Breaking News
Home / ਕੈਨੇਡਾ / ਡਾਇਬਟੀਜ਼ ਅਤੇ ਮੋਟਾਪੇ ਦੀ ਰੋਕਥਾਮ ਲਈ ਸੋਨੀਆ ਸਿੱਧੂ ਵਲੋਂ ਨਵੀਂ ਫੰਡਿੰਗ ਦਾ ਐਲਾਨ

ਡਾਇਬਟੀਜ਼ ਅਤੇ ਮੋਟਾਪੇ ਦੀ ਰੋਕਥਾਮ ਲਈ ਸੋਨੀਆ ਸਿੱਧੂ ਵਲੋਂ ਨਵੀਂ ਫੰਡਿੰਗ ਦਾ ਐਲਾਨ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰਿਜਨ ਦੇ ਵਸਨੀਕ ਡਾਇਬਟੀਜ਼, ਦਿਮਾਗ਼ੀ ਬੀਮਾਰੀਆਂ ਅਤੇ ਬਚਪਨ ਦੇ ਮੋਟਾਪੇ ਨਾਲ ਬੁਰੀ ਤਰ੍ਹਾਂ ਜੂਝ ਰਹੇ ਹਨ। ਇਹ ਬੀਮਾਰੀਆਂ ਅੱਜ ਮਰੀਜ਼ਾਂ ਅਤੇ ਕੈਨੇਡਾ ਦੇ ਹੈੱਲਥ ਕੇਅਰ ਸਿਸਟਮ ਲਈ ਗੰਭੀਰ ਸੰਕਟ ਬਣੀਆਂ ਹੋਈਆਂ ਹਨ ਅਤੇ ਇਸ ਸੰਕਟ ਦੇ ਸਮਾਧਾਨ ਦੀ ਸਖ਼ਤ ਜ਼ਰੂਰਤ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਲੰਘੇ ਮੰਗਲਵਾਰ 24 ਜੁਲਾਈ ਨੂੰ ਸੇਂਟ ਮਾਈਕਲ ਹਸਪਤਾਲ, ਜਿੱਥੇ ਤਿੰਨ ਮੁੱਖ ਖੋਜ-ਪ੍ਰਾਜੈੱਕਟ ਸ਼ੁਰੂ ਕੀਤੇ ਜਾ ਰਹੇ ਹਨ, ਦੇ ਦੌਰੇ ਸਮੇਂ ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡੀਅਨ ਇੰਸਟੀਚਿਊਟ ਆਫ਼ ਹੈੱਲਥ ਸਾਇੰਸਜ਼ ਰਾਹੀਂ 9.3 ਮਿਲੀਅਨ ਰਾਸ਼ੀ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ। ‘ਆਈਨੋਵੇਟਿਵ ਕਲਿਨੀਕਲ ਟਰਾਇਲਜ਼ ਇਨੀਸ਼ੀਏਟਿਵ’ ਨਾਮਕ ਇਸ ਪ੍ਰੋਗਰਾਮ ਹੇਠ ਸਹਿਯੋਗੀਆਂ ਵੱਲੋਂ ਪ੍ਰਾਪਤ ਹੋਣ ਵਾਲੀ 13.3 ਮਿਲੀਅਨ ਵਧੀਕ ਫ਼ੰਡਿਗ ਸਮੇਤ ਕੁਲ 22.6 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾ ਰਹੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਰਕਮ ਇਸ ਸਾਲ ਮਈ ਮਹੀਨੇ ਵਿਚ ਸੋਨੀਆ ਸਿੱਧੂ ਵੱਲੋਂ ਡਾਇਬਟੀਜ਼ ਦੀ ਖੋਜ ਲਈ ਖ਼ਰਚ ਕੀਤੀ ਜਾਣ ਵਾਲੀ 7.7 ਮਿਲੀਅਨ ਡਾਲਰ ਰਾਸ਼ੀ ਤੋਂ ਵੱਖਰੀ ਹੈ। ਇਹ ਰਕਮ ਟਾਈਪ-1 ਡਾਇਬਟੀਜ਼ ਵਾਲੇ ਮਰੀਜ਼ਾਂ ਦੇ ਇਲਾਜ ਲਈ ਚੱਲ ਰਹੇ ਟਰਾਇਲਜ਼ ਲਈ ਹੈ। ਇਸ ਦੇ ਨਾਲ ਹੀ ਲੋੜ ਤੋਂ ਵਧੇਰੇ ਭਾਰ ਅਤੇ ਮੋਟਾਪੇ ਵਾਲੇ ਬੱਚਿਆਂ ਦਾ ਟਾਈਪ-2 ਡਾਇਬਟੀਜ਼ ਦੀ ਪਕੜ ਵਿਚ ਆਉਣ ਦਾ ਵਧੇਰੇ ਖ਼ਦਸ਼ਾ ਹੈ। ਸੋਨੀਆ ਸਿੱਧੂ ਨੇ ਹਾਊਸ ਆਫ਼ ਕਾਮਜ਼ ਵਿਚ ‘ਚਾਈਲਡ ਹੈੱਲਥ ਪ੍ਰੋਟੈੱਕਸ਼ਨ ਐਕਟ’ ਸਬੰਧੀ ਬਿੱਲ-228 ਦਾ ਸਮੱਰਥਨ ਕੀਤਾ। ਇਹ ਬਿੱਲ ‘ਫ਼ੂਡ ਅਤੇ ਡਰੱਗ ਐਕਟ’ ਵਿਚ ਸੋਧ ਕਰਨ ਲਈ ਬੱਚਿਆਂ ਲਈ ਫ਼ੂਡ ਅਤੇ ਬੀਵਰੇਜ ਦੀ ਵਰਤੋਂ ਅਤੇ ਮਾਰਕੀਟਿੰਗ ਸਬੰਧੀ ਸੇਧਤ ਹੋਏਗਾ।ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਨੇ ਕਿਹਾ,”ਸਾਡੀ ਕਮਿਊਨਿਟੀ ਵਿਚ ਬੱਚਿਆਂ ਦਾਾ ਮੋਟਾਪਾ ਅਤੇ ਡਾਇਬੇਟੀਜ਼ ਦੋਵੇਂ ਹੀ ਗੰਭੀਰ ਮਸਲੇ ਹਨ। ਇਸ ਸਬੰਧੀ ਅੱਜ ਐਲਾਨ ਕੀਤੀ ਗਈ ਫ਼ੰਡਿੰਗ ਦਾ ਮਕਸਦ ਇਨ੍ਹਾਂ ਬੀਮਾਰੀਆਂ ਦੇ ਇਲਾਜ ਨੂੰ ਕੈਨੇਡਾ ਵਿਚ ਫੈਲਾਉਣਾ ਅਤੇ ਇਸ ਦੇ ਨਾਲ ਸਾਰੇ ਦੇਸ਼ ਵਿਚ ਵੱਸਦੀਆਂ ਕਮਿਊਨਿਟੀਆਂ ਦੇ ਲੋਕਾਂ ਦੀ ਸਹਾਇਤਾ ਕਰਨਾ ਹੈ।
ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਲੋਕਾਂ ਨੂੰ ਪੌਸ਼ਟਿਕ ਖ਼ੁਰਾਕ ਅਤੇ ਡਾਇਬਟੀਜ਼ ਤੇ ਹੋਰ ਬੀਮਾਰੀਆਂ ਤੋਂ ਦੂਰ ਰਹਿਣ ਬਾਰੇ ਜਾਣਕਾਰੀ ਵਿਚ ਵਾਧਾ ਕਰਨ ਨਾਲ ਬਰੈਂਪਟਨ-ਵਾਸੀ ਵੀ ਆਪਣਾ ਜੀਵਨ ਸੁਖੀ ਬਤੀਤ ਕਰ ਸਕਣਗੇ। ਗੁਣਾਤਮਿਕ ਹੈੱਲਥ ਕੇਅਰ ਦੇਣ ਸਬੰਧੀ ਸਾਡੀ ਸਰਕਾਰ ਦੀ ਵਚਨ-ਬੱਧਤਾ ਬਰੈਂਪਟਨ-ਵਾਸੀਆਂ ਲਈ ਅਸਲੀ ਤਬਦੀਲੀ ਲਿਆਉਣ ਦਾ ਇਕ ਵਧੀਆ ਤਰੀਕਾ ਹੈ।”

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …