7 C
Toronto
Friday, October 17, 2025
spot_img
Homeਕੈਨੇਡਾਫਲਾਵਰ ਸਿਟੀ ਫ਼ਰੈਂਡਜ਼ ਕਲੱਬ ਬਰੈਂਪਟਨ ਨੇ ਮਨਾਇਆ 'ਮਦਰਜ਼ ਡੇਅ'

ਫਲਾਵਰ ਸਿਟੀ ਫ਼ਰੈਂਡਜ਼ ਕਲੱਬ ਬਰੈਂਪਟਨ ਨੇ ਮਨਾਇਆ ‘ਮਦਰਜ਼ ਡੇਅ’

ਨਵੀਂ ਪਾਰਲੀਮੈਂਟ ਮੈਂਬਰ ਅਮਨਦੀਪ ਸੋਢੀ ਸੀ ਸਮਾਗਮ ਦੀ ਮੁੱਖ-ਮਹਿਮਾਨ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 4 ਮਈ ਨੂੰ ਬਰੈਂਪਟਨ ਦੀ ‘ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ’ ਨੇ ਪਾਲ ਪੈਲੇਸ਼ੀ ਰੀਕਰੀਏਸ਼ਨ ਸੈਂਟਰ ਵਿੱਚ ‘ਮਾਂ-ਦਿਵਸ’ ਪੂਰੀ ਗਰਮਜੋਸ਼ੀ ਤੇ ਉਤਸ਼ਾਹ ਨਾਲ ਮਨਾਇਆ। ਕਲੱਬ ਦੇ 150 ਮੈਂਬਰਾਂ ਨੇ ਇਸ ਵਿੱਚ ਬੜੇ ਚਾਅ ਨਾਲ ਹਿੱਸਾ ਲਿਆ ਜਿਸ ਵਿੱਚ ਔਰਤ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਸਮਾਗ਼ਮ ਦੀ ਸ਼ੁਰੂਆਤ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਆਏ ਮੈਂਬਰਾਂ ਤੇ ਮਹਿਮਾਨਾਂ ਨੂੰ ਨਿੱਘੀ ‘ਜੀ-ਆਇਆਂ’ ਕਹਿਣ ਨਾਲ ਹੋਈ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਮਾਵਾਂ ਦੇ ਵੱਲੋਂ ਪਰਿਵਾਰਾਂ ਅਤੇ ਕਮਿਊਨਿਟੀ ਵਿੱਚ ਨਿਭਾਏ ਜਾ ਰਹੀ ਮਹੱਤਵਪੂਰਨ ਭੂਮਿਕਾ ਦੀ ਭਾਰੀ ਸਰਾਹਨਾ ਕੀਤੀ।
ਸਮਾਗਮ ਦੇ ਮੁੱਖ-ਮਹਿਮਾਨ ਬਰੈਂਪਟਨ ਸੈਂਟਰ ਤੋਂ ਹਫ਼ਤਾ ਪਹਿਲਾਂ ਹੋਈ ਚੋਣ ਵਿੱਚ ਚੁਣੇ ਗਏ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਸਨ ਜੋ ਹਾਊਸ ਆਫ਼ ਕਾਮਨਜ਼ ਵਿੱਚ ਸੱਭ ਤੋਂ ਘੱਟ ਉਮਰ ਦੇ ਮੈਂਬਰ ਹਨ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਮਦਰਜ਼-ਡੇਅ’ ਦਾ ਸਬੰਧ ਅਤੇ ਇਸ ਨਾਲ ਜੁੜਿਆ ਇਹ ਸਮਾਗ਼ਮ ਮਹਿਜ਼ ਸਾਡੀਆਂ ਮਾਵਾਂ ਬਾਰੇ ਹੀ ਨਹੀਂ ਹੈ, ਸਗੋਂ ਇਹ ਤਾਂ ਸਮਾਜਿਕ ਕਦਰਾਂ-ਕੀਮਤਾਂ, ਅਨੁਸਾਸ਼ਨ, ਸੁਭਾਅ ਵਿੱਚ ਲਚਕਤਾ ਅਤੇ ਹਲੀਮੀ ਦੇ ਗੁਣਾਂ ਨਾਲ ਹੈ ਜੋ ਸਾਨੂੰ ਆਪਣੀਆਂ ਮਾਵਾਂ ਤੋਂ ਆਪ-ਮੁਹਾਰੇ ਮਿਲਦੇ ਹਨ। ਮੈਨੂੰ ਉਸ ਕਮਿਊਨਿਟੀ ਦਾ ਇੱਕ ਹਿੱਸਾ ਹੋਣ ਦਾ ਮਾਣ ਹੈ ਜੋ ਸਮਾਜ ਦੀਆਂ ‘ਜੜ੍ਹਾਂ’- ਮਾਵਾਂ ਤੇ ਔਰਤਾਂ- ਦੇ ਮਹਾਨ ਯੋਗਦਾਨ ਦਾ ਮਾਣ ਤੇ ਸਤਿਕਾਰ ਕਰਦੀ ਹੈ।
ਸਮਾਗ਼ਮ ਦਾ ਬਾਕਾਇਦਾ ਉਦਘਾਟਨ ਕਰਦਿਆਂ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਨੇ ਇਸ ਮੌਕੇ ਮਾਵਾਂ ਨੂੰ ਸਤਿਕਾਰ ਭੇਂਟ ਕਰਦਿਆਂ ਹੋਇਆਂ ਓਨਟਾਰੀਓ ਸਰਕਾਰ ਵੱਲੋਂ ਔਰਤਾਂ ਦੀ ਬਿਹਤਰੀ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਔਰਤਾਂ ਦੀ ਭਲਾਈ ਲਈ ਓਨਟਾਰੀਓ ਵਿੱਚ ਕਈ ਪ੍ਰਾਜੈੱਕਟ ਚਲਾਏ ਜਾ ਰਹੇ ਹਨ ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਤਰੱਕੀ ਦੇ ਹੋਰ ਮੌਕੇ ਮਿਲਣਗੇ। ਵਾਰਡ ਨੰਬਰ 1 ਤੇ 5 ਦੇ ਰੀਜਨਲ ਕੌਂਸਲਰਾਂ ਪਾਲ ਵਸੰਤੇ ਤੇ ਰੌਵੀਨਾ ਸੈਂਟੋਸ ਨੇ ਵੀ ਸਮਾਗ਼ਮ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਵੱਲੋਂ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ਸਮਾਜਿਕ ਤੇ ਸੱਭਿਆਚਾਰਕ ਕੰਮਾਂ ਲਈ ਮਿਲ ਕੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਰਵੀਨਾ ਸੈਂਟੋਸ ਨੇ ਇਸ ਮੌਕੇ ਕਿਹਾ, ”ਮਾਵਾਂ ਸਾਡੇ ਘਰਾਂ ਤੇ ਕਮਿਊਨਿਟੀਆਂ ਦੀਆਂ ਧੜਕਣਾਂ ਹਨ”, ਜਦ ਕਿ ਪਾਲ ਵਸੰਤੇ ਦਾ ਕਹਿਣਾ ਸੀ, ”ਸਾਡੇ ਸਮਾਜ ਦੀ ਤਾਕਤ ਇਸ ਗੱਲ ਵਿੱਚ ਹੈ ਕਿ ਅਸੀਂ ਉਨ੍ਹਾਂ ਮਾਵਾਂ ਦੀ ਕਿਵੇਂ ਤੇ ਕਿੰਨੀ ਇੱਜ਼ਤ ਕਰਦੇ ਹਾਂ ਜੋ ਸਾਨੂੰ ਪਾਲ਼-ਪੋਸ਼ ਕੇ ਵੱਡਾ ਕਰਦੀਆਂ ਹਨ ਅਤੇ ਸਮਾਜ ਵਿੱਚ ਮਾਣ ਨਾਲ ਵਿਚਰਨ ਦੇ ਯੋਗ ਬਣਾਉਂਦੀਆਂ ਹਨ।”
ਚੱਲ ਰਹੇ ਸਮਾਗ਼ਮ ਦੌਰਾਨ ਕਵਿਤਾਵਾਂ, ਗੀਤਾਂ, ਨਾਚ-ਗਾਣਿਆਂ ਤੇ ਮੈਂਬਰਾਂ ਵੱਲੋਂ ਭਾਸ਼ਨਾਂ ਦਾ ਦੌਰ ਵੀ ਖ਼ੂਬ ਚੱਲਿਆ। ਇਨ੍ਹਾਂ ਵਿੱਚੋਂ ਬਹੁਤੇ ‘ਮਾਂ-ਦਿਵਸ’ ਨਾਲ ਹੀ ਸਬੰਧਿਤ ਸਨ। ਕਲੱਬ ਦੀ ਸਰਗ਼ਰਮ ਮੈਂਬਰ ਚਰਨਜੀਤ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ, ”ਇਸ ਤਰ੍ਹਾਂ ਦੇ ਸਮਾਗ਼ਮ ਸਾਨੂੰ ਆਪਣੀਆਂ ਮਾਵਾਂ ਨਾਲ ਜੁੜੇ ਡੂੰਘੇ ਜਜ਼ਬਾਤਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਯਾਦ ਤਾਜ਼ਾ ਕਰਵਾਉਂਦੇ ਹਨ।” ਕਲੱਬ ਦੇ ਮੁੱਢਲੇ ਮੈਂਬਰ ਦਵਿੰਦਰ ਤੱਗੜ ਨੇ ਕਿਹਾ, ”ਅਸੀਂ ਇਹ ਕਲੱਬ ਆਪਸ ਵਿੱਚ ਮਿਲ ਕੇ ਵਿਚਰਨ ਲਈ ਆਰੰਭ ਕੀਤਾ ਸੀ ਅਤੇ ਅੱਜ ਦੇ ਸਮਾਗ਼ਮ ਦੇ ਮੱਦੇ ਨਜ਼ਰ ਵੇਖਦੇ ਹਾਂ ਕਿ ਪਿਆਰ, ਮੁਹੱਬਤ ਅਤੇ ਸਤਿਕਾਰ ਦੇ ਇਸ ਮੰਤਵ ਵਿੱਚ ਅਸੀਂ ਕਿੰਨੇ ਕਾਮਯਾਬ ਹੋਏ ਹਾਂ।”
ਉਪਰੰਤ, ਮੈਂਬਰਾਂ ਤੇ ਮਹਿਮਾਨਾਂ ਨੇ ਸੁਆਦਲੇ ਖਾਣੇ ਦਾ ਅਨੰਦ ਮਾਣਿਆਂ।
ਅਖ਼ੀਰ ਵਿੱਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਸਮੂਹ ਮੈਂਬਰਾਂ, ਮਹਿਮਾਨਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ, ਇਸ ਸਮਾਗ਼ਮ ਵਿੱਚ ਜੋ ਊਰਜਾ, ਪਿਆਰ ਤੇ ਸਤਿਕਾਰ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ, ਉਹ ਸਾਡੇ ਸਾਰਿਆਂ ਲਈ ਮਿਲਣਸਾਰ ਤੇ ਇੱਕ ਦੂਸਰੇ ਨੂੰ ਪਿਆਰ ਕਰਨ ਵਾਲੀ ਕਮਿਊਨਿਟੀ ਉਸਾਰਨ ਲਈ ਉਪਯੋਗੀ ਸਾਬਤ ਹੋਵੇਗਾ। ਸੱਭਨਾਂ ਨੂੰ ‘ਮਾਂ-ਦਿਵਸ’ ਦੀ ਬਹੁਤ-ਬਹੁਤ ਵਧਾਈ ਹੋਵੇ।

RELATED ARTICLES

ਗ਼ਜ਼ਲ

POPULAR POSTS