ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵਲੋਂ 10 ਅਕਤੂਬਰ ਐਤਵਾਰ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਪਿਛਲੇ ਕੁੱਝ ਸਮੇਂ ਵਿੱਚ ਹੀ ਤੀਸਰਾ ਸ਼ੋਅ ਬਹੁਤ ਹੀ ਸਫਲਤਾ ਨਾਲ ਕੀਤਾ। ਇਹ ਸ਼ੋਅ ਸ਼ਹੀਦ ਭਗਤ ਸਿੰਘ ਅਤੇ ਪੰਜਾਬੀ ਨਾਟਕਾਂ ਦੇ ਸ਼ਾਹ-ਅਸਵਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਸੀ। ਨਾਟਕ ‘ਕੰਧਾਂ ਰੇਤ ਦੀਆਂ’ ਨੂੰ ਇੰਂਨਾਂ ਵੱਡਾ ਹੁੰਗਾਰਾ ਮਿਲਣਾ ਇਹ ਸਿੱਧ ਕਰਦਾ ਹੈ ਕਿ ਲੋਕ ਉਸ ਨਾਟਕ ਨੂੰ ਪਸੰਦ ਕਰਦੇ ਕਰਦੇ ਹਨ ਜਿਸ ਵਿੱਚ ਉਹਨਾਂ ਦੀ ਜਿੰਦਗੀ ਨਾਲ ਸਬੰਧਤ ਕੋਈ ਗੱਲ ਪੇਸ਼ ਕੀਤੀ ਹੋਵੇ। ਨਾਟਕ ‘ਕੰਧਾਂ ਰੇਤ ਦੀਆਂ’ ਨੂੰ ਦਰਸ਼ਕਾਂ ਵਲੋਂ ਸੱਚਮੁੱਚ ਹੀ ਭਰਵਾਂ ਹੁੰਗਾਰਾਂ ਮਿਲਿਆ ਤੇ ਸ਼ੋਅ ਵਿੱਚ ਦਰਸ਼ਕ ਖੜੇ ਹੋ ਕੇ ਤਾੜੀਆਂ ਮਾਰਦੇ ਰਹੇ। ਇਸ ਨਾਟਕ ਦੀ ਤੀਸਰੀ ਪੇਸ਼ਕਾਰੀ ਦੀ ਰਿਕਾਰਡ ਤੋੜ ਸਫਲਤਾ ਇਸ ਗੱਲ ਤੋਂ ਸਾਫ ਝਲਕਦੀ ਹੈ ਕਿ ਜੀ ਟੀ ਏ ਵਿੱਚ ਪਿਛੇ ਥੋੜੇ ਸਮੇਂ ਵਿੱਚ ਹੀ ਤੀਸਰਾ ਸ਼ੋਅ ਹੋਣ ਦੇ ਬਾਵਜੂਦ ਹਾਊਸ ਫੁੱਲ ਸੀ ਤੇ ਬਹੁਤ ਸਾਰੇ ਨਾਟਕ- ਪਰੇਮੀਆਂ ਨੂੰ ਟਿਕਟਾਂ ਨਾ ਮਿਲਣ ਕਾਰਣ ਨਿਰਾਸ਼ ਵਾਪਸ ਮੁੜਨਾ ਪਿਆ।
ਇਹ ਨਾਟਕ ਕਮਿਊਨਿਟੀ ਦੀ ਭਖਦੀ ਸਮੱਸਿਆ ਵਿਆਹਾਂ ਤੇ ਕੀਤਾ ਜਾ ਰਿਹਾ ਬੇਲੋੜਾ ਖਰਚਾ ਬਾਰੇ ਹੈ। ਆਪਣਾ ਨੱਕ ਰੱਖਣ, ਦੁਨੀਆਂ ਕੀ ਕਹੂ? ਆਪਣੀ ਫੋਕੀ ਟੌਹਰ ਬਣਾਉਣ ਜਾਂ ਬੱਲੇ ਬੱਲੇ ਕਰਵਾਉਣ ਲਈ ਵਿਆਹਾਂ ਤੇ ਆਪਣੇ ਮਿਹਨਤ ਨਾਲ ਕਮਾਏ ਹੋਏ ਡਾਲਰ ਖਰਚ ਕੇ ਆਪਣੀ ਫੋਕੀ ਸ਼ੁਹਰਤ ਲਈ ਆਪਣਾ ਕਚੂੰਬਰ ਕੱਢਣਾ ਸਾਡੀ ਸਿਆਣਪ ਨਹੀਂ ਬੇ-ਅਕਲੀ ਦੀ ਨਿਸ਼ਾਨੀ ਹੈ।ਵਿਤੋਂ ਵੱਧ ਖਰਚ ਕਰਨ ਦਾ ਰਿਵਾਜ ਦਿਨੋਂ ਦਿਨ ਵਧ ਰਿਹਾਂ ਹੈ। ਵਾਧੂ ਕੀਤਾ ਇਹ ਖਰਚਾਂ ਬਹੁਤ ਵਾਰੀ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਕਲੇਸ਼ ਦਾ ਕਾਰਨ ਬਣਦਾ ਹੈ। ਇਸ ਦੇ ਨਾਲ ਹੀ ਅਜਿਹੇ ਸਮਾਗਮਾਂ ਤੇ ਅਥਾਹ ਖਰਚਾ ਕਰਨਾ ਖੁਸ਼ੀ ਪਰਾਪਤ ਕਰਨ ਦੀ ਗਰੰਟੀ ਵੀ ਨਹੀਂ ਹੈ। ਬੱਚਿਆਂ ਦੇ ਵਿਆਹ ਤੇ ਬੇਤਹਾਸ਼ਾ ਖਰਚ ਕਰ ਕੇ ਅਸੀਂ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਵੇਖਣ ਦੀ ਇੱਛਾ ਪਾਲ ਕੇ ਗਲਤੀ ਕਰ ਬੈਠਦੇ ਹਾਂ। ਇਹ ਜਿੰਦਗੀ ਦੀ ਸਚਾਈ ਤੋਂ ਕੋਹਾਂ ਦੂਰ ਹੈ। ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰ ਕੇ ਹੀ ਉਹਨਾਂ ਦਾ ਜੀਵਨ ਮਹਿਕਾਂ ਭਰਿਆ ਬਣਾਇਆ ਜਾ ਸਕਦਾ ਹੈ। ਦਰਸ਼ਕਾਂ ਨੂੰ ਇਹ ਸਭ ਕੁੱਝ ਇਸ ਨਾਟਕ ਵਿੱਚ ਦੇਖਣ ਨੂੰ ਮਿਲਿਆ। ਜਾਗੋ ਨਾਲ ਸ਼ੁਰੂ ਹੋਇਆ ਇਹ ਨਾਟਕ ਕਨੇਡਾ ਦੇ ਵਿਆਹਾਂ ਦੀ ਨਵੀਂ ਜਾਗੋ ‘ਘੱਟ ਖਰਚੇ’ ਕਰਨ ਦਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ।
ਹਰਪਰੀਤ ਸੇਖਾ ਦੀ ਕਹਾਣੀ ਤੇ ਪਰਮਜੀਤ ਗਿੱਲ ਦੁਆਰਾ ਰੂਪਾਂਤਰਤ ਅਤੇ ਓਕਾਂਰਪਰੀਤ ਦੇ ਗੀਤਾਂ ਨਾਲ ਸਜਾਏ ਇਸ ਨਾਟਕ ਵਿੱਚ ਸਰਬਜੀਤ ਅਰੋੜਾ ਦੀ ਨਿਰਦੇਸ਼ਨਾਂ ਵਿੱਚ ਜਗਵਿੰਦਰ ਜੱਜ, ਜਸਲੀਨ, ਮਨਦੀਪ, ਜਸਲੀਨ, ਹਰਮਿੰਦਰ ਗਰੇਵਾਲ, ਪੂਨਮ ਤੱਗੜ, ਪ੍ਰੀਤ ਸੰਘਾ, ਰਮਨ ਵਾਲੀਆ, ਪਲਵਿੰਦਰ ਸੇਠੀ ਤ ੇਅਮਰਵੀਰ ਗਿੱਲ ਤੋਂ ਬਿਨਾਂ ਤਰਨਜੀਤ ਸੰਧੂ, ਨੀਤੂ ਸੰਧੂ, ਗੁਰਵਿੰਦਰ ਢਿੱਲੋਂ ਆਦਿ ਸੁਲਝੇ ਕਲਾਕਾਰਾਂ ਨੇ ਆਪਣਾ ਕਲਾ ਦਾ ਲੋਹਾ ਮਨਵਾਇਆ। ਪਰਬੰਧਕਾਂ ਲਈ ਮਾਣ ਵਾਲੀ ਗੱਲ ਸੀ ਕਿ ਦਰਸ਼ਕਾਂ ਵਿੱਚ ਸਾਡੇ ਫੈਡਰਲ ਮੰਤਰੀ ਅਮਰਜੀਤ ਸੋਹੀ ਆਪਣੀ ਧਰਮਪਤਨੀ ਸਰਬਜੀਤ ਸੋਹੀ ਸਮੇਤ ਹਾਜ਼ਰ ਸਨ। ਨਾਟਕ ਦੇ ਅੰਤ ਤੇ ਅਮਰਜੀਤ ਸੋਹੀ ਨੇ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਪਰਬੰਧਕਾਂ ਬਲਜਿੰਦਰ ਲੇਲਣਾ, ਕੁਲਦੀਪ ਰੰਧਾਂਵਾ , ਡਾਇਰੈਕਰ ਸਰਬਜੀਤ ਅਰੋੜਾ ਅਤੇ ਸਮੂਹ ਕਲਾਕਾਰਾ ਦੀ ਪਰਸ਼ੰਸ਼ਾਂ ਕਰਦੇ ਹੋਏ ਉਹਨਾਂ ਨੂੰ ਅਜਿਹਾ ਵਧੀਆ ਨਾਟਕ ਪੇਸ਼ ਕਰਨ ਲਈ ਵਧਾਈ ਦਿੱਤੀ। ਨਾਟਕ ਦੀ ਸਫਲਤਾ ਹਾਲ ਵਿੱਚੋਂ ਬਾਹਰ ਆਉਂਦੇ ਦਰਸ਼ਕਾਂ ਦੇ ਚਹਰਿਆਂ ਤੋਂ ਸਾਫ ਦਿਸਦੀ ਸੀ ਅਤੇ ਪਰਬੰਧਕ ਇੰਨੇ ਉਤਸ਼ਾਹਤ ਸਨ ਕਿ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਜਲਦੀ ਹੀ ਉਹ ਇਸ ਨਾਟਕ ਦੇ ਸ਼ੋਅ ਹੋਰ ਸ਼ਹਿਰਾਂ ਵਿੱਚ ਵੀ ਕਰਨਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …