ਚਾਰ ਅਕਤੂਬਰ ਦੋ ਹਜ਼ਾਰ ਛੱਬੀ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਿਖ਼ਰਲੇ ਦਿਨ ਹੋਏ ਕਵੀ-ਦਰਬਾਰ ਦੀਆਂ ਕੁਝ ਕੁ ਚੋਣਵੀਆਂ, ਮਿਆਰੀ ਤੇ ਪਿਆਰੀਆਂ ਕਵਿਤਾਵਾਂ ਵਿੱਚੋਂ ਹੋਰਨਾਂ ਸਣੇਡਾਕਟਰ ਆਤਮਜੀਤ, ਪ੍ਰੋਫੈਸਰ ਜਗੀਰ ਕਾਹਲੋਂ, ਓਧਰੋਂ ਤਾਹਿਰਾ ਪਹਿਲੀ ਕਤਾਰ ਵਿੱਚ ਆਉਂਦੀਆਂ ਜਾਪੀਆਂ। ਰਜਵੰਤ ਸੰਧੂ- ਡਾਕਟਰ ਵਰਿਆਮ ਸਿੰਘ ਸੰਧੂ ਦੀ ਸੁਭਾਗੀ ਜੋੜੀ ਦੀਆਂ ਰਚਨਾਵਾਂ, ਸਵੈ ਤੋਂ ਸਮੂਹ ਤੱਕ ਅਪੜਦੀਆਂ ਸਿਖ਼ਰੀ ਲੱਗੀਆਂ।
ਉਜ਼ਮਾ-ਤਾਹਿਰਾ ਦੀ ਸੁਚੱਜੀ ਮੰਚ-ਸੰਚਾਲਣਾ ਨੇ ਖਿੱਲਰਦੇ ਕਵੀ-ਦਰਬਾਰ ਨੂੰ ਵੀ ਬੰਨ੍ਹੀ ਰੱਖਿਆ।
ਵੱਡੇ ਭਾਊ ਜੀ ਡਾਕਟਰ ਵਰਿਆਮ ਸੰਧੂ ਹੋਰਾਂ ਆਤਮਜੀਤ ਦੀ ਕਵਿਤਾ ਵਿਚਲੀ ਸਰੰਗੀ ਦੀ ਸੁਰੀਲੀ-ਸੁਰ ਨੂੰ ਸਰੋਤਿਆਂ ਦੀ ਸੁਰਤਿ ਨਾਲ ਜੋੜਕੇ ਪੁੰਨ ਖੱਟਿਆ। ਉਂਜ ਸੁਣਿਆਂ ਸਰੰਗੀ ਖ਼ਾਸ ਰੁੱਖ ਦੀ ਲੱਕੜ ਤੋਂ ਬਣਦੀ ਏ ਤੇ ਦੂਜੇ ਸਾਜ਼ਾਂ ਨਾਲੋਂ ਵੱਖਰੇ ਢੰਗ ਨਾਲ ਵੱਜਦੀ ਏ। ਇਹ ਢੰਗ ਜੀਹਨੂੰ ਆ ਗਿਆ ਓਹ ‘ਸੀਤਲ’ ਹੋ ਜਾਂਦਾ, ‘ਪਾਰਸ’ ਹੋ ਜਾਂਦਾ ਤੇ ਹੁੰਦਾ-ਹੁੰਦਾ ਕਸਤੂਰੀ ਦਾ ਸਾਮਾਨ ਅਰਥਕ ‘ਕਥੂਰੀਆ’ ਦਲਬੀਰ ਸਿੰਘ ਹੋ ਜਾਂਦਾ। ਬੜੇ ਰਸੀਲੇ ਗੁੱਝੇ ਸ਼ੌਕੀਆ ਗਾਇਕ, (ਬੁਰਜ ਨੱਥੂ ਕੇ ਤੋਂ ਮੇਰੇ ਤਾਏ ਦੇ ਸਰਨਾਂਵੀਏਂ) ਸਰਦਾਰ ਸ਼ੁਬੇਗ ਸਿੰਘ ਜੰਡਿਆਲਾ ਗੁਰੂ ਦਾ ਹੋਣਹਾਰ, ਪੰਜਾਬੀ ਨੂੰ ਸਮਰਪਿਤ ਸਾਊ ਸਪੁੱਤਰ ਹੋ ਜਾਂਦਾ- ਗੱਲ ਕੀ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਸਾਹਿਤ-ਸਭਿਆਚਾਰੀ ਨਾਇਕ ਹੋ ਜਾਂਦਾ। ਏਹੋ ਜਿਹਾ ਨਾਇਕ ਹੁਣ ਪੰਜਾਬ ਨੂੰ ਵੀ ਲੋੜੀਦਾ।
ਪੰਜਾਬੀਓ! ਡਾਕਟਰ ਦਲਬੀਰ ਕਥੂਰੀਆ ਦੇ ਨਾਲ ਇੱਕਾ-ਦੁੱਕਾ ਈ ਸਹੀ ਕੋਈ ਵਰਿਆਮ ਸਿੰਘ ਸੰਧੂ, ਕੋਈ ਆਤਮਜੀਤ, ਕੋਈ ਪ੍ਰੋਫੈਸਰ ਜਗੀਰ ਕਾਹਲੋਂ, ਕੋਈ ਡਾਕਟਰ ਕੰਵਲਜੀਤ ਕੌਰ, ਕੋਈ ਡਾਕਟਰ ਗੁਰਮਿੰਦਰ ਸਿੱਧੂ, ਕੋਈ ਰਜਵੰਤ ਸੰਧੂ ਕੋਈ ਰਾਜ ਘੁੰਮਣ, ਕੋਈ ਸੁਖਦੇਵ ਸਿੰਘ ਝੰਡ, ਕੋਈ ਗੁਰਿੰਦਰਜੀਤ, ਕੋਈ ਗੁਰਦੇਵ ਚੌਹਾਨ ਈ ਹੈਧਰ ਆਪਣੇ ਪੰਜਾਬੇ ਰੱਖ ਲਈਏ, ਸਾਂਭ ਲਈਏ, ਕੈਨੇਡਿਓਂ ਮੋੜ ਲਿਆਈਏ!
ਜੇ ਕਿਤਿਓਂ ਆਉਣਾ ਪੈਂਦਾ ਸੱਚ ਆ ਤਾਂ ਕਿਤਿਓਂ ਮੁੜਨਾ ਪੈਣਾਵੀ ਝੂਠ ਨਹੀਂ।
ਕਣਕਾਂ ਉਡੀਕਦੀਆਂ ਨੇ
ਚਲੋ ਕਣਕਾਂ ਵੱਲ ਚੱਲੀਏ
ਮਾਵਾਂ ਉਡੀਕਦੀਆਂ ਨੇ
ਚਲੋ ਮਾਵਾਂ ਕੋਲ ਚੱਲੀਏ !
ਅਤੈ ਸਿੰਘ
ਤਰਨਤਾਰਨ, ਪੰਜਾਬ
(Prof. Atai Singh)
73-CADILAC CRESCENT
Brampton, ON. L7A 3B6

