਸਤਰੀ ਡਾਲ਼.ਸਰਦਾਰਾ ਸਿੰਘ ਜੌਹਲ ਦੇ ਲੰਮੀ ਉਮਰ ਅਤੇ ਸਿਹਤਮੰਦ ਜੀਵਨ ਦਾ ਰਾਜ਼ ਉਨ੍ਹਾਂ ਦੇ ਇਸ ਉਮਰ ਵਿੱਚ ‘ਸਾਰਥਿਕ ਰੁਝੇਵੇਂ’ ਦੱਸਿਆ। ਹਰਜਸਪ੍ਰੀਤ ਕੌਰ ਗਿੱਲ ਨੇ ਡਾਲ਼.ਹਰਜਿੰਦਰ ਪਾਲ ਸਿੰਘ ਵਾਲੀਆ ਦੀ ਪੁਸਤਕ ‘ਜਿੱਤ ਦਾ ਮੰਤਰ’ ਬਾਰੇ ਬੋਲਦਿਆਂ ਕਿਹਾ ਕਿ ਉਹ ਇਸ ਪੁਸਤਕ ਵਿਚ ਵਰਨਣ ਕੀਤੇ ਗਏ ਜੀਵਨ ਨੂੰ ਸਫ਼ਲ ਬਨਾਉਣ ਵਾਲੇ ਸੂਤਰਾਂ ਜਿਨ੍ਹਾਂ ਨੂੰ ਡਾ. ਵਾਲੀਆ ਨੇ ‘ਮੰਤਰਾਂ’ ਦਾ ਦਰਜਾ ਦਿੱਤਾ ਹੈ, ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਪੁਸਤਕ ਦੇ ਵੱਖ-ਵੱਖ 34 ਲੇਖਾਂ ਵਿੱਚ ਦਰਜ ਕਈ ਸ਼ਿਅਰ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ।
ਸਮਾਗ਼ਮ ਦੇ ਮੁੱਖ-ਮਹਿਮਾਨ ਡਾ.ਹਰਜਿੰਦਰ ਸਿੰਘ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਆਈ.ਏ.ਐਸ.ਅਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੇ ਵਧੇਰੇ ਗਿਣਤੀ ਵਿੱਚ ਅੱਗੇ ਨਾ ਆਉਣ ਨੂੰ ਮੁੱਖ ਰੱਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਈ.ਏ.ਐਸ. ਟ੍ਰੇਨਿੰਗ ਸੈਂਟਰ ਸ਼ੁਰੂ ਕਰਨ ਅਤੇ ਵਿਦਿਆਰਥੀਆਂ ਤੇ ਆਮ ਪਾਠਕਾਂ ਲਈ ਲਿਖੀ ਗਈ ਆਪਣੀ ਪੁਸਤਕ ‘ਜਿੱਤ ਦਾ ਮੰਤਰ’ ਬਾਰੇ ਦੱਸਦਿਆਂ ਕਿਹਾ ਕਿ ਇਸ ਦਾ ਮੰਤਵ ਪਾਠਕਾਂ ਦੇ ਮਨਾਂ ਵਿੱਚ ਜਿੱਤ ਦੇ ਅਹਿਸਾਸ ਨੂੰ ਜਗਾਉਣਾ ਹੈ। ਸੈਮੀਨਾਰ ਵਿਚ ਬਰੈਂਪਟਨ-ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਵੀ ਸੰਬੋਧਨ ਕੀਤਾ ਅਤੇ ਅਖ਼ੀਰ ਵਿੱਚ ਇਸ ਵਿੱਚ ਭਾਗ ਲੈਣ ਵਾਲੇ ਬੁਲਾਰਿਆਂ ਅਤੇ ਕੁਝ ਹੋਰ ਸ਼ਖਸੀਅਤਾਂ ਨੂੰ ਬਰੈਂਪਟਨ-ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਵਲੋਂ ਪਲੈਕਸ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਸਮਾਗ਼ਮ ਦੇ ਦੂਸਰੇ ਭਾਗ ਵਿੱਚ ਤ੍ਰੈਭਾਸ਼ੀ ਕਵੀ-ਦਰਬਾਰ ਕੀਤਾ ਗਿਆ ਜਿਸ ਵਿੱਚ ਪਰਮ ਸਰਾਂ, ਸੁਰਜੀਤ ਕੌਰ, ਮਕਸੂਦ ਚੌਧਰੀ, ਪਿਆਰਾ ਸਿੰਘ ਕੁਦੋਵਾਲ, ਹਰਚੰਦ ਸਿੰਘ ਬਾਸੀ, ਸੁਖਦੇਵ ਸਿੰਘ ਝੰਡ, ਜਗੀਰ ਸਿੰਘ ਕਾਹਲੋਂ, ਅਮਰ ਸਿੰਘ ਢੀਂਡਸਾ, ਹਰਜਿੰਦਰ ਸਿੰਘ, ਲਵੀਨ ਗਿੱਲ, ਸੁੰਦਰਪਾਲ ਰਾਜਾਸਾਂਸੀ, ਅਰੂਜ਼ ਰਾਜਪੂਤ, ਆਦਿ ਨੇ ਭਾਗ ਲਿਆ। ਅੰਤ ਵਿਚ ਜੀ ਪੀ ਐਫਦੇ ਚੇਅਰਮੈਨ ਕੁਲਜੀਤ ਜੰਜੂਆ ਨੇ ਸ਼ਿਵ ਦੀ ਗ਼ਜ਼ਲ ਗਾਕੇ ਖੁਬ ਵਾਹਵਾ ਖੱਟੀ। ਪਰਮਜੀਤ ਸਿੰਘ ਗਿੱਲ ਅਤੇ ਇਕਬਾਲ ਬਰਾੜ ਹੋਰਾਂ ਵੀ ਖੁਬਸੂਰਤ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ। ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਸਰੋਤੇ ਅੰਤ ਤੱਕ ਬੈਠੇ ਰਹੇ ਅਤੇ ਉਨ੍ਹਾਂ ਨੇ ਇਸ ਸਾਰਥਕ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਸਮਾਗ਼ਮ ਵਿੱਚ ਹੋਰਨਾਂ ਤੋਂ ਇਲਾਵਾ ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਚਾਰ ਮੰਚ, ਅਮਰ ਕਰਮਾ ਔਰਗਨ ਡੋਨੇਸ਼ਨ ਸੋਸਾਇਟੀ, ਚੇਤਨਾ ਕਲਚਰ ਸੈਂਟਰ, ਰੇਡੀਉ ਕੈਨੇਡਾ ਜਿੰਦਾਬਾਦ, ਫ਼ੋਰਮ ਫਾਰ ਜਸਟਿਸ ਐਂਡ ਇਕੁਆਲਟੀ, ਪੰਜਾਬ ਸਟਾਰ ਨਿਊਜ਼ ਪੇਪਰ, ਚੜ੍ਹਦੀ ਕਲਾ ਟੀਵੀ, ਰੇਡੀਉ ਪੰਜਾਬੀ ਦੁਨੀਆਂ, ਚੇਤਨਾ ਕੈਨੇਡੀਅਨ ਇੰਟਰਨੈਸ਼ਨਲ ਔਰਗੇਨਾਈਜ਼ੇਸ਼ਨ, ਜ਼ੇਮਜ਼ ਪੋਰਟਰ ਸੀਨੀਅਰਜ਼ ਕਲੱਬ ਅਤੇ ਮਾਊਂਟਨਐਸ਼ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਿਰ ਲਵਾਈ। ਸਮਾਗ਼ਮ ਵਿੱਚ ਸਨੈਕਸ ਅਤੇ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਸੀ। ਅਖ਼ੀਰ ਵਿਚ ਪੰਜਾਬੀ ਯੂਨੀਵਰਸਿਟੀ ਅਲੂਮਿਨੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਸਮੂਹ ਪ੍ਰਿੰਟ ਅਤੇ ਇਲੈਕਟਰੌਨਕ ਮੀਡੀਆ, ਸਪਾਂਸਰਜ਼ ਅਤੇ ਹਾਜ਼ਰੀਨ ਦਾ ਸਮਾਗ਼ਮ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਤਹਿ ਦਿਲੋਂ  ਧੰਨਵਾਦ ਕੀਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …