Breaking News
Home / ਕੈਨੇਡਾ / ਹੈਟਸ ਅੱਪ ਵਲੋਂ ਨਾਟਕ ‘ਗੋਲਡਨ ਟ੍ਰੀ’ ਦੀ ਸਫਲ ਪੇਸ਼ਕਾਰੀ

ਹੈਟਸ ਅੱਪ ਵਲੋਂ ਨਾਟਕ ‘ਗੋਲਡਨ ਟ੍ਰੀ’ ਦੀ ਸਫਲ ਪੇਸ਼ਕਾਰੀ

ਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰ ਟੋਰਾਂਟੋ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਨਾਟ-ਖੇਤਰ ਵਿੱਚ ਸਰਗਰਮ ਸੰਸਥਾ ‘ਹੈਟਸ ਅੱਪ’ ਵਲੋਂ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਤ ਅਤੇ ਕੁਲਵਿੰਦਰ ਖਹਿਰਾ ਦਾ ਵੈਨਕੂਵਰ ਨੇੜੇ ਵਾਪਰੀ ਸੱਚੀ ਘਟਨਾ ਤੇ ਆਧਾਰਤ ਲਿਖਿਆ ਨਾਟਕ ”ਗੋਲਡਨ ਟ੍ਰੀ” ਦਾ ਬਰੈਂਪਟਨ ਦੇ ਰੋਜ਼ ਥੀਏਟਰ ਦੇ ਭਰੇ ਹਾਲ ਵਿੱਚ ਮੰਚਨ ਕੀਤਾ ਗਿਆ। ਪ੍ਰੋ: ਅਜਮੇਰ ਸਿੰਘ ਔਲਖ ਜਿਹੜਾ ਕਿ ਕਿਸਾਨਾਂ, ਮਜਦੂਰਾਂ ਅਤੇ ਸਮੁੱਚੇ ਕਿਰਤੀ ਵਰਗ ਅਤੇ ਦੱਬੇ ਕੁਚਲੇ ਲੋਕਾਂ ਦਾ ਨਾਟਕਕਾਰ ਸੀ, ਨੂੰ ਕੈਨੇਡਾ ਦੇ ਫਾਰਮ ਵਰਕਰਾਂ ਦੀ ਤ੍ਰਾਸਦੀ ਪੇਸ਼ ਕਰਦਾ ਇਹ ਨਾਟਕ ਸੱਚਮੁੱਚ ਦਾ ਸਮਰਪਣ ਸੀ। ਨਾਟਕ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਦੁਆਲੇ ਘੁੰਮਦੀ ਹੈ ਜਿਸ ਵਿੱਚ ਫਾਰਮ ਵਿੱਚ ਕੰਮ ਕਰਨ ਵਾਲਿਆਂ ਨੂੰ ਅਣ-ਸੁਰੱਖਿਅਤ ਵੈਨ ਵਿੱਚ ਪਸੂਆਂ ਵਾਂਗ ਤਾੜ ਕੇ ਲਿਜਾਣ ਕਾਰਣ ਹੋਏ ਐਕਸੀਡੈਂਟ ਵਿੱਚ ਮਾਰੀ ਗਈ ਨੌਜਵਾਨ ਔਰਤ ਦੇ ਪਰਿਵਾਰ ਦੀ ਤ੍ਰਾਸਦੀ ਬਿਆਨ ਕਰਦਾ ਇਹ ਨਾਟਕ ਅੰਤ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਅਤੇ ਲੇਖਕ ਦਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ।
ਕੈਨੇਡਾ ਦੇ ਫਾਰਮਾਂ ਵਿੱਚ ਕਿਰਤ ਦੀ ਹੋ ਰਹੀ ਲੁੱਟ ਅਤੇ ਉਹਨਾਂ ਨੂੰ ਅਣਸੁਰੱਖਿਤ ਹਾਲਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹੋਣ ਨੂੰ ਬਿਆਨਦਾ ਇਹ ਨਾਟਕ ਦਰਸ਼ਕਾਂ ਨੂੰ ਵਾਰ ਵਾਰ ਭਾਵੁਕਤਾ ਦੇ ਵਹਿਣ ਵਿੱਚ ਵਹਾਅ ਲੈ ਕੇ ਜਾਂਦਾ ਰਿਹਾ। ਨਾਟਕ ਦੇ ਮੁੱਖ ਪਾਤਰ ਪਾਲ ਦਾ ਆਪਣੇ ਅੱਗੇ ਜਾ ਰਹੇ ਟਰੱਕ ਦੀ ਟੱਕਰ ਵਿੱਚ ਜਖ਼ਮੀ ਹੋ ਕੇ ਮਰ ਰਹੀ ਹਿਰਨੀ ਦੇ ਦ੍ਰਿਸ਼ ਨੁੰ ਆਪਣੇ ਅਤੀਤ ਨਾਲ ਜੋੜਨਾ ਬਹੁਤ ਹੀ ਭਾਵੁਕ ਸੀਨ ਸੀ। ਨਾਟਕ ਦੇ ਮੁੱਖ ਪਾਤਰ ਪਾਲ ਅਤੇ ਉਸਦੇ ਦੋਸਤ ਮੱਲ੍ਹੀ ਦਾ ਹਮਦਰਦੀ ਕਰਨ ਆਏ ਲੋਕਾਂ ਦੁਆਰਾ ਦੁਰਘਟਨਾ ਨੂੰ ਰੱਬ ਦਾ ਭਾਣਾ ਮੰਨਣ ਨਾਲ ਜੋੜਣ ਤੋਂ ਇਨਕਾਰੀ ਹੋ ਕੇ ਇਨਸਾਫ ਲਈ ਜਦੋਜਹਿਦ ਕਰਨ ਦਾ ਫੈਸਲਾ ਲੈਣਾ ਉਹਨਾਂ ਦੇ ਜਾਗਰੂਕ ਹੋਣ ਦੀ ਨਿਸ਼ਾਨੀ ਹੈ। ਦੂਜਿਆਂ ਦਾ ਸਹਿਯੋਗ ਲੈ ਕੇ ਦੋਸ਼ੀਆਂ ਨੂੰ ਸਜਾ ਦਿਵਾਉਣ ਦਾ ਯਤਨ ਕਰਨਾ ਤਾ ਕਿ ਅੱਗੇ ਤੋਂ ਅਜਿਹੇ ਹਾਦਸੇ ਨਾ ਹੋਣ ਉਹਨਾਂ ਵਲੋਂ ਜਥੇਬੰਦਕ ਪਹੁੰਚ ਅਪਣਾਉਣ ਦਾ ਸੰਕੇਤ ਹੈ। ਬੇਸ਼ੱਕ ਦੋਸ਼ੀਆਂ ਨੂੰ ਇਸ ਸਿਸਟਮ ਦੀਆਂ ਕਾਨੂੰਨੀ ਚੋਰ ਮੋਰੀਆਂ ਕਾਰਣ ਸਜ਼ਾ ਨਹੀਂ ਮਿਲੀ। ਪਰ ਲੋਕਾਂ ਦੇ ਸਹਿਯੋਗ ਨਾਲ ਜਦੋ-ਜਹਿਦ ਕਰ ਕੇ ‘ਗੋਲਡਨ ਟ੍ਰੀ’ ਯਾਦਗਾਰ ਬਣਾ ਲੈਣਾ ਜਥੇਬੰਦਕ ਯਤਨਾਂ ਦੀ ਪਹਿਲੀ ਜਿੱਤ ਦਾ ਪਰਤੀਕ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਹੋਣ ਦਾ ਸੁਨੇਹਾ ਦਿੰਦੀ ਰਹੇਗੀ।
ਇਹ ਨਾਟਕ ਉਨ੍ਹਾਂ ਲੋਕਾਂ ਦੇ ਹੀਜੜਾਪਨ ਨੂੰ ਦਰਸਾਉਂਦਾ ਹੈ ਜੋ ਵਧੀਆ ਜੀਵਨ ਜਿਊਣ ਦੀ ਇੱਛਾ ਤਾਂ ਰਖਦੇ ਹਨ ਪਰ ਸੌੜੇ ਹਿੱਤਾਂ ਅਤੇ ਡਰੂ ਮਾਨਸਿਕਤਾ ਕਾਰਣ ਅਜਿਹੇ ਯਤਨ ਕਰਨ ਵਾਲਿਆਂ ਦਾ ਸਾਥ ਦੇਣ ਦਾ ਹੀਆਂ ਨਹੀਂ ਕਰਦੇ। ਇਹ ਨਾਟਕ ਧਾਰਮਿਕ ਸੰਸਥਾਵਾਂ ਚਲਾ ਰਹੇ ਲੋਕਾਂ ਵਲੋਂ ਪੀੜਤ ਲੋਕਾਂ ਦਾ ਸਾਥ ਨਾ ਦੇ ਕੇ, ”ਸ਼ਾਂਤੀ ਲਈ ਅਰਦਾਸ” ਕਰਨ ਅਤੇ ਅਜਿਹੀਆਂ ਦੁਰਘਟਨਾਵਾਂ ਤੋਂ ਬਚਣ ਲਈ ‘ਉਪਾਅ ਕਰਾਉਣ’ ਵਰਗੀਆਂ ਸਲਾਹਾਂ ਦੇ ਕੇ ਫੋਕੀ ਹਮਦਰਦੀ ਨਾਲ ਟਾਲ ਮਟੋਲ ਕਰਨ ਦਾ ਪੋਲ ਵੀ ਖੋਲ੍ਹਦਾ ਹੈ। ਰੰਗਮੰਚ ਨਾਲ ਚਿਰਾਂ ਤੋਂ ਜੁੜੇ ਬਲਜਿੰਦਰ ਲੇਲਣਾ ਅਤੇ ਕੁਲਦੀਪ ਰੰਧਾਵਾ ਦਾ ਨਾਟਕ ਦੇਖਣ ਬਾਅਦ ਇਹ ਪ੍ਰਤੀਕਰਮ ਕਿ,’ਇਹ ਨਾਟਕ ਲੋਕਾਂ ਦੇ ਜੀਵਣ ਦੀ ਅਸਲੀਅਤ ਪੇਸ਼ ਕਰਦਾ ਹੋਣ ਕਰ ਕੇ ਲੋਕਾਂ ਨੂੰ ਰੰਗ ਮੰਚ ਨਾਲ ਜੋੜਣ ਦਾ ਕਾਰਣ ਵੀ ਬਣੇਗਾ ਜਦੋਂ ਕਿ ਉਹ ਨਾਟਕ ਜੋ ਲੋਕਾਂ ਦੇ ਸਰੋਕਾਰਾਂ ਦੀ ਗੱਲ ਨਹੀਂ ਕਰਦੇ ਲੋਕਾਂ ਨੂੰ ਨਾਟਕ ਨਾਲੋਂ ਤੋੜਦੇ ਹਨ ਤੇ ਉਹਨਾਂ ਦੀ ਨਾਟਕਾਂ ਵਿੱਚੋਂ ਰੁਚੀ ਖਤਮ ਕਰਦੇ ਹਨ।’
ਜਿੱਥੇ ਇਹ ਨਾਟਕ ਕੁਲਵਿੰਦਰ ਖਹਿਰਾ ਦੀ ਲੇਖਣੀ ਅਤੇ ਹੀਰਾ ਰੰਧਾਵਾ ਦੇ ਨਿਰਦੇਸ਼ਨ ਦਾ ਕਮਾਲ ਹੈ ਉੱਥੇ ਇਸ ਦੇ ਕਲਾਕਾਰਾਂ ਪਰਮਜੀਤ ਦਿਓਲ, ਤਰੁਨ ਵਾਲੀਆ, ਅੰਤਰਪ੍ਰੀਤ, ਜੋਅ ਸੰਘੇੜਾਂ, ਬਾਲ ਕਲਾਕਾਰਾਂ ਮਾਸਟਰ ਜੋਬਨ ਦਿਓਲ ਅਤੇ ਬੇਬੀ ਚੰਨਰੂਪ ਅਟਵਾਲ, ਸਿੰਗਾਰਾ ਸਮਰਾ, ਤਾਬਿਆ ਰੰਧਾਵਾ, ਕਰਮਜੀਤ ਗਿੱਲ, ਰਿੰਟੂ ਭਾਟੀਆ ਤੇ ਭੁਪਿੰਦਰ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਹਰਿੰਦਰ ਸੋਹਲ ਦੇ ਪਿੱਠਵਰਤੀ ਸੰਗੀਤ ਨੇ ਨਾਟਕ ਦੇ ਹਰ ਦ੍ਰਿਸ਼ ਦੇ ਪ੍ਰਭਾਵ ਨੂੰ ਸਿਖਰ ਤੇ ਪਹੁੰਚਾਇਆ। ਨਾਟਕ ਦੀ ਪਹਿਲੀ ਪੇਸ਼ਕਾਰੀ ਹੀ ਇੰਨੀ ਵਧੀਆ ਹੈ ਕਿ ਇਸ ਨਾਟਕ ਦੀਆਂ ਅਗਲੀਆਂ ਪੇਸ਼ਕਾਰੀਆਂ ਹੋਰ ਵੀ ਵਧੀਆਂ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਵਧੀਆ ਨਾਟਕ ਦੇ ਲੇਖਕ, ਨਿਰਦੇਸ਼ਕ, ਕਲਾਕਾਰ ਅਤੇ ਬੈਕ ਸਟੇਜ ਤੇ ਕੰਮ ਕਰਨ ਵਾਲੇ ਸਾਰੇ ਹੀ ਵਧਾਈ ਦੇ ਪਾਤਰ ਹਨ। ਅਜਿਹੇ ਨਾਟਕ ਸਭਿੱਆਚਾਰ ਵਿਗਾੜੂ ਪ੍ਰੋਗਰਾਮਾਂ ਦਾ ਜੋ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਤੋਂ ਲੋਕਾਂ ਨੂੰ ਦੂਰ ਲਿਜਾਂਦੇ ਅਤੇ ਉਹਨਾਂ ਦੀ ਮਾਨਸਿਕਤਾ ਨੂੰ ਦੂਸ਼ਿਤ ਕਰਦੇ ਹਨ ਦਾ ਢੁਕਵਾਂ ਬਦਲ ਹਨ। ਇਸੇ ਦੌਰਾਨ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਵਲੋਂ ਪੁਸਤਕਾਂ ਦੀ ਪਰਦਰਸ਼ਨੀ ਲਾਈ ਗਈ ਜਿਸ ਨੂੰ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …