ਦੋਵਾਂ ਮੁਲਕਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਸਬੰਧੀ ਹੋਈ ਗੱਲਬਾਤ
ਸਿੰਗਾਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਨੇ ਬੁੱਧਵਾਰ ਨੂੰ ਮੁਲਾਕਾਤ ਕਰਕੇ ਰੱਖਿਆ, ਕਾਰੋਬਾਰੀ ਸਹਿਯੋਗ, ਅੱਤਵਾਦ ਰੋਕਣ ਤੇ ਹੋਰ ਆਲਮੀ ਮੁੱਦਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਆਗੂਆਂ ਵੱਲੋਂ ਇਹ ਮੁਲਾਕਾਤ ਪੂਰਬੀ ਏਸ਼ੀਆ ਸੰਮੇਲਨ ਦਰਮਿਆਨ ਕੀਤੀ ਗਈ ਹੈ। ਇਸ ਦੌਰਾਨ ਦੋਵਾਂ ਆਗੂਆਂ ਨੇ ਆਲਮੀ ਮੁੱਦਿਆਂ ਤੋਂ ਇਲਾਵਾ ਦੋਵਾਂ ਮੁਲਕਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਸਬੰਧੀ ਉਸਾਰੂ ਗੱਲਬਾਤ ਕੀਤੀ ਹੈ। ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੈਂਸ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨਾਲ ਸਾਡੇ ਮੁਕਤ ਤੇ ਖੁੱਲ੍ਹੇ ਭਾਰਤ-ਪ੍ਰਸ਼ਾਂਤ ਖੇਤਰ ਅਤੇ ਸੁਰੱਖਿਆ ਤੇ ਅੱਤਵਾਦ ਖ਼ਿਲਾਫ ਸਹਿਯੋਗ ਬਾਰੇ ਵਿਚਾਰਾਂ ਬਾਰੇ ਚਰਚਾ ਕੀਤੀ ਗਈ।’ ਪੈਂਸ ਦੇ ਦਫਤਰ ਵੱਲੋਂ ਜਾਰੀ ਸੂਚਨਾ ਅਨੁਸਾਰ ਉਨ੍ਹਾਂ ਨੇ ਭਾਰਤ ਨਾਲ ਖੁੱਲ੍ਹੇ, ਪਾਰਦਰਸ਼ੀ ਤੇ ਦੁਵੱਲੇ ਕਾਰੋਬਾਰ ਦੇ ਉਤਸ਼ਾਹ ਲਈ ਜ਼ੋਰ ਦਿੱਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਇਹ ਬਹੁਤ ਹੀ ਸ਼ਾਨਦਾਰ ਮੀਟਿੰਗ ਰਹੀ। ਉਨ੍ਹਾਂ ਕਿਹਾ, ‘ਦੋਵਾਂ ਆਗੂਆਂ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ ਤੇ ਆਲਮੀ ਮੁੱਦਿਆਂ ‘ਤੇ ਸਹਿਮਤੀ ਦਿਖਾਈ ਅਤੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਅਗਲੇ ਮਹੀਨਿਆਂ ਤੇ 2019 ਤੱਕ ਅੱਗੇ ਲਿਜਾਣ ਬਾਰੇ ਚਰਚਾ ਕੀਤੀ।’ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਤਵਾਦ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਗਈ ਅਤੇ ਪੈਂਸ ਨੇ 26 ਨਵੰਬਰ ਨੂੰ ਮੁੰਬਈ ਹਮਲਿਆਂ ਦੇ ਦਸ ਸਾਲ ਪੂਰੇ ਹੋਣ ਬਾਰੇ ਗੱਲਬਾਤ ਕੀਤੀ ਤੇ ਅੱਤਵਾਦ ਖ਼ਿਲਾਫ਼ ਇਕੱਜੁਟਤਾ ਦਾ ਪ੍ਰਗਟਾਵਾ ਕੀਤਾ। ਮੋਦੀ ਨੇ ਪੈਂਸ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਵਿਅਕਤੀ ਪਾਕਿਸਤਾਨ ਵਿਚ ਸਿਆਸੀ ਆਗੂ ਬਣਨ ਦੀ ਤਿਆਰੀ ਕਰ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …