21.8 C
Toronto
Wednesday, May 20, 2026
spot_img
Homeਕੈਨੇਡਾਸੂਬਾ ਸਰਕਾਰ ਦੇ ਵੱਕਾਰੀ 'ਓਨਟਾਰੀਓ ਸੀਨੀਅਰਜ਼ ਲਾਈਫ਼ਟਾਈਮ ਅਚੀਵਮੈਂਟ ਐਵਾਰਡ' ਤੋਂ ਬਾਅਦ ਕਿਰਪਾਲ...

ਸੂਬਾ ਸਰਕਾਰ ਦੇ ਵੱਕਾਰੀ ‘ਓਨਟਾਰੀਓ ਸੀਨੀਅਰਜ਼ ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਤੋਂ ਬਾਅਦ ਕਿਰਪਾਲ ਸਿੰਘ ਪੰਨੂੰ ਨੂੰ ਦੋਸਤਾਂ ਨੇ ਕੀਤਾ ਸਨਮਾਨਿਤ

ਬਰੈਂਪਟਨ/ਡਾ. ਝੰਡ : ਓਨਟਾਰੀਓ ਸੂਬਾ ਸਰਕਾਰ ਵੱਲੋਂ ਪਿਛਲੇ ਮਹੀਨੇ 25 ਜੂਨ ਨੂੰ ‘ਓਨਟਾਰੀਓ ਸੀਨੀਅਰਜ਼ ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਦੇ ਵੱਕਾਰੀ ਇਨਾਮ ਨਾਲ ਕਿਰਪਾਲ ਸਿੰਘ ਪੰਨੂੰ ਨੂੰ ਸਨਮਾਨਿਤ ਕੀਤਾ ਗਿਆ। ਇਸ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਨਜ਼ਦੀਕੀ ਦੋਸਤ ਪੂਰਨ ਸਿੰਘ ਪਾਂਧੀ ਵੱਲੋਂ ਆਪਣੇ ਗ੍ਰਹਿ ਵਿਖੇ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਦੀ ‘ਮਿੱਤਰ-ਮੰਡਲੀ’ ਦੇ ਨੇੜਲੇ ਸਾਥੀ ਪਰਿਵਾਰਾਂ ਸਮੇਤ ਸ਼ਾਮਲ ਹੋਏ। ਲੰਘੇ ਐਤਵਾਰ 13 ਜੁਲਾਈ ਨੂੰ ਇਸ ਮੌਕੇ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ਨੂੰ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਾਂਧੀ ਸਾਬ੍ਹ ਦੇ ਪਰਿਵਾਰ ਵੱਲੋਂ ਕਿਰਪਾਲ ਸਿੰਘ ਪੰਨੂੰ ਨੂੰ ਅਤੇ ਇੰਜੀ. ਈਸ਼ਰ ਸਿੰਘ ਚਾਹਲ ਜਿਨ੍ਹਾਂ ਨੇ ਪੰਨੂੰ ਹੋਰਾਂ ਦਾ ‘ਬਾਇਓ-ਡਾਟਾ’ ਬੜੇ ਭਾਵਪੂਰਤ ਸ਼ਬਦਾਂ ਵਿੱਚ ਅੰਗਰੇਜ਼ੀ ਵਿੱਚ ਤਿਆਰ ਕਰਕੇ ਓਨਟਾਰੀਓ ਸਰਕਾਰ ਨੂੰ ਭੇਜਿਆ ਸੀ, ਨੂੰ ਸ਼ਾਨਦਾਰ ਸ਼ਾਲ ਤੇ ਦਸਤਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਰਵਣ ਸਿੰਘ ਨੇ ਸੰਖੇਪ ਵਿੱਚ ਪੰਨੂੰ ਸਾਬ੍ਹ ਦੇ ਜੀਵਨ ਅਤੇ ਪ੍ਰਾਪਤੀਆਂ ਸਬੰਧੀ ਪੰਛੀ-ਝਾਤ ਪਾਉਂਦਿਆਂ ਉਨ੍ਹਾਂ ਦੀ ਲਗਨ, ਸਖ਼ਤ ਮਿਹਨਤ ਅਤੇ ਸੰਘਰਸ਼ਮਈ ਜੀਵਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੰਨੂੰ ਸਾਬ੍ਹ ਦੇ 75’ਵੇਂ ਜਨਮ-ਦਿਨ ‘ਤੇ ਉਨ੍ਹਾਂ ਬਾਰੇ ਵੱਖ-ਵੱਖ ਵਿਦਵਾਨਾਂ ਦੁਆਰਾ ਲਿਖੇ ਗਏ ਆਰਟੀਕਲਾਂ ਨੂੰ ਉਨ੍ਹਾਂ ਵੱਲੋਂ ਸੰਪਾਦਿਤ ਕਰਕੇ ‘ਕੰਪਿਊਟਰ ਧਨੰਤਰ- ਸ. ਕਿਰਪਾਲ ਸਿੰਘ ਪੰਨੂੰ’ ਨਾਮਕ ਅਭਿਨੰਦਨ-ਗ੍ਰੰਥ ਦੇ ਰੂਪ ਵਿੱਚ ਲੋਕ-ਅਰਪਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੰਪਿਊਟਰ ਸਬੰਧੀ ਪੰਨੂੰ ਹੋਰਾਂ ਵੱਲੋਂ ਕੀਤਾ ਗਿਆ ਕੰਮ ਕਿਸੇ ਸੰਸਥਾ ਤੋਂ ਘੱਟ ਨਹੀਂ ਹੈ।
ਪੰਨੂੰ ਸਾਬ੍ਹ ਬਾਰੇ ਗੱਲ ਕਰਦਿਆਂ ਪੂਰਨ ਸਿੰਘ ਪਾਂਧੀ ਨੇ ਕਿਹਾ ਕਿ ਪੰਨੂੰ ਸਾਬ੍ਹ ਜਦੋਂ ਕੈਨੇਡਾ ਆਏ ਸਨ ਤਾਂ ਉਨ੍ਹਾਂ ਦਾ ਇੱਕ ਲੇਖ ਅਖ਼ਬਾਰ ਵਿੱਚ ਛਪਿਆ ਸੀ। ਉਸ ਸਮੇਂ ਉਨ੍ਹਾਂ ਨੂੰ ਪੰਨੂੰ ਹੋਰਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਪਰ ਅਖ਼ਬਾਰ ਵਿੱਚੋਂ ਉਹ ਲੇਖ ਪੜ੍ਹ ਕੇ ਉਨ੍ਹਾਂ ਨੇ ਫ਼ੋਨ ‘ਤੇ ਪੰਨੂੰ ਕੋਲ ਉਸ ਲੇਖ ਦੀ ਭਰਪੂਰ ਪ੍ਰਸ਼ੰਸਾ ਕੀਤੀ ਜੋ ਬਾਅਦ ਵਿੱਚ ਗੂੜ੍ਹੀ ਮਿੱਤਰਤਾ ਵਿੱਚ ਤਬਦੀਲ ਹੋ ਗਈ। ਗੁਰਦੇਵ ਸਿੰਘ ਮਾਨ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਪਾਂਧੀ ਦੇ ਸੰਪਰਕ ਵਿਚ ਆਉਣ ਕਰਕੇ ਉਨ੍ਹਾਂ ਦੀ ਪੰਨੂੰ ਸਾਬ੍ਹ ਦੀ ਬਾ-ਕਮਾਲ ਸ਼ਖ਼ਸੀਅਤ ਦੇ ਨਾਲ ਨੇੜਤਾ ਹੋਣ ਦਾ ਸਬੱਬ ਬਣੀ। ਮਲੂਕ ਸਿੰਘ ਕਾਹਲੋਂ ਨੇ ਕਿਹਾ ਕਿ ਪੰਨੂੰ ਸਾਬ੍ਹ ਨੇ ਪੰਜਾਬੀ ਦੇ ਫ਼ੌਂਟਸ ਵਿੱਚ ਬਾ-ਕਮਾਲ ਕੰਮ ਕੀਤਾ ਹੈ ਅਤੇ ਬਰੈਂਪਟਨ ਵਿੱਚ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਕੰਪਿਊਟਰ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ ਜਿਸ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਹੋਇਆ ਅਤੇ ਸੀਨੀਅਰਾਂ ਨੂੰ ਤਾਂ ਇਹ ਖ਼ਾਸ ਤੌਰ ‘ਤੇ ਹੀ ਹੋਇਆ। ਉਨ੍ਹਾਂ ਕਿਹਾ ਕਿ ਪੰਨੂੰ ਸਾਬ੍ਹ ਦੀ ਸੰਗਤ ਵਿਚ ਆ ਕੇ ਉਨ੍ਹਾਂ ਨੇ ਕੇਵਲ ਕੰਪਿਊਟਰ ਹੀ ਨਹੀ, ਹੋਰ ਵੀ ਬੜਾ ਕੁਝ ਸਿੱਖਿਆ ਹੈ।
ਇੰਜੀਨੀਅਰ ਈਸ਼ਰ ਸਿੰਘ ਨੇ ਕਿਹਾ ਕਿ ਉਹ ਵੀ ਕੰਪਿਊਟਰ ਦੀਆਂ ਕਲਾਸਾਂ ਵਿੱਚ ਪੰਨੂੰ ਸਾਬ੍ਹ ਦੇ ਨੇੜੇ ਹੋ ਗਏ ਤੇ ਫਿਰ ਉਹ ‘ਉਨ੍ਹਾਂ ਦੇ’ ਹੀ ਹੋ ਕੇ ਰਹਿ ਗਏ। ਉਨ੍ਹਾਂ ਕਿਹਾ ਕਿ ਪੰਨੂੰ ਹੋਰਾਂ ਦਾ ਸੁਭਾਅ ਕੁਝ ਸਖ਼ਤ ਹੈ। ਇਸਦੀ ਉਦਾਹਰਣ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੰਪਿਊਪਰ ਸਿੱਖਦਿਆਂ ਉਨ੍ਹਾਂ ਕੋਲੋਂ ਜਦੋਂ ਸੁਭਾਵਿਕ ਹੀ ਦੋ-ਤਿੰਨ ਵਾਰ ਗ਼ਲਤੀ ਹੋ ਗਈ ਤਾਂ ਪੰਨੂੰ ਸਾਬ੍ਹ ਨੇ ਕਿਹਾ, ”ਜਾਂ ਗ਼ਲਤੀਆਂ ਕਰਨੀਆਂ ਛੱਡ ਦੇ ਤੇ ਜਾਂ ਫਿਰ ਮੈਨੂੰ ਛੱਡ ਦੇ।” ਤਾਂ ਉਨ੍ਹਾਂ ਨੇ ਅੱਗੋਂ ਕਿਹਾ, ”ਮੈਂ ਗ਼ਲਤੀਆਂ ਕਰਨੀਆਂ ਤਾਂ ਛੱਡ ਸਕਦਾ ਹਾਂ, ਪਰ ਤੁਹਾਨੂੰ ਨਹੀਂ।” ਉਨ੍ਹਾਂ ਦੱਸਿਆ ਕਿ ਕੰਪਿਊਟਰ ਸਿਖਾਉਣ ਦਾ ਕੰਮ ਪੰਨੂੰ ਸਾਬ੍ਹ ਬੜੀ ਦ੍ਰਿੜ੍ਹਤਾ ਤੇ ਲਗਨ ਨਾਲ ਕਰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਪੰਨੂੰ ਲਈ ਸੀਨੀਅਰਜ਼ ਐਵਾਰਡ ਦਾ ਕੇਸ ਤਿਆਰ ਕਰਨ ਲਈ ਉਨ੍ਹਾਂ ਨੇ ਕਾਫ਼ੀ ਲੰਮਾਂ ਸਮਾਂ ਕੰਮ ਕੀਤਾ ਅਤੇ ਇਸ ਦੇ ਨਾਲ ਉਹ ਪੰਨੂੰ ਪ੍ਰਤੀ ਆਪਣੀ ‘ਰਿਣ-ਪੂਰਤੀ’ ਕੁਝ ਹੱਦ ਤੀਕ ਕਰ ਪਾਏ ਹਨ। ਪੰਨੂੰ ਸਾਬ੍ਹ ਦੀ ਧਰਮ-ਪਤਨੀ ਪਤਵੰਤ ਕੌਰ ਨੇ ਇਸ ਮੌਕੇ ਦੱਸਿਆ ਕਿ ਕੰਪਿਊਟਰ ਪ੍ਰਤੀ ਪੰਨੂੰ ਏਨੇ ਸਮਰਪਿਤ ਹਨ ਕਿ ਉਹ ਰੋਟੀ ਵਿੱਚੇ ਹੀ ਛੱਡ ਕੇ ਆਪਣੇ ਵਿਦਿਅਰਥੀਆਂ ਨੂੰ ਸਹਿਜ ਤੇ ਠਰੰਮੇਂ ਨਾਲ ਸਮਝਾਉਣ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਉਹ ਸਾਰੇ ਹੀ ਗੁਣ ਹਨ ਜੋ ਇੱਕ ਸੰਪੂਰਨ ਮਨੁੱਖ ਵਿੱਚ ਹੋਣੇ ਚਾਹੀਦੇ ਹਨ। ਇਸ ਮੌਕੇ ਪੰਨੂੰ ਦੇ ਸਪੁੱਤਰ ਹਰਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ, ਉਨ੍ਹਾਂ ਦੀ ਬੇਟੀ ਅਤੇ ਉਨ੍ਹਾਂ ਦੇ ਪਿਤਾ ਜੀ ਨੇ ਇਕੱਠਿਆਂ ਹੀ ਕੰਪਿਊਟਰ ਸਿੱਖਣਾ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨਾਲ ਦੋਸਤਾਂ ਵਾਂਗ ਹੀ ਵਿਹਾਰ ਕਰਦੇ ਹਨ। ਇਸ ਮੌਕੇ ਹਾਜ਼ਰ ਹੋਰ ਮੈਂਬਰਾਂ ਵੱਲੋਂ ਵੀ ਪੰਨੂੰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਅਖ਼ੀਰ ਵਿੱਚ ਪੰਨੂੰ, ਉਨ੍ਹਾਂ ਦੀ ਧਰਮ-ਪਤਨੀ ਪਤਵੰਤ ਕੌਰ ਅਤੇ ਇੰਜੀ. ਈਸ਼ਰ ਸਿੰਘ ਨੂੰ ਸ਼ਾਲ ਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਪਰੋਕਤ ਵਰਨਣ ਸ਼ਖ਼ਸੀਅਤਾਂ ਤੋਂ ਇਲਾਵਾ ਇਸ ਸਮੇਂ ਇਲਾਵਾ ਪਾਂਧੀ ਸਾਬ੍ਹ ਦਾ ਬੇਟਾ ਨਵਤੇਜ ਸਿੰਘ, ਡਾ. ਗੁਰਚਰਨ ਸਿੰਘ ਸਿੰਘ ਤੇ ਉਨ੍ਹਾਂ ਦੀਆਂ ਧਰਮ-ਪਤਨੀਆਂ ਵੀ ਸ਼ਾਮਲ ਸਨ।
ਪੰਨੂੰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੇ ਬਾਪ, ਘਰ ਵਾਲੀ, ਪਰਿਵਾਰਕ ਮੈਂਬਰਾਂ ਤੇ ਦੋਸਤਾਂ-ਮਿੱਤਰਾਂ ਦੀ ਬਦੌਲਤ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਦੇ ਸ਼ੁਕਰਗ਼ੁਜ਼ਾਰ ਹਨ, ਵਿਸ਼ੇਸ਼ ਕਰਕੇ ਇੰਜੀ. ਈਸ਼ਰ ਸਿੰਘ ਦੇ ਜਿਨ੍ਹਾਂ ਨੇ ਉਹਨਾਂ ਦੇ ਕੰਮ ਦੀ ਮਹੱਤਤਾ ਸਮਝਦੇ ਹੋਏ ਇਸ ਸਬੰਧੀ ਸਾਰਾ ਕੇਸ ਤਿਆਰ ਕੀਤਾ ਤੇ ਉਹ ਇਸ ਐਵਾਰਡ ਦੇ ਯੋਗ ਹੋ ਸਕੇ ਹਨ। ਅਖ਼ੀਰ ਵਿੱਚ ਸਾਰਿਆਂ ਨੇ ਘਰ ਵਿਚ ਤਿਆਰ ਕੀਤੇ ਗਏ ਸੁਆਦਲੇ ਖਾਣੇ ਦਾ ਅਨੰਦ ਲਿਆ।

 

 

RELATED ARTICLES
POPULAR POSTS