10.6 C
Toronto
Thursday, October 16, 2025
spot_img
Homeਕੈਨੇਡਾਸਿਰਫ 14 ਨਹੀਂ, ਸੈਂਕੜੇ ਢੌਂਗੀ ਸਾਧ ਹਨ ਭਾਰਤ ਵਿਚ : ਤਰਕਸ਼ੀਲ ਸੁਸਾਇਟੀ

ਸਿਰਫ 14 ਨਹੀਂ, ਸੈਂਕੜੇ ਢੌਂਗੀ ਸਾਧ ਹਨ ਭਾਰਤ ਵਿਚ : ਤਰਕਸ਼ੀਲ ਸੁਸਾਇਟੀ

ਸੁਸਾਇਟੀ ਦਾ ਆਮ ਇਜਲਾਸ 1 ਅਕਤੂਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਦੀ ਕਾਰਜਕਰਨੀ ਦੀ ਹੋਈ ਮੀਟਿੰਗ ਵਿਚ ਜਿਥੇ ਸੁਸਾਇਟੀ ਦਾ ਆਮ ਇਜਲਾਸ ਐਤਵਾਰ 1 ਅਕਤੂਬਰ 2017 ਨੂੰ ਕਰਨ ਦਾ ਫੈਸਲਾ ਲਿਆ ਗਿਆ, ਉੱਥੇ, ਭਾਰਤ ਦੀ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਵਲੋਂ 14 ਸਾਧਾਂ ਨੂੰ ਢੌਂਗੀ ਐਲਾਨੇ ਜਾਣ ਦੇ ਮੁੱਦੇ ਤੇ ਵੀ ਵਿਚਾਰ ਕੀਤਾ ਗਿਆ। ਇਹ ਐਲਾਨ ਪ੍ਰੀਸ਼ਦ ਵਲੋਂ 10 ਸਤੰਬਰ ਨੂੰ ਅਲਾਹਾਬਾਦ ਵਿਚ ਹੋਈ ਮੀਟਿੰਗ ਵਿਚ ਕੀਤਾ ਗਿਆ ਸੀ।
ਸੋਸਾਇਟੀ ਦਾ ਆਮ ਇਜਲਾਸ, ਜਿਸ ਵਿਚ ਦੋ ਜਾਣਕਾਰੀ ਭਰਪੂਰ ਲੈਕਚਰ ਦਿੱਤੇ ਜਾਣੇ ਹਨ ਅਤੇ ਹੋਰ ਮਸਲੇ ਵਿਚਾਰੇ ਜਾਣੇ ਹਨ, ਐਤਵਾਰ 1 ਅਕਤੂਬਰ 2017 ਨੂੰ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਲਈ ਸਥਾਨ ਖਬਰ ਲਿਖਣ ਵੇਲੇ ਤੱਕ ਰਿਜ਼ਰਵ ਨਹੀਂ ਸੀ ਹੋ ਸਕਿਆ, ਸੋ ਸਥਾਨ ਅਤੇ ਸਮੇਂ ਦੀ ਜਾਣਕਾਰੀ ਲਈ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਭਾਰਤ ਵਿਚ ਸਰਸੇ ਡੇਰੇ ਦੇ ਮੁੱਖੀ, ਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ੀ ਪਾਏ ਜਾਣ ਅਤੇ 20 ਸਾਲ ਲਈ ਜੇਲ੍ਹ ਭੇਜਣ ਬਾਅਦ ਹੋਈ ਹਲਚੱਲ ਵਿਚ, ਭਾਰਤ ਦੀ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਵਲੋਂ ਰਾਮ ਰਹੀਮ ਦੇ ਨਾਲ ਨਾਲ ਆਸਾਰਾਮ, ਰਾਧੇ ਮਾਂ, ਸਚਿੰਦਾਨੰਦ, ਨਿਰਮਲ ਬਾਬਾ, ਰਾਮਪਾਲ ਅਤੇ ਹੋਰਾਂ ਸਮੇਤ ਕੁੱਲ 14 ਸਾਧਾਂ ਨੂੰ ਢੌਂਗੀ ਐਲਾਨਣ ਬਾਰੇ ਵੀ ਚਰਚਾ ਹੋਈ।
ਪ੍ਰੀਸ਼ਦ ਨੇ ਲੋਕਾਂ ਨੂੰ ਇਨ੍ਹਾਂ ਢੌਂਗੀ ਸਾਧਾਂ ਤੋਂ ਸੁਚੇਤ ਰਹਿਣ ਲਈ ਕਿਹਾ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਜਿਹੇ ਸਾਧਾਂ ਤੇ ਕਾਨੂੰਨੀ ਸਕੰਜਾ ਕਸਿਆ ਜਾਵੇ। ਸੁਸਾਇਟੀ ਦੀ ਕਾਰਜਕਰਨੀ ਦਾ ਮੰਨਣਾ ਸੀ, ਕਿ ਸਿਰਫ ਇਨ੍ਹਾਂ ਚੌਦਾਂ ਸਾਧਾਂ ਦੀ ਠੱਗੀ ਤੋਂ ਲੋਕਾਂ ਨੂੰ ਸੁਚੇਤ ਕਰਨਾ ਹੀ ਕਾਫੀ ਨਹੀਂ। ਭਾਰਤ ਵਿਚ ਹੋਰ ਵੀ ਸੈਂਕੜੇ ਢੌਂਗੀ ਸਾਧ ਹਨ, ਜੋ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਉਨ੍ਹਾ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਸਭ ਨੂੰ ਢੌਂਗੀ ਐਲਾਨਣਾ ਚਾਹੀਦਾ ਹੈ ਅਤੇ ਅਜਿਹਾ ਕਾਨੂੰਨ ਬਣਨਾ ਚਾਹੀਦਾ ਹੈ, ਜੋ ਇਨ੍ਹਾਂ ਠੱਗਾਂ ਨੂੰ ਸਜਾ ਦੇ ਸਕੇ। ਸੁਸਾਇਟੀ ਦੀ ਸਮਝ ਮੁਤਾਬਿਕ, ਕਿਉਂਕਿ ਕਿਸੇ ਵੀ ਵਿਅੱਕਤੀ ਕੋਲ ਕੋਈ ਚਮਤਕਾਰੀ ਸ਼ਕਤੀ ਨਹੀਂ ਹੋ ਸਕਦੀ, ਜਿਸ ਨਾਲ ਉਹ ਕਿਸੇ ਦਾ ਫਾਇਦਾ ਜਾਂ ਨੁਕਸਾਨ ਕਰ ਸਕੇ, ਇਸ ਲਈ ਕੋਈ ਵੀ ਸਾਧ ਜਾਂ ‘ਸਿਆਣਾ’ ਜੋ ਅਪਣੇ ਆਪ ਨੂੰ ਗੱਲੀ ਬਾਤੀਂ ਲੋਕਾਂ ਦੇ ਦੁੱਖਾਂ ਦਰਦਾਂ ਦਾ ਨਿਵਾਰਕ ਕਹਿੰਦਾ ਹੈ, ਉਹ ਢੌਂਗੀ ਹੈ। ਸੁਸਾਇਟੀ ਲੋਕਾਂ ਨੂੰ ਅਪੀਲ ਕਰਦੀ ਹੈ, ਕਿ ਜਦ ਵੀ ਕਿਸੇ ਤੇ ਕੋਈ ਬਿਪਤਾ ਪੈਂਦੀ ਹੈ, ਉਸ ਦਾ ਦੁੱਖੀ ਤੇ ਨਿਰਾਸ਼ ਹੋਣਾ ਕੁਦਰਤੀ ਹੈ। ਪਰ ਸਮੱਸਿਆ ਦਾ ਹੱਲ ਅਜਿਹੇ ਢੌਂਗੀਆਂ ਕੋਲ ਜਾਕੇ ਹੋਰ ਲੁੱਟ ਕਰਵਾਉਣ ਜਾਂ ਦੁੱਖੀ ਹੋਣ ਵਿਚ ਨਹੀਂ, ਸਗੋਂ ਵਿਗਿਆਨਕ ਤਰੀਕੇ ਨਾਲ ਕਰਨਾ ਬਣਦਾ ਹੈ। ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਇਸ ਸੰਸਾਰ ਵਿਚ ਕੋਈ ਭੂਤ, ਪ੍ਰੇਤ, ਚੰਗੀ ਜਾਂ ਮੰਦੀ ਆਤਮਾ ਨਹੀ, ਮਨੁੱਖ ਦੇ ਮਰਨ ਨਾਲ ਸਭ ਕੁਝ ਖਤਮ ਹੋ ਜਾਂਦਾ ਹੈ, ਕੁਝ ਨਹੀਂ ਬਚਦਾ, ਆਤਮਾਂ ਨਾ ਦੀ ਕੋਈ ਚੀਜ ਨਾ ਹੈ, ਅਤੇ ਇਸ ਲਈ ਨਾ ਹੀ ਮਰਨ ਤੇ ਬਚਦੀ ਹੈ। ਇਨ੍ਹਾਂ ਵਹਿਮਾਂ ਭਰਮਾਂ ਵਿਚੋਂ ਨਿਕਲਣ ਲਈ ਆਮ ਜਾਣਕਾਰੀ ਲੈਣੀ ਲਾਹੇਵੰਦ ਹੁੰਦੀ ਹੈ। ਇਸ ਤਰ੍ਹਾਂ ਦੀਆਂ ਕਿਤਾਬਾਂ ਸੁਸਾਇਟੀ ਤੋਂ ਵੀ ਲਈਆਂ ਜਾ ਸਕਦੀਆਂ ਹਨ।
ਪ੍ਰੋਗਰਾਮ ਜਾਂ ਸੰਸਥਾ ਬਾਰੇ ਹੋਰ ਜਾਣਕਾਰੀ ਲਈ ਸੁਸਾਇਟੀ ਦੇ ਕੋਆਰਡੀਨੇਟਰ ਬਲਰਾਜ਼ ਸ਼ੌਕਰ (647 838 4749) ਜਾਂ ਸਹਾਇਕ ਕੋਆਰਡੀਨੇਟਰ ਨਛੱਤਰ ਬਦੇਸ਼ਾ (647 267 3397) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS