ਬਰੈਂਪਟਨ : ਸੱਚੀ ਗੱਲ ਤਾਂ ਇਹ ਹੈ ਕਿ ਪ੍ਰਾਣੀ ਆਪਣੇ ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੀਕਰ ਜੋ ਸਾਹ ਲੈਣ ਦੇ ਨਾਲ਼-ਨਾਲ਼ ਨਿਰੰਤਰ ਦੂਸਰਾ ਕਾਰਜ ਕਰਦਾ ਹੈ ਉਹ ਹੈ ‘ਸਿੱਖਿਆ’। ਇਸੇ ਲਈ ਕਹਿੰਦੇ ਹਨ ਕਿ ਸਿੱਖਣ ਦੀ ਕੋਈ ਵੀ ਉਮਰ ਨਹੀਂ ਹੁੰਦੀ। ਜਿਹੜਾ ਕੰਮ ਆਪਣੇ ਹੱਥੀਂ ਕਰ ਲਈਦਾ ਹੈ ਉਸਦੀ ਰੀਸ ਹੀ ਕੋਈ ਨਹੀਂ। ਆਪਣੀ ਲੋੜ ਅਨੁਸਾਰ ਕੰਪਿਊਟਰ ਦੀ ਵਰਤੋਂ ਸਿੱਖ ਲੈਣਾ ਕਿਸੇ ਹੱਦ ਤੀਕਰ ਸ੍ਵੈਨਿਰਭਰ ਹੋਣ ਦੇ ਬਰਾਬਰ ਹੈ। ਭਾਰੀ ਪਿਆ ਸਮਾਂ ਖੰਭ ਲਾ ਕੇ ਉੜਨ ਲੱਗ ਜਾਂਦਾ ਹੈ। ਸੰਸਾਰ ਭਰ ਦਾ ਗਿਆਨ ਤੁਹਾਡੇ ਪੋਟਿਆਂ ਉੱਤੇ ਆ ਜਾਂਦਾ ਹੈ। ਇਸ ਦੀ ਲੋੜ ਅਤੇ ਸੀਨੀਅਰਾਂ ਵਿੱਚ ਇਸ ਦਾ ਉਤਸ਼ਾਹ ਸਾਡੇ ਸਾਲਾਂ ਦੇ ਅਨੁਭਵ ਨੇ ਪਰਤੱਖ ਪਰਗਟ ਕਰ ਦਿੱਤਾ ਹੈ। ਸਾਡੇ ਵੱਲੋਂ ਬਰੈਂਪਟਨ, ਟੋਰਾਂਟੋ ਵਿੱਚ ਅੱਠਾਂ ਸਾਲਾਂ ਵਿੱਚ ਅੱਠ ਕਲਾਸਾਂ ਚਲਾਈਆਂ ਜਾ ਚੁੱਕੀਆਂ ਹਨ। ਜਿਨ੍ਹਾਂ ਵਿੱਚ ਹਰ ਸਾਲ ਔਸਤਨ 80 ਸੀਨੀਅਰ ਕੰਪਿਊਟਰ ਦੀ ਸਿੱਖਿਆ ਪ੍ਰਾਪਤ ਕਰਦੇ ਹਨ। ਇਸ ਦੇ ਨਾਲ਼-ਨਾਲ਼ ਇਸ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿੱਚ ਕੰਪਿਊਟਰ ਰਾਹੀਂ ਪੰਜਾਬੀ ਦਾ ਅਧਿਐਨ ਦੀ 7 ਦਿਨ ਚੱਲੀ ਵਰਕਸ਼ਾਪ ਵਿੱਚ ਭਰਪੂਰ ਯੋਗਦਾਨ ਪਾਇਆ ਗਿਆ ਹੈ। ਇਸ ਵਰਕਸ਼ਾਪ ਵਿੱਚ 70 ਤੋਂ ਵੱਧ ਐੱਮ. ਫਿਲ, ਪੀਐੱਚ. ਡੀ ਵਿਦਿਆਰਥੀਆਂ ਅਤੇ ਟੀਚਰਾਂ ਪ੍ਰੋਫੈੱਸਰਾਂ ਨੇ ਭਾਗ ਲਿਆ। ਕੈਂਟਨ, ਮਿਸੀਗਨ ਵਿੱਚ ਵੀ ਇਨ੍ਹਾਂ ਕੰਪਿਊਟਰ ਕਲਾਸਾਂ ਦੇ ਚਲਾਉਣ ਦੀ ਲੋੜ ਪਿਛਲੇ ਸਾਲ ਤੋਂ ਅਨੁਭਵ ਕੀਤੀ ਜਾ ਰਹੀ ਹੈ। ਜੋ ਹੁਣ ਅੱਧ ਮਈ 2016 ਵਿੱਚ ਆਰੰਭ ਕੀਤੀਆਂ ਜਾਣਗੀਆਂ। ਪ੍ਰਬੰਧਕਾਂ ਦਾ ਉਦੇਸ਼ ਧਨ ਕਮਾਉਣਾ ਨਹੀਂ ਸਗੋਂ ਸੇਵਾ ਭਾਵ ਨਾਲ਼ ਸੀਨੀਅਰਾਂ ਨੂੰ ਕੰਪਿਊਟਰ ਦੀ ਸੰਗਤ ਨਾਲ਼ ਜੋੜਨਾ ਹੈ।
ਇਹ ਕਲਾਸਾਂ ਕੈੰਟਨ ਦੇ ਗੁਰਦੁਆਰੇ ਵਿੱਚ ਵੀਕ-ਦਿਨਾਂ ਵਿੱਚ ਲਈ ਚਲਾਈਆਂ ਜਾਣਗੀਆਂ। ਕੁੱਲ 32 ਘੰਟੇ ਦੀ ਸਿਖਲਾਈ ਹੋਵੇਗੀ। ਇਸ ਵਿੱਚ ਕੰਪਿਊਟਰ ਸਬੰਧੀ ਸੰਖੇਪ ਜਾਣਕਾਰੀ, ਟਾਈਪ ਕਰਨਾ, ਮਾਈਕਰੋਸਾਫਟ ਆਫਿਸ ਵਰਡ ਦੀ ਜਾਣ ਪਛਾਣ, ਇੰਟਰਨੈੱਟ, ਈਮੇਲ ਆਦਿ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ਼-ਨਲ਼ ਕੁੱਝ ਪ੍ਰੋਗਰਾਮ ਤੁਹਾਡੀ ਪੈੱਨ ਸਟਿੱਕ ਵਿੱਚ ਮੁਫ਼ਤ ਪਾਏ ਜਾਣਗੇ ਜੋ ਪੰਜਾਬੀ ਟਾਈਪ ਕਰਨ, ਆਪਣੇ ਡਾਕੂਮੈਂਟ ਨੂੰ ਦੋਸ਼ ਮੁਕਤ ਕਰਨ ਅਤੇ ਟ੍ਰਾਂਸਲੇਸ਼ਨ ਕਰਨ ਵਿੱਚ ਬਹੁਤ ਸਹਾਈ ਹੋਣਗੇ। ਸਿੱਖਿਆ ਪੰਜਾਬੀ ਬੋਲੀ ਵਿੱਚ ਦਿੱਤੀ ਜਾਇਗੀ। ਗੱਲ ਕੀ ਇਹ ਸਿਖਲਾਈ ਲੈ ਲੈਣ ਪਿੱਛੋਂ ਸੀਨੀਅਰ ਆਪਣਾ ਕੰਪਿਊਟਰ ਆਪ ਚਲਾਉਣਾ ਸਿੱਖ ਜਾਣਗੇ। ਅੱਗੇ ਜਿਓਂ-ਜਿਓਂ ਅਭਿਆਸ ਦਾ ਗੁੜ ਪਾਈ ਜਾਣਗੇ ਤਿਵੇਂ-ਤਿਵੇਂ ਪ੍ਰਾਪਤੀਆਂ ਦਾ ਮਿਠਾਸ ਵਧਦਾ ਜਾਏਗਾ। ਆਪਣਾ ਨਾਂ ਅੱਜ ਹੀ ਰਜਿਸਟਰ ਕਰਵਾਓ ਅਤੇ ਇਸ ਸਿੱਖਿਆ ਯੱਗ ਦਾ ਭਰਪੂਰ ਲਾਭ ਉਠਾਓ। ਜੇ ਆਪ ਜੀ ਦਾ ਕੋਈ ਰਿਸ਼ਤੇਦਾਰ ਜਾਂ ਜਾਣੂੰ ਸੀਨੀਅਰ (50+) ਕੈਂਟਨ (ਡੈਟਰਾਇਟ ਦੇ ਨੇੜੇ) ਏਰੀਏ ਵਿੱਚ ਰਹਿੰਦਾ ਹੈ ਤਾਂ ਉਸਦੀ ਜਾਣਕਾਰੀ ਵਿੱਚ ਲਿਆਓ। ਸਿੱਖਿਆ ਲਈ ਲੈਪਟਾਪ ਦਾ ਪ੍ਰਬੰਧ ਕੀਤਾ ਜਾਇਗਾ। ਹੋਰ ਪੁੱਛ ਪੜਤਾਲ਼ ਲਈ ਸੰਪਰਕ ਕਰੋ: ਕਿਰਪਾਲ ਸਿੰਘ ਪੰਨੂੰ ਫੋਨ, 1-905-796-0531 (ਬਰੈਂਪਟਨ, ਟੋਰਾਂਟੋ, ਓਨਟਾਰੀਓ)
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …