ਮੋਦੀ ਪਹਿਲੀ ਪਸੰਦ, ਪਰ ਡਾ. ਮਨਮੋਹਨ ਸਿੰਘ ਚੰਗੇ ਦੋਸਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਮੁਲਕ ਦੇ ਮੁਸਲਮਾਨ ਭਾਈਚਾਰੇ ਦੀ ਕਦਰ ਕਰੇ ਅਤੇ ਉਨ੍ਹਾਂ ਦਾ ਧਿਆਨ ਰੱਖੇ ਜਿਹੜੇ ਆਪਣੇ ਆਪ ਨੂੰ ਮੁਲਕ ਨਾਲ ਜੁੜਿਆ ਹੋਇਆ ਅਤੇ ਭਾਰਤੀ ਮੰਨਦੇ ਹਨ। ਨਵੀਂ ਦਿੱਲੀ ਵਿਚ ਇਕ ਸਮਾਗਮ ਦੌਰਾਨ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਇਹ ਇਕ ਵਿਚਾਰ ਹੈ ਜਿਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਓਬਾਮਾ ਨੇ ਕਿਹਾ ਕਿ 2015 ਵਿਚ ਭਾਰਤ ਦੌਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੰਦ ਕਮਰੇ ਵਿਚ ਉਨ੍ਹਾਂ ਧਾਰਮਿਕ ਸਹਿਣਸ਼ੀਲਤਾ ਅਤੇ ਧਰਮ ਦੀ ਅਜ਼ਾਦੀ ਦੇ ਹੱਕ ‘ਤੇ ਜ਼ੋਰ ਦਿੱਤਾ ਸੀ। ਸਾਲ 2009 ਤੋਂ 2017 ਦਰਮਿਆਨ ਅਮਰੀਕਾ ਦੇ 44ਵੇਂ ਰਾਸ਼ਟਰਪਤੀ ਰਹੇ ਓਬਾਮਾ ਨੇ ਆਪਣੇ ਦੌਰੇ ਦੇ ਆਖਰੀ ਦਿਨ ਲੋਕਾਂ ਨਾਲ ਗੱਲਬਾਤ ਦੌਰਾਨ ਅਜਿਹੇ ਹੀ ਵਿਚਾਰ ਪ੍ਰਗਟਾਏ ਸਨ। ਭਾਰਤ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਓਬਾਮਾ ਨੇ ਮੁਲਕ ਦੀ ਵੱਡੀ ਮੁਸਲਿਮ ਆਬਾਦੀ ਦਾ ਜ਼ਿਕਰ ਕੀਤਾ, ਜੋ ਸਫ਼ਲ, ਜੁੜੀ ਹੋਈ ਅਤੇ ਆਪਣੇ ਆਪ ਨੂੰ ਭਾਰਤੀ ਮੰਨਦੀ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਮੁਲਕਾਂ ਵਿਚ ਅਜਿਹਾ ਨਹੀਂ ਹੈ। ਪਾਕਿਸਤਾਨ ਤੋਂ ਅੱਤਵਾਦ ਫੈਲਣ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਪਾਕਿਸਤਾਨ ਨੂੰ ਉਸਾਮਾ ਬਿਨ ਲਾਦਿਨ ਦੀ ਮੌਜੂਦਗੀ ਬਾਰੇ ਕੁਝ ਵੀ ਪਤਾ ਸੀ ਪਰ ਇਸ ਮੁੱਦੇ ‘ਤੇ ਯਕੀਨੀ ਤੌਰ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।
ਇਸ ਦੌਰਾਨ ਸਵਾਲ-ਜਵਾਬ ਦੌਰ ਵੇਲੇ ਓਬਾਮਾ ਨੇ ਭਾਰਤੀ ਦਾਲ ਅਤੇ ਕੀਮੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਦੇ ਸ਼ੌਕੀਨ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਆਪਣੇ ਸਬੰਧਾਂ ਬਾਰੇ ਵੀ ਖੁਲ੍ਹ ਕੇ ਚਰਚਾ ਕੀਤੀ।
ਉਨ੍ਹਾਂ ਕਿਹਾ,”ਮੈਂ ਮੋਦੀ ਨੂੰ ਪਸੰਦ ਕਰਦਾ ਹਾਂ ਅਤੇ ਮੇਰੇ ਖ਼ਿਆਲ ਨਾਲ ਮੁਲਕ ਲਈ ਉਨ੍ਹਾਂ ਕੋਲ ਨਜ਼ਰੀਆ ਹੈ। ਪਰ ਮੇਰੀ ਡਾਕਟਰ ਮਨਮੋਹਨ ਸਿੰਘ ਨਾਲ ਵੀ ਚੰਗੀ ਮਿੱਤਰਤਾ ਹੈ।” ਉਨ੍ਹਾਂ ਡਾਕਟਰ ਮਨਮੋਹਨ ਸਿੰਘ ਵੱਲੋਂ ਅਰਥਚਾਰੇ ਨੂੰ ਆਧੁਨਿਕ ਰੂਪ ਦੇਣ ਦੀ ਵੀ ਸ਼ਲਾਘਾ ਕੀਤੀ। ઠਓਬਾਮਾ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਟਾਊਨ ਹਾਲ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਅਤੇ ਭਵਿੱਖ ਦੋਵੇਂ ਮੁਲਕਾਂ ਦੇ ਨੌਜਵਾਨਾਂ ‘ਤੇ ਨਿਰਭਰ ਕਰਨਗੇ।
ਉਨ੍ਹਾਂ ਕਿਹਾ ਕਿ ਉਹ ਅਮਰੀਕਾ ਸਮੇਤ ਹੋਰ ਮੁਲਕਾਂ ਵਿਚ ਅਗਲੀ ਪੀੜੀ ਨੂੰ ਜਾਗਰੂਕ ਕਰਨ ਲਈ ਆਪਣਾ ਸਮਾਂ ਬਿਤਾਉਣਗੇ। ਇਸ ਦੇ ਨਾਲ ਭੇਦਭਾਵ ਅਤੇ ਨਸਲੀ ਵਿਤਕਰੇ ਵਾਲੀਆਂ ਤਾਕਤਾਂ ਨਾਲ ਉਨ੍ਹਾਂ ਦੀ ਜੰਗ ਜਾਰੀ ਰਹੇਗੀ।
ਓਬਾਮਾ ਵੱਲੋਂ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਥੇ ਮੁਲਾਕਾਤ ਕੀਤੀ।
ਓਬਾਮਾ ਦਾ ਰਾਸ਼ਟਰਪਤੀ ਵਜੋਂ ਜਨਵਰੀ ਵਿਚ ਕਾਰਜਕਾਲ ਖ਼ਤਮ ਹੋਣ ਮਗਰੋਂ ਦੋਹਾਂ ਆਗੂਆਂ ਦੀ ਇਹ ਪਹਿਲੀ ਮੁਲਾਕਾਤ ਸੀ। ਮੋਦੀ ਨੇ ਟਵੀਟ ਕਰਕੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ‘ਤੇ ਖੁਸ਼ੀ ਜਤਾਈ। ਮੋਦੀ ਨੇ ਕਿਹਾ ਕਿ ਓਬਾਮਾ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੇ ਗਏ ਕੰਮਾਂ ਦੀ ਉਨ੍ਹਾਂ ਜਾਣਕਾਰੀ ਲਈ।

