ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 3 ਫ਼ਰਵਰੀ ਨੂੰ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਵੱਲੋਂ ਨਾਮਧਾਰੀ ਲਹਿਰ ਦੇ ਬਾਨੀ ਰਾਮ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਸਮਰਪਿਤ ਸ਼ਾਨਦਾਰ ਕਵੀ-ਦਰਬਾਰ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਕਵੀ-ਦਰਬਾਰ ਦੀ ਸ਼ੁਰੂਆਤ ਪਰਮਜੀਤ ਸਿੰਘ ਢਿੱਲੋਂ ਦੀ ਸੁਰੀਲੀ ਆਵਾਜ਼ ਵਿਚ ਉਨ੍ਹਾਂ ਦੇ ਪੰਜਾਬੀ ਸੱਭਿਆਚਾਰ ਨਾਲ ਲਬਰੇਜ਼ ਗੀਤ ਨਾਲ ਗੀਤੀ ਗਈ। ਉਪਰੰਤ, ਬਾਬਾ ਰਾਮ ਸਿੰਘ ਜੀ ਜਿਨ੍ਹਾਂ ਨੂੰ ਉਨ੍ਹਾਂ ਦੇ ਸ਼ਰਧਾਲੂ ਸਤਿਕਾਰ ਵਜੋਂ ‘ਸਤਿਗੁਰੂ’ ਸ਼ਬਦ ਨਾਲ ਸੰਬੋਧਨ ਕਰਦੇ ਹਨ, ਦੇ ਜੀਵਨ ਤੇ ਉਨ੍ਹਾਂ ਦੀ ਉਸਤਤੀ ਵਿਚ ਓਨਟਾਰੀਓ ਨਾਮਧਾਰੀ ਸੰਗਤ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ ਵੱਲੋਂ ਖ਼ੂਬਸੂਰਤ ਕਵਿਤਾ ਪੇਸ਼ ਕੀਤੀ ਗਈ। ਪੰਜਾਬੀ ਭਾਸ਼ਾ ਦੇ ਉੱਘੇ-ਵਿਦਵਾਨ ਤੇ ਵਧੀਆ ਬੁਲਾਰੇ ਪ੍ਰੋ. ਰਾਮ ਸਿੰਘ ਵੱਲੋਂ ਆਪਣੇ ਸੰਬੋਧਨ ਵਿਚ ਬਾਬਾ ਰਾਮ ਸਿੰਘ ਜੀ ਦੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸ਼ਾਮਲ ਹੁੰਦੇ ਹੋਏ 1939 ਵਿਚ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਮੁੱਦਕੀ ਤੇ ਸਭਰਾਵਾਂ ਵਿਚ ਹੋਈਆਂ ਅਹਿਮ ਲੜਾਈਆਂ ਵਿਚ ਹਿੱਸਾ ਹੋਣ ਤੋਂ ਲੈ ਕੇ ਉਨ੍ਹਾਂ ਵੱਲੋਂ 1857 ਦੀ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਅੰਮ੍ਰਿਤ-ਸੰਚਾਰ ਕਰਕੇ ਵੱਖਰੇ ਸਫ਼ੈਦ ਬਾਣੇ ਵਿਚ ‘ਨਾਮਧਾਰੀ-ਲਹਿਰ’ ਨੂੰ ਜਨਮ ਦੇਣ, ਅਨੰਦ-ਕਾਰਜ ਦੀ ਮਰਿਆਦਾ ਨੂੰ ਜ਼ੋਰ ਸ਼ੋਰ ਨਾਲ ਸ਼ੁਰੂ ਕਰਨ ਦਾ ਜ਼ਿਕਰ ਕੀਤਾ। ਕਵੀ-ਦਰਬਾਰ ਨੂੰ ਅੱਗੇ ਵਧਾਉਂਦਿਆਂ ਹੋਇਆਂ ਮੰਚ-ਸੰਚਾਲਕ ਹਰਦਿਆਲ ਝੀਤਾ ਵੱਲੋਂ ਅਗਲੇ ਕਵੀਆਂ ਗਿਆਨ ਸਿੰਘ ਦਰਦੀ, ਮਕਸੂਦ ਚੌਧਰੀ, ਜਗਮੋਹਨ ਸੰਘਾ, ਸੁਖਦੇਵ ਝੰਡ, ਤਲਵਿੰਦਰ ਮੰਡ, ਮਹਿੰਦਰ ਪ੍ਰਤਾਪ ਸਿੰਘ, ਅਮਰਜੀਤ ਪੰਛੀ ਨੂੰ ਆਪਣੇ ਤੇ ਹੋਰ ਕਵੀਆਂ ਦੇ ਦਿਲਚਸਪ ਸ਼ੇਅਰਾਂ ਨਾਲ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਵਾਰੋ-ਵਾਰੀ ਮੰਚ ‘ਤੇ ਆ ਕੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਨਾਲ ਸਰੋਤਿਆਂ ਦਾ ਵਧੀਆ ਮਨੋਰੰਜਨ ਕੀਤਾ। ਉਨ੍ਹਾਂ ਤੋਂ ਇਲਾਵਾ ਸਮਾਗ਼ਮ ਵਿਚ ਹਰਵਿੰਦਰ ਸਿੰਘ ਵਿਰਦੀ ਤੇ ਗੁਰਚਰਨ ਸਿੰਘ ਧੰਮੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅਖ਼ੀਰ ਵਿਚ ਜਸਬੀਰ ਸਿੰਘ ਸੈਂਹਬੀ ਵੱਲੋਂ ਪ੍ਰੋ. ਰਾਮ ਸਿੰਘ ਅਤੇ ਕਵੀ-ਦਰਬਾਰ ਵਿਚ ਸ਼ਾਮਲ ਹੋਣ ਵਾਲੇ ਕਵੀਆਂ ਤੇ ਗੀਤਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਵਿਚ ਜਰਨੈਲ ਸਿੰਘ ਮਠਾੜੂ, ਮੱਖਣ ਸਿੰਘ, ਜੋਗਿੰਦਰ ਸਿੰਘ ਅਰੋੜਾ, ਬਚਿੱਤਰ ਸਿੰਘ ਝੀਤਾ, ਬਲਕਾਰ ਸਿੰਘ, ਰੂਹੀ ਘਰੌੜਾ ਤੇ ਪਰਮਵੀਰ ਸਮੇਤ ਕਈ ਹੋਰ ਸ਼ਾਮਲ ਸਨ। ਇਸ ਮੌਕੇ ਪ੍ਰਬੰਧਕਾਂ ਚਾਹ-ਪਾਣੀ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ।
Home / ਕੈਨੇਡਾ / ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਨਾਮਧਾਰੀ-ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਨੂੰ ਸਮਰਪਿਤ ਕਵੀ-ਦਰਬਾਰ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …